

ਪਹਿਲੀ ਸ਼ਰਤ ਮੰਨ ਕੇ ਹੀਰਾ ਸਿੰਘ ਨੇ ਝਟਪਟ ਖਤ ਲਿਖ ਦਿੱਤੇ, ਕਿੰਤੂ ਇਸ ਦੇ ਖਤ ਅੱਪੜਨ ਤੋਂ ਪਹਿਲਾਂ ਹੀ ਸ਼ਾਹਜ਼ਾਦੇ ਕਿਲ੍ਹਾ ਖ਼ਾਲੀ ਕਰ ਗਏ ਸਨ। ਜਲੇ ਪੰਡਤ ਬਾਬਤ ਕਿਹਾ ਗਿਆ ਕਿ ਜਦ ਇਹ ਕੋਈ ਕਸੂਰ ਕਰੇਗਾ, ਤਦ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਤੇ ਸਲਤਨਤ ਦੇ ਕੰਮ ਵਿੱਚ ਹੁਣ ਓਹਦਾ ਹੱਥ ਨਹੀਂ ਰਹੇਗਾ। ਮਿਸਰ ਬੇਲੀ ਰਾਮ ਤੇ ਭਾਈ ਗੁਰਮੁਖ ਸਿੰਘ ਧੋਖੇ ਦੇ ਦੋਸ਼ੀ ਸਮਝੇ ਗਏ, ਜਵਾਹਰ ਸਿੰਘ ਨੂੰ ਦੋ ਹਜ਼ਾਰ ਰੁਪਯਾ ਆਪਣੇ ਵਾਸਤੇ ਤੇ ਦੋ ਹਜ਼ਾਰ ਫੌਜ ਵਾਸਤੇ ਦੇਣਾ ਕਰ ਕੇ ਝੱਟਪੱਟ ਛੱਡ ਦਿੱਤਾ ਗਿਆ, ਤਦ ਫੌਜ ਨੇ ਵਜ਼ੀਰ ਦੇ ਮਕਾਨ ਤੋਂ ਘੇਰਾ ਚੁੱਕ ਲਿਆ।
ਗੁਲਾਬ ਸਿੰਘ ਨੇ ਆਪਣੇ ਭਰਾ ਸੁਚੇਤ ਸਿੰਘ ਦੀ ਜਾਏਦਾਦ ਦਾ ਮਾਲਕ ਆਪਣੇ ਲੜਕੇ ਨੂੰ ਬਣਾ ਦਿੱਤਾ ਸੀ। ਇਹ ਗੱਲ ਹੀਰਾ ਸਿੰਘ ਨੂੰ ਬੁਰੀ ਲੱਗੀ। ਦੂਜਾ ਰਾਜਾ ਸੁਚੇਤ ਸਿੰਘ ਰਾਣੀ ਚੰਦ ਕੌਰ ਨੂੰ ਮੱਥਾ ਟੇਕਣ ਜਾਇਆ ਕਰਦਾ ਸੀ। ਇਹ ਗੱਲ ਵੀ ਓਹਨੂੰ ਬੁਰੀ ਲੱਗੀ, ਇਸ ਕਰ ਕੇ ਸੁਚੇਤ ਸਿੰਘ ਹੀਰਾ ਸਿੰਘ ਤੇ ਗੁੱਸੇ ਹੋ ਕੇ ਘੋੜ ਚੜੇ ਸਰਦਾਰਾਂ ਤੇ ਸਰਦਾਰ ਜਵਾਹਰ ਸਿੰਘ ਦੀ ਸਲਾਹ ਨਾਲ ਵਜ਼ੀਰ ਬਣਨ ਲਈ ਜੋੜ-ਤੋੜ ਕਰ ਰਿਹਾ ਸੀ। ਹੁਣ ਉਸ ਨੂੰ ਇਹ ਪਤਾ ਲੱਗ ਗਿਆ ਕਿ ਫੌਜ ਹੀਰਾ ਸਿੰਘ ਤੇ ਨਰਾਜ਼ ਹੈ, ਇਸ ਕਰ ਕੇ ਓਸ ਨੇ ਫੀ ਸਪਾਹੀ ਇੱਕ ਮੋਹਰ ਇਨਾਮ ਤੇ ਇੱਕ ਰੁਪਯਾ ਫੀ ਸਪਾਹੀ ਮਹੀਨਾ ਤਰੱਕੀ ਦੇਣ ਦਾ ਇਕਰਾਰ ਕਰ ਕੇ ਫੌਜ ਨੂੰ ਆਪਣੇ ਹੱਕ ਵਿੱਚ ਕਰ ਲਿਆ। ਇਸ ਕਰ ਕੇ ਇਹ ਵਜ਼ੀਰ ਬਣਨ ਦੀ ਆਸ ਤੇ ਜੰਮੂ ਤੋਂ ਚੱਲ ਕੇ ੧੬ ਮਾਰਚ ੧੮੪੩ ਨੂੰ ਲਾਹੌਰ ਤੋਂ ਬਾਹਰ ਮੀਆਂ ਖਾਂ ਦੀ ਖਾਨਗਾਹ ਤੇ ਜਿੱਥੇ ਕਿ ਓਹਦੀਆਂ ਚਾਰ ਪਲਟਨਾਂ ਉੱਤਰੀਆਂ ਹੋਈਆਂ ਸਨ ਆ ਗਿਆ। ਇਹ ਗੱਲ ਸੁਣ ਕੇ ਹੀਰਾ ਸਿੰਘ ਨੇ ਵਕੀਲਾਂ ਦੀ ਰਾਹੀਂ ਓਸ ਨੂੰ ਸਮਝਾਇਆ ਕਿ ਵਾਪਸ ਜੰਮੂ ਚਲੇ ਜਾਓ, ਨਹੀਂ ਤਾਂ ਆਪ ਦੇ ਹੱਕ ਵਿੱਚ ਚੰਗਾ ਨਹੀਂ ਹੋਵੇਗਾ। ਕਿੰਤੂ ਓਸ ਨੇ ਕੁਝ ਨਾ ਮੰਨਿਆ ਤੇ ਫੌਜ ਦੀ ਮਦਦ ਦੀ ਆਸ ਤੇ ਕਿਹਾ ਕਿ ਹੁਣ ਤਾਂ ਬਿਨਾਂ ਲੜੇ ਮਰੇ ਦੇ ਇੱਥੋਂ ਨਹੀਂ ਜਾਵਾਂਗਾ। ਓਹਦੀ ਇਸ ਗੱਲ ਤੋਂ ਹੀਰਾ ਸਿੰਘ ਨੂੰ ਯਕੀਨ ਹੋ ਗਿਆ ਕਿ ਫੌਜ ਓਹਦੇ ਨਾਲ ਹੋ ਗਈ ਹੈ। ਵਜ਼ੀਰ ਨੇ ਓਸੇ ਵੇਲੇ ਸਾਰੇ ਫੌਜੀ ਸਰਦਾਰਾਂ ਨੂੰ ਸੱਦ ਕੇ ਤਲਵਾਰ ਓਹਨਾਂ ਦੇ ਸਾਹਮਣੇ ਰੱਖ ਦਿੱਤੀ ਕਿ ਮੈਨੂੰ ਤੁਸਾਂ ਹੀ ਵਜ਼ੀਰ ਬਣਾਇਆ ਹੈ ਤੇ ਹੁਣ ਆਪ ਹੀ ਮਾਰ ਦੇਵੋ। ਅਜਾਂਈ ਲੜਾਈ ਕਰ ਕੇ ਰੱਬ ਦੇ ਜੀਵਾਂ ਦਾ ਨੁਕਸਾਨ ਕਿਉਂ ਕਰਾਂਦੇ ਹੋ? ਤੇ ਮੈਨੂੰ ਇਹ ਵੀ ਦੱਸੋ ਕਿ ਮੈਥੋਂ ਕੀ ਕਸੂਰ ਹੋਇਆ ਹੈ ਕਿ ਮੈਨੂੰ ਮੇਰੇ ਵੈਰੀ ਚਾਚੇ ਤੋਂ ਮਰਵਾਣਾ ਚਾਹੁੰਦੇ ਹੋ ਤੇ ਉਹਨੂੰ ਮੇਰੀ ਥਾਂ ਤੇ ਵਜ਼ੀਰ ਕਰਨਾ ਚਾਹੁੰਦੇ ਹੋ? ਓਹ ਤਾਂ ਮੇਰਾ ਦੁਸ਼ਮਣ ਇਸ ਕਰ ਕੇ ਬਣਿਆ ਹੈ ਕਿ ਓਹਨੂੰ ਵੱਡੇ ਮਹਾਰਾਜਾ ਦੇ ਮਹਲਾਂ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਦੂਜਾ ਉਹਦੀਆਂ ਦੋਨਾਂ ਪਲਟਣਾਂ ਦਾ ਡੇਰਾ ਸ਼ਹਿਰ ਤੋਂ ਬਾਹਰ ਕਰਾਇਆ ਗਿਆ ਹੈ। ਤੀਜਾ ਸਰਕਾਰੀ ਮਾਮਲਾ ਜੋ ਓਹਦੇ ਵੱਲ ਕਈ ਸਾਲ ਦਾ ਵਸੂਲ ਹੋਣ ਗੋਚਰਾ ਇੱਕ ਕਰੋੜ ਦੇ ਕਰੀਬ ਹੈ, ਮੰਗਿਆ ਗਿਆ ਹੈ, ਇਸ ਕਰ ਕੇ ਓਹਨੇ ਇਹ ਸੁਣ ਕੇ ਮੇਰੇ ਛੋਟੇ ਭਰਾ ਨੂੰ ਆਪਣਾ ਮੁਤਬੰਨਾ ਬਣਾ ਕੇ ਮੇਰੇ ਘਰ ਨੂੰ ਨੁਕਸਾਨ ਪੁਚਾਇਆ ਹੈ। ਪੈਦਲ ਫੌਜ ਦੇ ਸਰਦਾਰਾਂ ਨੇ ਇਨਕਾਰ ਕੀਤਾ ਕਿ ਅਸਾਂ ਅਜਿਹਾ ਨਹੀਂ ਕੀਤਾ, ਅਸੀਂ ਤੇਰੇ ਹੁਕਮ ਦੇ ਉਡੀਕਵਾਨ ਹਾਂ, ਜੇ ਹੁਕਮ ਦੇਵੇਂ ਤਦ ਹੁਣੇ ਸੁਚੇਤ ਸਿੰਘ ਨੂੰ ਕਤਲ ਕਰ ਦੇਂਦੇ ਹਾਂ? ਸਵਾਰਾਂ ਨੇ ਜਦ ਵੇਖਿਆ ਕਿ ਪੈਦਲ ਫੌਜ ਓਹਦੇ ਵੱਲ ਹੈ ਤੇ ਤੋਪਖਾਨਾ ਵੀ ਓਹਨਾਂ ਦੇ ਪਾਸ ਹੈ, ਇਸ ਕਰ ਕੇ ਅਜੇਹੇ ਵੇਲੇ ਓਹਨਾਂ ਨੇ ਵਿਗੜਨਾ ਉਚਿਤ ਨਾ ਸਮਝਿਆ, ਓਹਨਾਂ ਨੇ ਵੀ ਪੈਦਲ ਫੌਜ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ! ਜਦ ਹੀਰਾ ਸਿੰਘ ਨੇ ਵੇਖਿਆ ਕਿ ਸਾਰੀ ਫੌਜ ਓਹਦੇ ਹੱਥ ਵਿੱਚ ਹੈ, ਤਦ ਉਸ ਨੇ ਹੁਕਮ ਦਿੱਤਾ ਕਿ ਜੇ ਕਦੀ ਮੇਰੇ ਚਾਚੇ ਨੂੰ ਮਾਰ ਦਿਓ, ਤਦ ਹਰ ਸਿਪਾਹੀ ਨੂੰ ਇੱਕ ਬੁਤਕੀ, ਅਫਸਰਾਂ ਨੂੰ ਕੈਂਠਾ ਤੇ ਮਰਵਾਰੀਦ ਦੀ ਮਾਲਾ ਦੇਵਾਂਗਾ। ਦੂਜੇ ਦਿਨ ਫੌਜ ਨੇ ਓਥੇ ਪੁੱਜ ਕੇ ਸੁਚੇਤ ਸਿੰਘ ਨੂੰ ਘੇਰ ਲਿਆ! ਓਹ ਬੜੀ ਬਹਾਦਰੀ ਨਾਲ ਲੜਿਆ, ਕਿੰਤੂ ਓਹਦੇ ਪਾਸ ਕੇਵਲ ੧੭੦ ਜਵਾਨ ਸਨ, ਇਸ ਕਰ ਕੇ ਓਹ ਕੀ ਕਰ ਸਕਦਾ ਸੀ?