

ਸੰਧਾਵਾਲੀਆਂ ਕਿਹਾ ਕਿ ਸ਼ੇਰ ਸਿੰਘ ਤੁਹਾਡਾ ਵੀ ਦੁਸ਼ਮਣ ਤੇ ਸਾਡਾ ਵੀ ਦੁਸ਼ਮਣ, ਇਸ ਲਈ ਸਭ ਤੋਂ ਪਹਿਲਾਂ ਓਸੇ ਦਾ ਸਿਰ ਕਿਉਂ ਨਾ ਵਢਿਆ ਜਾਏ ਤੇ ਉਸ ਦੀ ਜਗ੍ਹਾ ਨਾਬਾਲਗ ਦਲੀਪ ਸਿੰਘ ਨੂੰ ਗੱਦੀ ਤੇ ਬਿਠਾ ਕੇ ਤੁਸੀਂ ਵਜ਼ਾਰਤ ਦਾ ਕੰਮ ਸੰਭਾਲੀ ਰੱਖੋ। ਇਹ ਸੁਣ ਕੇ ਰਾਜਾ ਧਿਆਨ ਸਿੰਘ ਨੇ ਵੀ ਮੰਨ ਲਈ। ਸੰਧਾਵਾਲੀਆਂ ਨੇ ਇਸੇ ਤਰ੍ਹਾਂ ਦੀ ਇੱਕ ਲਿਖਤ ਵਜ਼ੀਰ ਪਾਸੋਂ ਵੀ ਲਿਖਵਾ ਲਈ ਤੇ ਇਸ ਕੰਮ ਨੂੰ ਸ਼ੁਕਰਵਾਰ ਕਰਨ ਦਾ ਫ਼ੈਸਲਾ ਕਰ ਕੇ ਆਪਣੇ ਪਿੰਡ ਰਾਜਾਸਾਂਸੀ ਚਲੇ ਗਏ। ਹੁਣ ਰਾਜਾ ਸ਼ੇਰ ਸਿੰਘ ਤਾਂ ਧਿਆਨ ਸਿੰਘ ਵਜ਼ੀਰ ਦੇ ਮਰਨ ਦੇ ਸੁਪਨੇ ਲੈ ਰਿਹਾ ਸੀ ਤੇ ਧਿਆਨ ਸਿੰਘ ਮਹਾਰਾਜੇ ਨੂੰ ਕਤਲ ਹੋਇਆ ਵੇਖਣ ਦੇ ਖਿਆਲੀ ਰੰਗ ਜਮ੍ਹਾਂ ਰਿਹਾ ਸੀ। ਕਿੰਤੂ ਸੰਧਾਂਵਾਲੀਏ ਦੋਹਾਂ ਨੂੰ ਇੱਕ ਥਾਂ ਪੁਚਾਣ ਦੇ ਆਹਰ ਵਿੱਚ ਲੱਗੇ ਹੋਏ ਸਨ। ਪਹਿਲੀ ਅੱਸੂ ਸੰਗਰਾਂਦ ਵਾਲੇ ਦਿਨ ੧੫ ਸਤੰਬਰ ਨੂੰ ਮਹਾਰਾਜਾ ਸ਼ੇਰ ਸਿੰਘ ਸ਼ਾਹ ਬਿਲਾਵਲ ਦੇ ਪਾਸ ਜਾ ਕੇ ਬਾਰਾਂਦਰੀ ਵਿੱਚ ਬੈਠ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੇਖ ਰਿਹਾ ਸੀ ਤੇ ਓਹਦਾ ਵੱਡਾ ਲੜਕਾ ਪ੍ਰਤਾਪ ਸਿੰਘ ਭੜਾਨੀਏ ਸਰਦਾਰਾਂ ਦੇ ਬਾਗ਼ ਵਿੱਚ ਤੁਲਾਦਾਨ ਕਰਾ ਰਿਹਾ ਸੀ। ਤਿੰਨ ਤੁਲਾ ਤੇ ੧੧ ਗਊਆਂ ਤੇ ੫ ਘੋੜੇ ਦਾਨ ਕਰ ਚੁੱਕਿਆ ਸੀ। ਚੌਥੇ ਚਾਂਦੀ ਦੇ ਤੁਲੇ ਤੇ ਬੈਠਣ ਵਾਲਾ ਸੀ, ਇਤਨੇ ਵਿੱਚ ਸੰਧਾਵਾਲੀਏ ਆ ਗਏ। ਇਹਨਾਂ ਦੇ ਨਾਲ ਆਪਣੇ ਨਵੀਂ ਭਰਤੀ ਕੀਤੇ ਸਰਦਾਰ ਵੀ ਸਨ ਤੇ ਇਹ ਓਹਨਾਂ ਦੀ ਹਾਜ਼ਰੀ ਦੇਣ ਆਏ ਸਨ। ਅਜੀਤ ਸਿੰਘ ਤਾਂ ਮਹਾਰਾਜਾ ਵੱਲ ਗਿਆ ਤੇ ਲਹਿਣਾ ਸਿੰਘ ਸ਼ਾਹਜ਼ਾਦੇ ਵੱਲ ਤੇ ਫ਼ੈਸਲਾ ਇਹ ਹੋਇਆ ਕਿ ਬਾਰਾਂਦਰੀ ਵਿਚ ਬੰਦੂਕ ਛੁਟਣ ਦੀ ਅਵਾਜ਼ ਸੁਣਦੇ ਹੀ ਸ਼ਾਹਜ਼ਾਦਾ ਪ੍ਰਤਾਪ ਸਿੰਘ ਦਾ ਸਿਰ ਤਨ ਨਾਲੋਂ ਜੁਦਾ ਕਰ ਦਿੱਤਾ ਜਾਵੇ।
ਅਜੀਤ ਸਿੰਘ ੫੦ ਸਵਾਰਾਂ ਦੇ ਨਾਲ ਬਾਰਾਂਦਰੀ ਵਿੱਚ ਪੁੱਜਾ। ਉਸ ਵੇਲੇ ਮਹਾਰਾਜਾ ਸ਼ੇਰ ਸਿੰਘ ਜਿੱਤਣ ਵਾਲੇ ਪਹਿਲਵਾਨਾਂ ਨੂੰ ਇਨਾਮ ਵੰਡ ਰਿਹਾ ਸੀ ਤੇ ਮੌਤ ਓਹਦੇ ਸਿਰ ਤੇ ਖੜ੍ਹੀ ਮਿੰਟ ਗਿਣ ਰਹੀ ਸੀ, ਜਿਸ ਦੀ ਬਾਬਤ ਓਹਨੂੰ ਕੋਈ ਖ਼ਬਰ ਨਹੀਂ ਸੀ। ਅਜੀਤ ਸਿੰਘ ਨੇ ਬੇਨਤੀ ਕੀਤੀ ਕਿ ਫੌਜ ਹਾਜ਼ਰ ਹੈ ਗਿਣ ਲਈ ਜਾਵੇ। ਮਹਾਰਾਜਾ ਨੇ ਦੀਨਾਨਾਥ ਨੂੰ ਹੁਕਮ ਦਿੱਤਾ ਕਿ ਆਦਮੀ ਗਿਣ ਕੇ ਨਾਮ ਲਿਖ ਲਓ। ਫਿਰ ਅਜੀਤ ਸਿੰਘ ਨੇ ਇੱਕ ਸੰਦੂਕ ਵਿੱਚੋਂ ਬੰਦੂਕ ਕੱਢੀ ਤੇ ਹੱਸਦੇ ਹੋਏ ਕਿਹਾ ਕਿ ਦੇਖੋ ਇਹ ਬੰਦੂਕ ਕਹੀ ਸੋਹਣੀ ਦੋਨਾਲੀ ਅੰਗ੍ਰੇਜ਼ੀ ਬੰਦੂਕ ਹੈ ਤੇ ਮੈਂ ੧੪੦੦ ਰੁਪਯੇ ਤੋਂ ਖਰੀਦੀ ਹੈ।
੮. ਮਹਾਰਾਜਾ ਸ਼ੇਰ ਸਿੰਘ ਤੇ ਸ਼ਾਹਜ਼ਾਦਾ ਪ੍ਰਤਾਪ ਸਿੰਘ ਦਾ ਕਤਲ ਹੋਣਾ
ਜਿਸ ਵੇਲੇ ਮਹਾਰਾਜਾ ਸ਼ੇਰ ਸਿੰਘ ਹੱਥ ਵਧਾ ਕੇ ਬੰਦੂਕ ਫੜਨ ਲੱਗਾ, ਤਦ ਧੋਖੇਬਾਜ਼ ਪਾਪੀ ਤੇ ਬੇਈਮਾਨ ਅਜੀਤ ਸਿੰਘ ਨੇ ਬੰਦੂਕ ਦੇ ਦੋਨੋਂ ਘੋੜੇ ਦਬਾ ਦਿੱਤੇ, ਜਿਸ ਤੋਂ ਦੋਨੋਂ ਗੋਲੀਆਂ ਸਿੱਧੀਆਂ ਓਹਦੀ ਛਾਤੀ ਵਿੱਚ ਲੱਗੀਆਂ ਤੇ ਮਹਾਰਾਜਾ "ਓਏ! ਇਹ ਕੀ ਦਗਾ ਕੀਤਾ?" ਕਹਿੰਦੇ ਚਲਾਣਾ ਕਰ ਗਏ। ਮਹਾਰਾਜੇ ਦੇ ਇੱਕ ਨਮਕ ਹਲਾਲ ਨੌਕਰ ਨੇ ਤਲਵਾਰ ਸੰਭਾਲ ਅਜੀਤ ਸਿੰਘ ਦੇ ਦੋ ਸਾਥੀ ਵੱਢ ਸੁਟੇ। ਜਦ ਅਜੀਤ ਸਿੰਘ ਨੂੰ ਉਸ ਨੇ ਤਲਵਾਰ ਮਾਰੀ ਤਦ ਤਲਵਾਰ ਦੀਵਾਰ ਦੀ ਚੋਖਟ ਤੇ ਲਗ ਕੇ ਦੋ ਟੁਕੜੇ ਹੋ ਗਈ। ਅਜੀਤ ਸਿੰਘ ਦੇ ਸਾਥੀਆਂ ਓਹਨੂੰ ਵੱਢ ਸੁਟਿਆ ਬਾਕੀ ਦੇ ਸਾਰੇ ਆਦਮੀ ਨੱਸ ਗਏ ਤੇ ਅਜੀਤ ਸਿੰਘ ਨੇ ਮਹਾਰਾਜਾ ਦਾ ਸਿਰ ਵਢਾ ਕੇ ਹੱਥ ਵਿੱਚ ਲੈ ਲਿਆ ਤੇ ਘੋੜੇ ਪਰ ਸਵਾਰ ਹੋ ਗਿਆ।
ਜਦ ਬਾਰਾਂਦਾਰੀ ਵਿੱਚ ਬੰਦੂਕ ਚਲਣ ਦੀ ਅਵਾਜ਼ ਲਹਿਣਾ ਸਿੰਘ ਨੇ ਸੁਣੀ, ਤਦ ਨੰਗੀ ਤਲਵਾਰ ਲੈ ਕੇ ਸ਼ਾਹਜ਼ਾਦਾ ਪ੍ਰਤਾਪ ਸਿੰਘ ਵੱਲ ਵਧਿਆ। ਜਦ ਸ਼ਾਹਜ਼ਾਦੇ ਨੇ ਇਸ ਹਤਯਾਰੇ ਨੂੰ ਆਪਣੇ ਵੱਲ ਆਉਂਦਿਆਂ ਵੇਖਿਆ ਤਦ ਹੱਥ ਜੋੜ ਕੇ ਕਿਹਾ ਕਿ ਚਾਚਾ ਜੀ! ਮੈਂ ਤੁਹਾਡਾ ਨੌਕਰ ਹੋ ਕੇ ਰਹਾਂਗਾ, ਮੇਰੀ ਜਾਨ ਬਖ਼ਸ਼ੀ ਕਰੋ? ਕਿੰਤੂ ਚਾਚਾ ਇੰਨਾ ਪੱਥਰ ਦਿਲ ਤੇ ਬੇਤਰਸ ਸੀ ਕਿ ਉਸ ਜ਼ਾਲਮ ਨੂੰ ਰਤੀ ਜਿੰਨਾ ਤਰਸ ਨਾ ਆਇਆ। ਆਪਣੇ ਮਾਸੂਮ ਤੇ ਸੁੰਦਰ ਭਤੀਜੇ ਦਾ ਸਿਰ ਵੱਢ ਲਿਆ। ਹੁਣ ਅਜੀਤ ਸਿੰਘ ਤੇ ਲਹਿਣਾ ਸਿੰਘ ਦੋਵੇਂ ਸਿਰ ਲੈ ਕੇ ਫੌਜ ਸਮੇਤ ਕਿਲ੍ਹੇ ਵੱਲ ਗਏ।