

ਦੂਜੇ ਪਾਸੇ ਧਿਆਨ ਸਿੰਘ ਨੇ ਫੌਜ ਤੇ ਸ਼ਹਿਰ ਵਿੱਚ ਇਹ ਨਿਰਮੂਲ ਗੱਲ ਉਡਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ ਨੇ ਸਰਦਾਰ ਚੇਤ ਸਿੰਘ ਦੀ ਸਲਾਹ ਨਾਲ ਲਾਹੌਰ ਦਰਬਾਰ ਦੀ ਆਮਦਨੀ ਵਿੱਚੋਂ ਛੀ ਆਨੇ ਅੰਗ੍ਰੇਜ਼ਾਂ ਨੂੰ ਦੇਣੇ ਕਰ ਲਏ ਹਨ। ਅੱਵਲ ਤਾਂ ਇਸੇ ਸਾਲ: ਨਹੀਂ ਤਾਂ ਅਗਲੇ ਸਾਲ ਇਨ੍ਹਾਂ ਨੂੰ ਤਖ਼ਤ ਤੋਂ ਅੱਡ ਕਰ ਦਿੱਤਾ ਜਾਵੇਗਾ। ਇਹ ਗੱਲ ਹਰ ਗਲੀ ਤੇ ਕੂਚੇ ਵਿੱਚ ਫੈਲ ਗਈ। ਘਰ ਘਰ ਇਸ ਗੱਲ ਦੀ ਚਰਚਾ ਹੋਣ ਲੱਗੀ। ਇਸ ਗੱਲ ਨੂੰ ਸੁਣਦੇ ਹੀ ਖਾਲਸਾ ਫੌਜ ਤੇ ਸਰਦਾਰ ਸੋਚਾਂ ਵਿੱਚ ਪੈ ਗਏ। ਧਿਆਨ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕਰਨ ਲਈ ਕਈ ਬਨਾਵਟੀ ਖਤ ਜਿਨ੍ਹਾਂ ਤੇ ਮਹਾਰਾਜਾ ਖੜਕ ਸਿੰਘ ਦੀ ਮੋਹਰ ਲਈ ਹੋਈ ਸੀ, ਜੁਮੇਵਾਰ ਤੇ ਮੁਖੀਏ ਸਰਦਾਰਾਂ ਨੂੰ ਵਿਖਾਏ।
੨. ਚੇਤ ਸਿੰਘ ਦਾ ਕਤਲ ਤੇ ਮਹਾਰਾਜਾ ਖੜਕ ਸਿੰਘ ਦੀ ਤਖ਼ਤ ਤੋਂ ਅਲੈਹਦਗੀ
ਜਦ ਧਿਆਨ ਸਿੰਘ ਨੇ ਵੇਖਿਆ ਕਿ ਓਹਦਾ ਜਾਦੂ ਚੱਲ ਗਿਆ ਹੈ, ਤਦ ਇੱਕ ਦਿਨ ਸਵੇਰ ਵੇਲੇ ਜਦ ਕਿ ਅਜੇ ਦੋ ਘੰਟੇ ਰਾਤ ਬਾਕੀ ਸੀ, ਕੰਵਰ ਨੌਨਿਹਾਲ ਸਿੰਘ ਤੇ ਆਪਣੇ ਭਾਈ ਰਾਜਾ ਗੁਲਾਬ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਵਿੱਚ ਜਾ ਵੜਿਆ ਤੇ ਚੇਤ ਸਿੰਘ ਨੂੰ ਕਤਲ ਕਰ ਦਿੱਤਾ। ਇਹ ਗੱਲ ਕੋਈ ਅਸੰਭਵ ਨਹੀਂ ਸੀ ਜੋ ਧਿਆਨ ਸਿੰਘ ਕਸਾਈ ਚੇਤ ਸਿੰਘ ਦੇ ਨਾਲ ਮਹਾਰਾਜਾ ਖੜਕ ਸਿੰਘ ਦਾ ਕੰਮ ਵੀ ਕਰ ਦੇਂਦਾ। ਕਿੰਤੂ ਕੰਵਰ ਨੌਨਿਹਾਲ ਸਿੰਘ ਤੇ ਰਾਣੀ ਚੰਦ ਕੌਰ ਦੇ ਜ਼ੋਰ ਦੇਣ ਤੇ ਓਸ ਨੇ ਇਹ ਕੰਮ ਨਾ ਕੀਤਾ।
ਮਹਾਰਾਜਾ ਖੜਕ ਸਿੰਘ ਇੱਕ ਸੁਧੇ ਸੁਭਾ ਤੇ ਵਾਹਿਗੁਰੂ ਦਾ ਭਗਤ ਸੀ। ਇਨ੍ਹਾਂ ਹਤ੍ਯਾਰਿਆਂ ਦੀ ਇਸ ਕਾਰਵਾਈ ਤੋਂ ਗੁੱਸੇ ਹੋ ਕੇ ਓਹ ਆਪ ਤਖ਼ਤ ਤੋਂ ਅੱਡ ਹੋ ਗਏ ਤੇ ਲੁਹਾਰੀ ਦਰਵਾਜ਼ੇ ਦੀ ਸ਼ਾਹੀ ਹਵੇਲੀ ਵਿੱਚ ਜਾ ਰਹੇ, ਜਿੱਥੋਂ ਵਜ਼ੀਰ ਨੇ ਓਹਨਾਂ ਨੂੰ ਮਰਨ ਪਿੱਛੋਂ ਹੀ ਬਾਹਰ ਨਿੱਕਲਣ ਦਿੱਤਾ।
੩. ਮਹਾਰਾਜਾ ਖੜਕ ਸਿੰਘ ਦਾ ਚਲਾਣਾ
ਮਹਾਰਾਜਾ ਖੜਕ ਸਿੰਘ ਇੱਕ ਸਾਲ ਬੀਮਾਰ ਰਹਿ ਕੇ ੫ ਨਵੰਬਰ ੧੮੪੦ ਸੰਮਤ ੧੮੯੭ ਬਿਕ੍ਰਮੀ ਨੂੰ ੩੮ ਵਰਿਹਾਂ ਦੀ ਆਯੂ ਵਿੱਚ ਇਸ ਦੁਨੀਆਂ ਤੋਂ ਕੂਚ ਕਰ ਗਏ।
ਕਈ ਲੇਖਕਾਂ ਦਾ ਇਹ ਵੀ ਖ਼ਿਆਲ ਹੈ ਕਿ ਰਾਜਾ ਧਿਆਨ ਸਿੰਘ ਨੇ ਹਕੀਮ ਨਾਲ ਮਿਲ ਕੇ ਜਾਣ ਬੁਝ ਕੇ ਇਨ੍ਹਾਂ ਦਾ ਕੰਮ ਤਮਾਮ ਕਰ ਦਿੱਤਾ। ਜੇ ਇਹ ਸੱਚ ਹੋਵੇ ਤਦ ਕੋਈ ਵੱਡੀ ਗੱਲ ਨਹੀਂ, ਕਿਉਂਕਿ ਧਿਆਨ ਸਿੰਘ ਜੇਹੀ ਪ੍ਰਕ੍ਰਿਤੀ ਦੇ ਮਨੁੱਖ ਤੋਂ ਹੋਣਾ ਕੁਝ ਵੀ ਅਸੰਭਵ ਨਹੀਂ ਸੀ।
੪. ਕੰਵਰ ਨੌਨਿਹਾਲ ਸਿੰਘ
ਕੰਵਰ ਨੌਨਿਹਾਲ ਸਿੰਘ ੧੮ ਸਾਲ ਦੀ ਆਯੂ ਵਿੱਚ ਤਖ਼ਤ ਤੇ ਬੈਠਾ। ਇਹ ਇੱਕ ਅਜੇਹਾ ਹੋਣਹਾਰ, ਸਮਝਦਾਰ, ਪ੍ਰਾਕਰਮੀ ਤੇ ਦੂਰਦਰਸ਼ੀ ਸੀ ਕਿ ਇਸ ਦੇ ਸਮੇਂ ਨੇ ਥੋੜ੍ਹੇ ਹੀ ਦਿਨਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਯਾਦ ਕਰਾ ਦਿੱਤਾ। ਕੁਝ ਚਿਰ ਤੋਂ ਜੋ ਨਿਰਾਸ਼ਤਾ ਤੇ ਨਾ ਉਮੈਦੀ ਦੇ ਚਿੰਨ੍ਹ ਪ੍ਰਗਟ ਹੋ ਰਹੇ ਸਨ, ਓਹ ਦੂਰ ਹੋਣ ਲੱਗੇ ਤੇ ਲੋਕਾਂ ਨੂੰ ਫਿਰ ਖਾਲਸਾ ਸਲਤਨਤ ਦੀ ਬ੍ਰਿਧੀ ਦੇ ਚਿੰਨ੍ਹ ਵਿਖਾਈ ਦੇਣ ਲੱਗ ਪਏ ਤੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਹੁਣ ਪੰਜਾਬ ਦਾ ਰਾਜ ਵਿਗੜਨ ਨਹੀਂ ਲੱਗਾ। ਇਸ ਦੇ ਸਮੇਂ ਵਿੱਚ ਮੰਡੀ ਰਿਆਸਤ ਤੇ ਹਮਲਾ ਹੋ ਕਮਲਾਗੜ੍ਹ ਦਾ ਕਿਲ੍ਹਾ ਫਤਹ ਹੋਇਆ। ਇਸ ਨੇ ਇੱਕ ਸਾਲ ਵਿੱਚ ਹੋਰ ਕਈ ਅਜਿਹੇ ਚੰਗੇ ਚੰਗੇ ਕੰਮ ਕੀਤੇ, ਜਿਸ ਤੋਂ ਸਾਰਿਆਂ ਦੇ ਦਿਲਾਂ ਵਿੱਚੋਂ ਉਦਾਸੀ ਉੱਠ ਗਈ। ਕਿੰਤੂ ਵਾਹਿਗੁਰੂ ਨੂੰ ਇਸ ਦਾ ਜੀਉਣਾ ਬਹੁਤ ਦਿਨ ਰੱਖਣਾ ਮਨਜ਼ੂਰ ਨਹੀਂ ਸੀ। ਜੋ ਜਿਸ ਵੇਲੇ ਆਪਣੇ ਪਿਤਾ ਸਰਦਾਰ ਖੜਕ ਸਿੰਘ ਦਾ ਦਾਹ ਕਰਮ ਕਰ ਕੇ ਮੁੜਿਆ ਤੇ ਰਾਜਾ ਗੁਲਾਬ ਸਿੰਘ ਦੇ ਲੜਕੇ ਊਧਮ ਸਿੰਘ ਨਾਲ ਹੱਥ ਵਿੱਚ ਹੱਥ ਮਿਲਾਈ ਕਿਲ੍ਹੇ ਦੇ ਦਰਵਾਜ਼ੇ ਹੇਠ ਆਇਆ, ਤਦ ਉੱਪਰੋਂ ਦੋ ਵੱਡੀਆਂ ਵੱਡੀਆਂ ਸਿਲਾਂ ਅਚਣਚੇਤ ਆ ਪਈਆਂ, ਜਿਨ੍ਹਾਂ ਨਾਲ ਊਧਮ ਸਿੰਘ ਤਾਂ ਉਸੇ ਵੇਲੇ ਚਲਾਣਾ ਕਰ ਗਿਆ ਤੇ ਕੰਵਰ ਸਖ਼ਤ ਫੱਟੜ ਹੋਇਆ। ਇਸ ਨੂੰ ਪਾਲਕੀ ਵਿੱਚ ਪਾ ਕੇ ਕਿਲ੍ਹੇ ਦੇ ਅੰਦਰ ਲੈ ਗਏ।