

ਜਦ ਕਿਲ੍ਹੇ ਦੇ ਲਾਗੇ ਪੁੱਜੇ, ਤਦ ਅੰਦਰੋਂ ਰਾਜਾ ਧਿਆਨ ਸਿੰਘ ਘੋੜੇ ਤੇ ਚੜ੍ਹਿਆ ਆਉਂਦਾ ਮਿਲਿਆ। ਅਜੀਤ ਸਿੰਘ ਨੇ ਅੱਗੇ ਵੱਧ ਕੇ ਕਿਹਾ, ਇਹ ਲਓ ਆਪ ਦੇ ਦੁਸ਼ਮਣਾਂ ਦੇ ਸਿਰ ਹਨ। ਅਸੀਂ ਤਾਂ ਆਪਣਾ ਕੰਮ ਕਰ ਆਏ, ਹੁਣ ਚਲੋ ਕਿਲ੍ਹੇ ਵਿੱਚ ਤੇ ਦਲੀਪ ਸਿੰਘ ਨੂੰ ਬਠਾਓ ਗੱਦੀ ਤੇ।
ਧਿਆਨ ਸਿੰਘ ਇਨ੍ਹਾਂ ਦੇ ਨਾਲ ਕਿਲ੍ਹੇ ਵੱਲ ਟੁਰ ਪਿਆ। ਉਸ ਵੇਲੇ ਧਿਆਨ ਸਿੰਘ ਦੇ ਨਾਲ ਥੋੜ੍ਹੇ ਜਿਹੇ ਆਦਮੀ ਸਨ, ਜਿਨ੍ਹਾਂ ਨੂੰ ਪਹਿਲੇ ਦਰਵਾਜ਼ੇ ਤੇ ਹੀ ਰੋਕ ਲਿਆ ਗਿਆ। ਕਿਲ੍ਹੇ ਵਿੱਚ ਵੜਦਿਆਂ ਹੀ ਅਜੀਤ ਸਿੰਘ ਨੇ ਕਿਹਾ ਕਿ ਹੁਣ ਗੱਦੀ ਤੇ ਕੌਣ ਬੈਠੇਗਾ? ਧਿਆਨ ਸਿੰਘ ਨੇ ਕਿਹਾ ਕਿ ਸਵਾਏ ਦਲੀਪ ਸਿੰਘ ਦੇ ਹੋਰ ਕੌਣ ਗੱਦੀ ਤੇ ਬੈਠ ਸਕਦਾ ਹੈ? ਅਜੀਤ ਸਿੰਘ ਬੋਲਿਆ ਕਿ ਦਲੀਪ ਸਿੰਘ ਮਹਾਰਾਜਾ ਬਣ ਗਿਆ ਤੇ ਤੁਸੀਂ ਵਜ਼ੀਰ। ਦੱਸੋ ਅਸਾਂ ਇਹ ਕੰਮ ਕਿਸ ਲਈ ਕਰਨਾ ਸੀ?
੯. ਧਿਆਨ ਸਿੰਘ ਦਾ ਕਤਲ ਹੋਣਾ
ਅਜੀਤ ਸਿੰਘ ਦੀ ਇਹ ਗੱਲ ਸੁਣ ਕੇ ਧਿਆਨ ਸਿੰਘ ਨੂੰ ਆਪਣੇ ਕੀਤੇ ਹੋਏ ਸਾਰੇ ਪਾਪ ਚੇਤੇ ਆ ਗਏ। ਪਾਸੋਂ ਗੁਰਮੁਖ ਸਿੰਘ ਬੋਲਿਆ ਕਿ ਜਦ ਵਲਟੋਹਾ ਨਵਾਂ ਲਾਣਾ ਹੈ, ਤਦ ਕੜਛਾ ਪੁਰਾਣਾ ਰੱਖਣ ਦਾ ਕੀ ਲਾਭ? ਅਰਥਾਤ ਜਦ ਬਾਦਸ਼ਾਹ ਨਵਾਂ ਬਨਾਣਾ ਹੈ, ਤਦ ਵਜ਼ੀਰ ਪਰਾਣਾ ਰੱਖਣ ਦੀ ਕੀ ਲੋੜ ਹੈ? ਅਜੀਤ ਸਿੰਘ ਦੇ ਇਸਾਰੇ ਤੇ ਓਹਦੇ ਇੱਕ ਸਾਥੀ ਨੇ ਪਿੱਛੋਂ ਗੋਲੀ ਦਾ ਫਾਇਰ ਕੀਤਾ, ਜੋ ਧਿਆਨ ਸਿੰਘ ਦੇ ਪਿੱਛੋਂ ਲੱਗ ਕੇ ਅੱਗੋਂ ਨਿੱਕਲ ਗਿਆ। ਧਿਆਨ ਸਿੰਘ ਦੇ ਇੱਕ ਮੁਲਾਜ਼ਮ ਮੁਸਲਮਾਨ ਨੇ ਬਦਲਾ ਲੈਣਾ ਚਾਹਿਆ, ਪਰ ਉਸ ਨੂੰ ਵੀ ਓਥੇ ਕਤਲ ਕਰ ਦਿੱਤਾ ਗਿਆ। ਧਿਆਨ ਸਿੰਘ ਦੀ ਲਾਸ਼ ਚੁੱਕ ਕੇ ਉਸੇ ਗੰਦੀ ਨਾਲੀ ਵਿੱਚ ਸੁੱਟ ਦਿੱਤੀ ਗਈ, ਜਿਸ ਵਿੱਚ ਉਸ ਨੇ ਚੰਦ ਕੌਰ ਦੀ ਸੁਟਵਾਈ ਸੀ।
ਅਜੀਤ ਸਿੰਘ ਸਿੱਧਾ ਜ਼ਨਾਨ ਖਾਨੇ ਗਿਆ, ੫ ਸਾਲ ਦੇ ਬਾਲ ਦਲੀਪ ਸਿੰਘ ਨੂੰ ਨਾਲ ਲੈ ਕੇ ਤਖ਼ਤ ਤੇ ਬਿਠਾ ਦਿੱਤਾ ਤੇ ਓਹਦੇ ਮੱਥੇ ਤੇ ਸ਼ੇਰ ਸਿੰਘ ਦੇ ਸਿਰ ਤੇ ਚੋ ਰਹੇ ਖੂਨ ਦਾ ਟਿੱਕਾ ਲਾਇਆ। ਸ਼ੋਕ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਹੂਲ ਕੇ ਕਾਇਮ ਕੀਤੀ ਸਲਤਨਤ ਕੌਮ ਫਰੋਸ਼ ਦੇ ਗ਼ਦਾਰਾਂ ਦੇ ਹੱਥ ਆ ਗਈ, ਜਿਸ ਦੇ ਦਿਨ ਵਿੱਚ ਕਈ ਵਾਰ ਜੋੜ-ਤੋੜ ਹੋਣ ਲੱਗੇ।
੧੦. ਮਹਾਰਾਜਾ ਸ਼ੇਰ ਸਿੰਘ ਦੇ ਗੁਣ
ਮਹਾਰਾਜਾ ਸ਼ੇਰ ਸਿੰਘ ਇੱਕ ਬੜਾ ਜਵਾਨ, ਸੁੰਦਰ ਤੇ ਦਾਨਾ ਮਹਾਰਾਜਾ ਸੀ। ਇਸ ਦੀਆਂ ਅੱਖਾਂ ਮੋਟੀਆਂ ਮੋਟੀਆਂ ਤੇ ਚੇਹਰਾ ਗੋਲ ਵੇਖਣ ਵਾਲੇ ਤੇ ਬੜਾ ਅਸਰ ਪਾਂਦਾ ਸੀ। ਰਾਜਸੀ ਮਾਮਲਿਆਂ ਵਿੱਚ ਇਹਦਾ ਦਿਮਾਗ਼ ਦੂਰ ਤੱਕ ਪੁੱਜਦਾ ਸੀ। ਸਿੱਖਾਂ ਦੇ ਦਾੜ੍ਹੀ ਬੰਨਣ ਦਾ ਰਿਵਾਜ਼ ਇਸੇ ਮਹਾਰਾਜਾ ਦੇ ਵੇਲੇ ਹੀ ਪਿਆ।
ਇਕ ਵੇਰ ਦਾ ਜ਼ਿਕਰ ਹੈ ਕਿ ਹਜ਼ਾਰੇ ਦੀ ਲੜਾਈ ਤੇ ਮਹਾਰਾਜਾ ਸ਼ੇਰ ਸਿੰਘ ਗਿਆ। ਜਦ ਦੋਨੋਂ ਪਾਸਿਆਂ ਤੋਂ ਜੰਗ ਸ਼ੁਰੂ ਹੋਣ ਲੱਗੀ। ਤਦ ਇੱਕ ਵੱਡੇ ਗਰਾਂਡੀਲ ਕਦ ਦੇ ਪਠਾਣ ਨੇ ਕਿਹਾ ਕਿ ਫੌਜਾਂ ਨੂੰ ਮਰਵਾਨ ਦਾ ਕੀਲਾ ਮਚੰਗ ਹੋਵੇ ਕਿ ਸਰਦਾਰ ਆਪਸ ਵਿੱਚ ਨਿਪਟ ਲੈਣ। ਇਹ ਸੁਣ ਕੇ ਮਹਾਰਾਜਾ ਸ਼ੇਰ ਸਿੰਘ ਝਟ ਘੋੜੇ ਤੋਂ ਉੱਤਰ ਕੇ ਉਹਦੇ ਸਾਹਮਣੇ ਜਾ ਖਲੋਤਾ ਤੇ ਕਿਹਾ ਕਿ ਪਹਿਲਾਂ ਆਪਣੀ ਵਾਰ ਕਰ ਲੈ। ਪਠਾਣ ਨੇ ਤਦ ਤਲਵਾਰ ਖਿਚ ਕੇ ਭਰਵਾਂ ਵਾਰ ਕੀਤਾ, ਕਿੰਤੂ ਮਹਾਰਾਜਾ ਸ਼ੇਰ ਸਿੰਘ ਦੀ ਕੋਕ ਦੇ ਨਾਲ ਤਲਵਾਰ ਦੇ ਦੋ ਟੁਕੜੇ ਹੋ ਗਏ। ਫਿਰ ਮਹਾਰਾਜਾ ਸ਼ੇਰ ਸਿੰਘ ਨੇ ਇੱਕ ਹੀ ਵਾਰ ਨਾਲ ਪਠਾਣ ਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਨਾਲ ਇਹ ਜੰਗ ਮਹਾਰਾਜਾ ਇਕੱਲਾ ਜਿੱਤ ਕੇ ਆ ਗਿਆ। ਮਹਾਰਾਜਾ ਰਣਜੀਤ ਸਿੰਘ ਇਹ ਗੱਲ ਸੁਣ ਕੇ ਬੜਾ ਖ਼ੁਸ਼ ਹੋਇਆ। ਸ਼ੇਰ ਸਿੰਘ ਨੂੰ ਬੁਲਾ ਕੇ ਓਹਦੀ ਪ੍ਰਸੰਸਾ ਕੀਤੀ ਤੇ ਗੋਦੀ ਵਿੱਚ ਬਿਠਾਇਆ। ਸ਼ੋਕ ਹੈ ਕਿ ਅਜੇਹੇ ਬਹਾਦਰ ਮਹਾਰਾਜੇ ਤੇ ਓਹਦੇ ਲੜਕੇ ਨੂੰ ਪਾਪੀਆਂ ਨੇ ਧੋਖੇ ਨਾਲ ਮਾਰ ਦਿੱਤਾ।