

ਫਿਰ ਇੱਕ ਵਾਰ ਤੋਪਾਂ ਦੀ ਸਲਾਮੀ ਕੀਤੀ ਗਈ। ਸ਼ਾਹਜ਼ਾਦਾ ਸ਼ੇਰ ਸਿੰਘ ਪਾਸ ਇੰਜ ੫੦ ਹਜ਼ਾਰ ਫੌਜ ਇਕੱਠੀ ਹੋ ਗਈ। ਸੰਧਾਵਾਲੀਏ ਸਰਦਾਰ ਤੇ ਰਾਜਾ ਗੁਲਾਬ ਸਿੰਘ ਕਿਲ੍ਹੇ ਵੱਲ ਗਏ ਤਾਂ ਕਿ ਸ਼ਾਹਜ਼ਾਦੇ ਸ਼ੇਰ ਸਿੰਘ ਦੇ ਹਮਲੇ ਨੂੰ ਰੋਕਿਆ ਜਾਵੇ।
ਉਧਰ ਰਾਣੀ ਚੰਦ ਕੌਰ ਨੂੰ ਸ਼ੇਰ ਸਿੰਘ ਦੇ ਆਉਣ ਦੀ ਖ਼ਬਰ ਮਿਲ ਗਈ। ਉਸ ਨੇ ਕਿਲ੍ਹੇ ਦੀ ਰੱਖਿਆ ਦਾ ਪ੍ਰਬੰਧ ਰਾਜਾ ਗੁਲਾਬ ਸਿੰਘ ਦੇ ਹਵਾਲੇ ਕਰ ਦਿੱਤਾ। ਰਾਜਾ ਗੁਲਾਬ ਸਿੰਘ ਨੇ ਆਪਣੀ ਫੌਜ ਸ਼ਾਹਦਰੇ ਤੋਂ ਸੱਦ ਲਈ ਤੇ ਫਤਹ ਸਿੰਘ ਸੰਧਾਵਾਲੀਏ ਤੇ ਜਮਾਂਦਾਰ ਖੁਸ਼ਹਾਲ ਸਿੰਘ ਦੀ ਫੌਜ ਨੂੰ ਨਾਲ ਲੈ ਕੇ ਕਿਲ੍ਹੇ ਵਿੱਚ ਦਾਖਲ ਹੋ ਗਿਆ ਤੇ ਹਰ ਇੱਕ ਨਾਕੇ ਤੇ ਫੌਜ ਨੀਯਤ ਕਰ ਕੇ ਕਿਲ੍ਹੇ ਵਿੱਚ ਬੈਠ ਸ਼ੇਰ ਸਿੰਘ ਦੇ ਹਮਲੇ ਨੂੰ ਰੋਕਣ ਲਈ ਹਰ ਤਰ੍ਹਾਂ ਤਿਆਰ ਹੋ ਗਿਆ। ਸ਼ੇਰ ਸਿੰਘ ਦੀ ਫੌਜ ਬਾਕੀ ਟਕਸਾਲੀ ਤੇ ਦੇਹਲੀ ਦਰਵਾਜ਼ੇ ਦੇ ਰਾਹ ਸ਼ਹਿਰ ਵਿੱਚ ਵੜੀ ਤੇ ਸਵੇਰ ਹੋਂਦੇ ਹੀ ਹਜ਼ੂਰੀ ਬਾਗ਼ ਵਿੱਚ ਵੜ ਗਈ। ਸ਼ਾਹੀ ਮਸਜਦ ਜਿਸ ਵਿੱਚ ਰਾਜਾ ਗੁਲਾਬ ਸਿੰਘ ਨੇ ਸਭ ਸਿੱਕਾ ਤੇ ਬਾਰੂਦ ਆਦਿਕ ਜਮ੍ਹਾਂ ਕਰ ਰੱਖਿਆ ਸੀ, ਕਬਜ਼ਾ ਕਰ ਲਿਆ। ਤਿੰਨ ਦਿਨ ਬਰਾਬਰ ਦੋਹਾਂ ਪਾਸਿਆਂ ਤੋਂ ਤੋਪਾਂ ਚਲਦੀਆਂ ਰਹੀਆਂ। ਬਾਹਰ ਦੀ ਫੌਜ ਦੇ ਸੈਂਕੜੇ ਆਦਮੀਆਂ ਦਾ ਨੁਕਸਾਨ ਹੋਇਆ। ਬਾਹਰ ਦੀਆਂ ਤੋਪਾਂ ਨੇ ਕਿਲ੍ਹੇ ਦੀ ਪੱਛਮੀ ਦੀਵਾਰ ਨੂੰ ਢਾਹ ਦਿੱਤਾ, ਕਿੰਤੂ ਜਦ ੩੦੦ ਸਿੰਘਾਂ ਨੇ ਜੋਸ਼ ਵਿੱਚ ਆ ਅੰਦਰ ਵੜਨਾ ਚਾਹਿਆ, ਤਦ ਅੰਦਰੋਂ ਡੋਗਰਿਆਂ ਨੇ ਇੱਕੇ ਵਾਰ ਤੋਪਾਂ ਦੀ ਬੁਛਾੜ ਕਰ ਦਿੱਤੀ, ਜਿਸ ਤੋਂ ਇੱਕ ਸੌ ਆਦਮੀ ਇੱਥੇ ਮਾਰਿਆ ਗਿਆ ਤੇ ਫਿਰ ਇਨ੍ਹਾਂ ਅੰਦਰੋਂ ਅੱਗ ਵਸਾਈ ਤੇ ਬਾਹਰ ਦੀ ਫੌਜ ਨੂੰ ਵਾਪਸ ਮੁੜਨਾ ਪਿਆ ਤੇ ਤੋਪਾਂ ਮੈਦਾਨ ਵਿੱਚ ਛੱਡ ਕੇ ਪਿੱਛੇ ਸ਼ਹਿਰ ਵਿੱਚ ਪਨਾਹ ਲੈਣ ਲੱਗੇ। ਹੁਣ ਉਹ ਵੇਲਾ ਆ ਗਿਆ ਸੀ ਕਿ ਅੰਦਰ ਦੇ ਵੀ ਤੰਗ ਆ ਕੇ ਸੁਲਾਹ ਕਰਨਾ ਚਾਹੁੰਦੇ ਸਨ ਕਿ ਇੰਨੇ ਨੂੰ ਰਾਜਾ ਧਿਆਨ ਸਿੰਘ ਆ ਗਿਆ ਤੇ ਉਹਨੇ ਲੜਾਈ ਬੰਦ ਕਰ ਕੇ ਇਹ ਤਜਵੀਜ਼ ਕੀਤੀ ਕਿ ਰਾਣੀ ਚੰਦ ਕੌਰ ਕਿਲ੍ਹਾ ਛੱਡ ਦੇਵੇ ਤੇ ਤਖ਼ਤ ਤੇ ਸ਼ਾਹਜ਼ਾਦਾ ਸ਼ੇਰ ਸਿੰਘ ਬੈਠੇ। ਚੰਦ ਕੌਰ ਨੂੰ ਜੰਮੂ ਦੇ ਇਲਾਕੇ ਵਿੱਚ ੧੬ ਲੱਖ ਦੀ ਜਾਗੀਰ ਦਿੱਤੀ ਜਾਵੇ, ਜਿਸ ਦਾ ਪ੍ਰਬੰਧ ਰਾਜਾ ਗੁਲਾਬ ਸਿੰਘ ਕਰੇਗਾ। ਦੋਹਾਂ ਧਿਰਾਂ ਨੇ ਇਹ ਗੱਲ ਮੰਨ ਲਈ। ੧੮ ਜਨਵਰੀ ੧੮੪੧ ਨੂੰ ਕਿਲ੍ਹੇ ਵਿੱਚ ਨਵੇਂ ਮਹਾਰਾਜਾ ਦਾ ਦਖ਼ਲ ਹੋ ਗਿਆ। ਕਿਲ੍ਹੇ ਦਾ ਕੁਲ ਸਾਮਾਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਖ਼ਜ਼ਾਨਾ ਜੋ ਕਿਲ੍ਹੇ ਵਿੱਚ ਰਾਣੀ ਚੰਦ ਕੌਰ ਦੇ ਕਬਜ਼ੇ ਵਿੱਚ ਸੀ, ਇਸ ਬਹਾਨੇ ਕਿ ਮੈਂ ਰਾਣੀ ਦਾ ਇਹ ਅਸਬਾਬ ਆਪਣੇ ਪਾਸ ਇਮਾਨਤ ਕਰ ਕੇ ਰਖਾਂਗਾ, ਊਠਾਂ ਤੇ ਲਦਵਾ ਕੇ ਜੰਮੂ ਭੇਜ ਦਿੱਤਾ।