

੨੦੯. ਮੁਲਤਾਨ ਦਾ ਰਾਜ ਵਿਦਰੋਹ
ਇਸੇ ਸਾਲ ਭਾਦੋਂ ਦੇ ਮਹੀਨੇ ਖ਼ਬਰ ਆਈ ਕਿ ਮੁਲਤਾਨ ਦੇ ਇਲਾਕੇ ਦੇ ਪਠਾਣ ਮਿਲ ਕੇ ਫਸਾਦ ਕਰਨਾ ਚਾਹੁੰਦੇ ਹਨ। ਪਿੰਡ ਰਜਿਆਲ ਦੇ ਲਾਗੇ ਮੁਸਲਮਾਨ ਜਹਾਦ ਲਈ ਇਕੱਠੇ ਹੋ ਰਹੇ ਹਨ ਤੇ ਬਹਿਰਾਮ ਖਾਂ ਮਜ਼ਾਰੀ ਓਹਨਾਂ ਦਾ ਆਗੂ ਬਣਿਆ ਹੈ। ਮੀਰ ਰੁਸਤਮ ਖਾਂ ਸਿੰਧੀਆਂ ਨੇ ਵੀ ਰੁਪਯੇ ਦੀ ਮੱਦਦ ਦਿੱਤੀ ਹੈ। ਹੁਣ ਓਹਨਾਂ ਦੀ ਮਨਸ਼ਾ ਹੈ ਕਿ ਮੁਲਤਾਨ ਤੇ ਹਮਲਾ ਕਰਨ। ਮਹਾਰਾਜਾ ਸਾਹਿਬ ਨੇ ਸਾਵਣ ਮੱਲ ਸੂਬਾ ਮੁਲਤਾਨ ਨੂੰ ਲਿਖਿਆ ਕਿ ਜੇ ਕਦੀ ਤੁਸੀਂ ਪਹਿਲਾਂ ਪ੍ਰਬੰਧ ਕਰਦੇ, ਤਦ ਇਹ ਮਾਮਲਾ ਇੱਥੋਂ ਤੱਕ ਨਹੀਂ ਪੁਜਣਾ ਸੀ। ਹੁਣ ਅਸੀਂ ਫੌਜ ਨਹੀਂ ਭੇਜ ਸਕਦੇ, ਤੁਸੀਂ ਟਾਕਰਾ ਕਰੋ। ਇਹ ਹੁਕਮ ਅੱਪੜਦਿਆਂ ਹੀ ਸਾਵਣ ਮੱਲ ਨੇ ਚੜ੍ਹਾਈ ਕਰ ਦਿੱਤੀ। ਸਾਰੇ ਦੁਸ਼ਮਣਾਂ ਤੇ ਅੱਗ ਵਸਾਣੀ ਸ਼ੁਰੂ ਕਰ ਦਿੱਤੀ, ਜਿਸ ਦਾ ਸਿੱਟਾ ਇਹ ਨਿੱਕਲ੍ਯਾ ਕਿ ਸਾਵਣ ਮੱਲ ਫਤਹਯਾਬ ਹੋਇਆ। ਮਹਾਰਾਜਾ ਨੇ ਇਹ ਖ਼ਬਰ ਸੁਣ ਕੇ ਸਾਵਣ ਮੱਲ ਨੂੰ ਬਹਾਦਰੀ ਦਾ ਖ਼ਿਤਾਬ ਦਿੱਤਾ।
੨੧੦. ਦੀਵਾਨ ਸਾਵਣ ਮੱਲ
ਇਹ ਦੀਵਾਨ ਜਾਤ ਦਾ ਖੱਤਰੀ ਅਕਾਲ ਗੜ੍ਹ ਦਾ ਰਹਿਣ ਵਾਲਾ ਸੀ। ਇਸ ਨੇ ਆਪਣੀ ਯੋਗਤਾ ਤੇ ਬਹਾਦਰੀ ਦੇ ਨਾਲ ਮਹਾਰਾਜਾ ਸਾਹਿਬ ਦੇ ਦਰਬਾਰ ਵਿੱਚ ਚੰਗੀ ਜਗ੍ਹਾ ਪ੍ਰਾਪਤ ਕਰ ਲਈ। ਐਥੋਂ ਤੱਕ ਕਿ ਇਸ ਦੇ ਗੁਣਾਂ ਦੀ ਕਦਰ ਵਿੱਚ ਮਹਾਰਾਜਾ ਨੇ ਇਸ ਨੂੰ ਮੁਲਤਾਨ ਦਾ ਸੂਬਾ ਬਣਾ ਦਿੱਤਾ। ਜਿੱਥੇ ਇਸ ਨੇ ਆਪਣੀ ਦਾਨਾਈ, ਸਿਆਣਪ ਤੇ ਇਨਸਾਫ਼ ਕਰਨ ਦੇ ਕਾਰਨ ਨੌਸ਼ੀਰਵਾਂ ਵਾਂਗ ਮਸ਼ਹੂਰ ਹੋਇਆ। ਇਸ ਦੇ ਸਮੇਂ ਵਿੱਚ ਚੋਰ ਡਾਕੂ ਇਸ ਦੇ ਇਲਾਕੇ ਵਿੱਚ ਜਾਣ ਤੋਂ ਡਰਦੇ ਸਨ। ਸਾਵਣ ਮੱਲ ਦੀ ਦੁਹਾਈ ਸੁਣ ਚੋਰ ਚੋਰੀ ਦਾ ਮਾਲ ਸੁੱਟ ਜਾਂਦੇ ਸਨ। ਸਾਵਣ ਮੱਲ ਦੀ ਇਸ ਤਰ੍ਹਾਂ ਦੀ ਕੀਰਤੀ ਦੇ ਗੀਤ ਅੱਜ ਤੱਕ ਮੁਲਤਾਨ ਦੇ ਲੋਕੀਂ ਗਾਉਂਦੇ ਹਨ। ਇਹ ਮਹਾਰਾਜਾ ਸਾਹਿਬ ਦਾ ਬੜਾ ਫਰਮਾਂਬਰਦਾਰ ਤੇ ਵਫ਼ਾਦਾਰ ਨੌਕਰ ਸੀ। ਕਿੰਤੂ ਸ਼ੋਕ ਹੈ ਕਿ ਇਸ ਦਾ ਲੜਕਾ ਅਜਿਹਾ ਨਾ ਨਿੱਕਲਿਆ, ਸਗੋਂ ਉਸ ਨੇ ਬਗਾਵਤ ਕਰ ਦਿੱਤੀ, ਜਿਸ ਤੋਂ ਓਹਨੂੰ ਦੇਸ ਨਿਕਾਲੇ ਦਾ ਡੰਡ ਮਿਲਿਆ।
੨੧੧. ਕਪਤਾਨ ਬਰਨਸ ਸਾਹਿਬ ਕਾਬਲ ਭੇਜੇ ਗਏ
ਇਸੇ ਸਾਲ ਸਰਕਾਰ ਅੰਗ੍ਰੇਜ਼ੀ ਨੂੰ ਸਫੀਰ ਬਣਾ ਕੇ ਕਾਬਲ ਭੇਜਿਆ। ਇਹ ਸਫੀਰ ਅੱਗੇ ੧੮੩੧ ਈਸਵੀ ਨੂੰ ਬੁਖਾਰਾ ਤੀਕਨ ਹੋ ਆਇਆ ਸੀ। ਇਸੇ ਨੇ ਮਹਾਰਾਜਾ ਸਾਹਿਬ ਵਾਸਤੇ ਇੰਗਲਸਤਾਨ ਦੇ ਬਾਦਸ਼ਾਹ ਵੱਲੋਂ ਤੋਹਫੇ ਆਂਦੇ ਸਨ। ਹੁਣ ਇਹ ਦੋਸਤ ਮੁਹੰਮਦ ਖਾਂ ਅਮੀਰ ਕਾਬਲ ਦੇ ਪਾਸ ਗਿਆ, ਤਾਂ ਜੋ ਵਪਾਰ ਦੀ ਸੁਖੈਨਤਾ ਤੋਂ ਪਿਛਲੇ ਇਕਰਾਰਨਾਮਿਆਂ ਨੂੰ ਪੱਕਾ ਕਰੇ। ਕਿੰਤੂ ਜਦ ਬਰਨਸ ਕਾਬਲ ਪੁੱਜਾ, ਤਦ ਦੋਸਤ ਮੁਹੰਮਦ ਖਾਂ ਇਸ ਨਾਲ ਬੜੀ ਬੇਰੁਖੀ ਨਾਲ ਪੇਸ਼ ਆਇਆ, ਐਥੋਂ ਤੱਕ ਕਿ ਅੰਗ੍ਰੇਜ਼ਾਂ ਨੂੰ ਚਿੜਾਣ ਲਈ ਓਸ ਨੇ ਰੂਸ ਦੇ ਬਾਦਸ਼ਾਹ ਨਾਲ ਗੱਲਬਾਤ ਕਰ ਲਈ ਤੇ ਓਹਨਾਂ ਦਾ ਸਫੀਰ ਵਨਕੋਚ ਕਾਬਲ ਬੁਲਾ ਲਿਆ ਤੇ ਓਹਦਾ ਕਾਬਲ ਵਿੱਚ ਬੜਾ ਸ਼ਾਨਦਾਰ ਸਵਾਗਤ ਕੀਤਾ।
ਦੋਸਤ ਮੁਹੰਮਦ ਖਾਂ ਨੂੰ ਅੰਗ੍ਰੇਜ਼ਾਂ ਦੇ ਵਿਰੁੱਧ ਇੱਕ ਸ਼ਕਾਇਤ ਇਹ ਸੀ ਕਿ ਉਸ ਨੇ ਇਨ੍ਹਾਂ ਨੂੰ ਕਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੰਗ ਕਰ ਕੇ ਮੈਨੂੰ ਪਿਸ਼ਾਵਰ ਲੈ ਦਿਓ। ਮਹਾਰਾਜਾ ਰਣਜੀਤ ਸਿੰਘ ਨਾਲ ਜੰਗ ਕਰਨਾ ਮਖ਼ੌਲ ਨਹੀਂ ਸੀ ਤੇ ਇਹ ਅੰਗ੍ਰੇਜ਼ਾਂ ਦੇ ਲਾਹੌਰ ਦਰਬਾਰ ਨਾਲ ਜੋ ਇਕਰਾਰਨਾਮੇ ਹੋਏ ਹੋਏ ਸਨ, ਓਹਨਾਂ ਦੀ ਮੌਜੂਦਗੀ ਵਿੱਚ ਓਹ ਕੁਝ ਨਹੀਂ ਕਰ ਸਕਦੇ ਸੀ। ਇਸੇ ਦੁੱਖ ਤੋਂ ਦੋਸਤ ਮੁਹੰਮਦ ਖਾਂ ਨੇ ਰੂਸ ਤੋਂ ਸਫੀਰ ਸੱਦ ਕੇ ਓਹਦੀ ਇੱਜ਼ਤ ਕੀਤੀ ਤੇ ਅੰਗ੍ਰੇਜ਼ੀ ਸਫੀਰ ਦਾ ਇੱਕ ਦਿਨ ਦਰਬਾਰ ਦੇ ਵਿੱਚ ਅਪਮਾਨ ਕਰ ਦਿੱਤਾ, ਜਿਸ ਤੋਂ ੧੮੩੮ ਨੂੰ ਬਰਨਸ ਸਾਹਿਬ ਵਾਪਸ ਆ ਗਿਆ।