

ਮਹਾਰਾਜਾ ਖੜਕ ਸਿੰਘ
੧. ਮਹਾਰਾਜਾ ਖੜਕ ਸਿੰਘ ਦਾ ਤਖ਼ਤ ਤੇ ਬੈਠਣਾ
ਮਹਾਰਾਜਾ ਰਣਜੀਤ ਸਿੰਘ ਦੇ ਚਲਾਣਾ ਕਰ ਜਾਣ ਮਗਰੋਂ ਸ਼ਾਹਜ਼ਾਦਾ ਖੜਕ ਸਿੰਘ ਤਖ਼ਤ ਤੇ ਬੈਠਾ ਤੇ ਰਾਜਾ ਧਿਆਨ ਸਿੰਘ ਵਜ਼ੀਰ ਹੋਇਆ। ਕਿੰਤੂ 'ਮਨੁੱਖ ਦੀ ਮਾਇਆ ਤੇ ਬ੍ਰਿਖ ਦੀ ਛਾਇਆ ਨਾਲ ਹੀ ਹੁੰਦੀ ਹੈ' ਵਾਲੀ ਗੱਲ ਹੋਈ। ਲਾਹੌਰ ਦਰਬਾਰ ਨੇ ਜੋ ਤਰੱਕੀ ਤੇ ਉੱਨਤੀ ਸ਼ੇਰੇ ਪੰਜਾਬ ਦੇ ਵੇਲੇ ਕੀਤੀ ਸੀ, ਓਹ ਮਹਾਰਾਜਾ ਸਾਹਿਬ ਦੇ ਨਾਲ ਹੀ ਗਈ। ਓਹ ਹਾਨੀਕਾਰਕ ਸ਼ਕਤੀਆਂ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿਰ ਲੁਕਾਈ ਬੈਠੀਆਂ ਸਨ, ਓਹ ਪ੍ਰਗਟ ਹੋ ਗਈਆਂ ਤੇ ਓਨ੍ਹਾਂ ਸਲਤਨਤ ਵਿੱਚ ਓਹ ਆਪਾ ਧਾਪ ਮਚਾਈ ਤੇ ਪ੍ਰੀਵਰਤਨ ਕੀਤੇ ਕਿ ਸ਼ੇਰੇ ਪੰਜਾਬ ਦੀ ਮੇਹਨਤ, ਜਾਣ ਹੂਲਣੇ ਯਤਨਾਂ ਤੇ ਅਨਥੱਕ ਕੋਸ਼ਿਸ਼ਾਂ ਨਾਲ ਕਾਇਮ ਕੀਤੀ ਸਲਤਨਤ ਅਜੇ ਸ਼ੇਰੇ ਪੰਜਾਬ ਨੂੰ ਅੱਖਾਂ ਮੀਟਿਆਂ ਛੀ ਮਹੀਨੇ ਵੀ ਨਹੀਂ ਗੁਜ਼ਰੇ ਸਨ ਕਿ ਅੰਤਲੇ ਸਵਾਸਾਂ ਤੇ ਆ ਗਈ।
ਮਹਾਰਾਜਾ ਦੇ ਚਲਾਣੇ ਕਰਨ ਮਗਰੋਂ ਛੀ ਮਹੀਨੇ ਸ੍ਰ. ਖੜਕ ਸਿੰਘ ਦੇ ਵੇਲੇ ਬੜਾ ਚੰਗੀ ਤਰ੍ਹਾਂ ਕੰਮ ਚਲਿਆ। ਇਸ ਤੋਂ ਪਿੱਛੋਂ ਜ਼ਮਾਨੇ ਨੇ ਰੰਗ ਬਦਲਿਆ, ਹਰ ਇੱਕ ਦੇ ਦਿਲ ਵਿੱਚ ਫਸਾਦ ਤੇ ਝਗੜੇ ਨੇ ਘਰ ਕਰ ਲਿਆ। ਦਰਬਾਰ ਵਿੱਚ ਧੜੇਬੰਦੀ ਅਤੇ ਇੱਕ ਦੂਜੇ ਦੇ ਵਿਰੁੱਧ ਸਾਜ਼ਸ਼ਾਂ ਦਾ ਚੱਕਰ ਚੱਲ ਪਿਆ। ਵਜ਼ੀਰ ਧਿਆਨ ਸਿੰਘ ਨੂੰ ਆਪਣੇ ਕੀਤੇ ਬਚਨ ਤੇ ਉਠਾਈਆਂ ਹੋਈਆਂ ਸਪਥਾਂ ਭੁੱਲ ਗਈਆਂ ਤੇ ਉਸ ਨੇ ਮਹਾਰਾਜੇ ਦੇ ਹਰ ਕੰਮ ਵਿੱਚ ਰੋਕ ਪਾਣੀ ਤੇ ਆਪਣਾ ਆਪ ਜਿਤਾਣਾ ਸ਼ੁਰੂ ਕਰ ਦਿੱਤਾ।
ਮਹਾਰਾਜਾ ਖੜਕ ਸਿੰਘ ਨੇ ਪਾਣੀ ਨੂੰ ਸਿਰ ਤੋਂ ਲੰਘਦਾ ਵੇਖ ਕੇ ਵਜ਼ੀਰ ਧਿਆਨ ਸਿੰਘ ਨੂੰ ਕਿਹਾ ਕਿ ਤੁਸੀਂ ਹੁਣ ਅੰਦਰ ਮਹਲਾਂ ਵਿੱਚ ਨਾ ਜਾਣਾ। ਇਸ ਤੇ ਤੁਹਾਡੇ ਅਖਤਿਆਰਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਕਰਨ ਦਾ ਖ਼ਿਆਲ ਨਹੀਂ, ਕਿੰਤੂ ਇਹ ਗੱਲ ਸ਼ੋਭਾ ਨਹੀਂ ਦੇਂਦੀ। ਬਾਕੀ ਕੰਮ ਕਾਜ ਜਿਸ ਤਰ੍ਹਾਂ ਅੱਗੇ ਕਰਦੇ ਹੋ ਕਰੀ ਚਲੋ। ਧਿਆਨ ਸਿੰਘ ਆਪਣੀ ਪ੍ਰਕ੍ਰਿਤੀ ਦਾ ਇੱਕ ਮਨੁੱਖ ਸੀ। ਮਹਾਰਾਜਾ ਰਣਜੀਤ ਸਿੰਘ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਸੀ, ਇਹ ਹੀ ਕਾਰਨ ਹੈ ਕਿ ਉਹਨਾਂ ਅੰਤਲੇ ਸਮੇਂ ਮਹਾਰਾਜਾ ਖੜਕ ਸਿੰਘ ਦੀ ਬਾਂਹ ਓਹਦੇ ਹੱਥ ਫੜਾਈ, ਕਿੰਤੂ ਧਿਆਨ ਸਿੰਘ ਇਨ੍ਹਾਂ ਗੱਲਾਂ ਨੂੰ ਕੀ ਸਮਝਦਾ ਸੀ? ਹਰ ਗੱਲ ਵਿੱਚ ਮਹਾਰਾਜਾ ਖੜਕ ਸਿੰਘ ਦੀ ਵਿਰੋਧਤਾ ਕਰਨ ਲੱਗਾ।
ਦਰਬਾਰ ਵਿੱਚ ਇੱਕ ਸਰਦਾਰ ਚੇਤ ਸਿੰਘ ਸੀ, ਇਸ ਦਾ ਮਹਾਰਾਜਾ ਖੜਕ ਸਿੰਘ ਦੇ ਨਾਲ ਸਲੂਕ ਵਧਣ ਲੱਗ ਪਿਆ। ਐਥੋਂ ਤੱਕ ਕਿ ਮਹਾਰਾਜਾ ਨੇ ਓਹਨੂੰ ਆਪਣਾ ਵੱਡਾ ਸਲਾਹਕਾਰ ਬਣਾਇਆ। ਇਹ ਗੱਲ ਧਿਆਨ ਸਿੰਘ ਲਈ ਅਸਹਿ ਸੀ, ਇਸ ਵਾਸਤੇ ਉਸ ਨੇ ਇੱਕ ਨਵੀਂ ਚਾਲ ਚਲੀ। ਓਹ ਚਾਲ ਇਹ ਸੀ ਕਿ ਮਹਾਰਾਜਾ ਖੜਕ ਸਿੰਘ ਦਾ ਲੜਕਾ ਕੰਵਰ ਨੌਨਿਹਾਲ ਉਹਨੀ ਦਿਨੀਂ ਪਿਸ਼ਾਵਰ ਸੀ। ਕੰਵਰ ਬੜਾ ਹੀ ਹੋਣਹਾਰ, ਸਿਆਣਾ ਦੂਰਦਰਸ਼ੀ ਤੇ ਗੱਲ ਸਮਝਣ ਵਾਲਾ ਸੀ। ਉਹ ਸਾਰੇ ਗੁਣ ਜੋ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਵੇਖੇ ਜਾਂਦੇ ਸਨ, ਇਹਦੇ ਵਿੱਚ ਮੌਜੂਦ ਸਨ। ਇਹ ਹੀ ਕਾਰਨ ਹੈ ਕਿ ਸ਼ੇਰੇ ਪੰਜਾਬ ਆਪਣੀ ਜ਼ਿੰਦਗੀ ਵਿੱਚ ਇਸ ਦੇ ਨਾਲ ਬੜਾ ਪਿਆਰ ਕਰਦਾ ਸੀ। ਧਿਆਨ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਤੇ ਆਪਣੇ ਜਾਲ ਦੇ ਡੋਰੇ ਪਾਣੇ ਸ਼ੁਰੂ ਕੀਤੇ ਤੇ ਆਪਣੀ ਇਸ ਚਾਲ ਨਾਲ ਆਪਣੇ ਭਰਾ ਰਾਜਾ ਗੁਲਾਬ ਸਿੰਘ ਨੂੰ ਸ਼ਾਮਲ ਕਰ ਲਿਆ। ਕੰਵਲ ਨੌਨਿਹਾਲ ਸਿੰਘ ਤੇ ਓਹਦੀ ਮਾਤਾ ਨੂੰ ਕੁਝ ਅਜਿਹੀ ਪੱਟੀ ਪੜ੍ਹਾਈ ਕਿ ਦੋਹਾਂ ਨੂੰ ਮਹਾਰਾਜਾ ਖੜਕ ਸਿੰਘ ਦੇ ਵਿਰੁੱਧ ਕਰ ਦਿੱਤਾ। ਮਹਾਰਾਣੀ ਇਹ ਗੱਲ ਮੰਨ ਗਈ ਕਿ ਮੇਰੇ ਪਤੀ ਨੂੰ ਤਖ਼ਤੋਂ ਉਤਾਰ ਦੇਵੋ ਤੇ ਓਸ ਦੀ ਜਗ੍ਹਾ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ ਤੇ ਬਿਠਾ ਦਿੱਤਾ ਜਾਵੇ।