

ਕਨਿੰਘਮ ਸਾਹਿਬ ਲਿਖਦੇ ਹਨ ਕਿ ਉਸ ਵੇਲੇ ਸਿੱਖਾਂ ਦੀ ਫੌਜ ਜੋ ਫਿਰੋਜ਼ਪੁਰ ਵਲ ਵਧੀ, ੩੦-੩੨ ਹਜ਼ਾਰ ਸਪਾਹੀ ਤੇ ੬੨ ਤੋਪਾਂ ਸਨ, ਜਿਸ ਦੀ ਅਫਵਾਹ ੬੦-੭੦ ਹਜ਼ਾਰ ਫੌਜ ਤੇ ੧੫੦ ਤੋਪ ਰਹੀ ਸੀ, ਕਿਉਂਕਿ ਵਿਰੋਧੀ ਫੌਜ ਦੀ ਗਿਣਤੀ ਜਿੰਨੀ ਵਧੀਕ ਕਹੀ ਜਾਏ ਓਨਾ ਹੀ ਆਪਣੀ ਫੌਜ ਦਾ ਹੌਂਸਲਾ ਵਧਦਾ ਹੈ। ਕਈ ਇਤਿਹਾਸਕਾਰਾਂ ਨੇ ਵੀ ਇਸ ਅਫਵਾਹ ਅਨੁਸਾਰ ਹੀ ਫੌਜ ਦੀ ਗਿਣਤੀ ਲਿਖ ਰਖੀ ਹੈ ਤੇ ਹੈ ਵੀ ਠੀਕ, ਅਜੇਹੇ ਮੌਕੇ ਤੇ ਦੋਨੋਂ ਧਿਰਾਂ ਆਪਣੀ ਗਿਣਤੀ ਵਧਾ ਕੇ ਦਸਦੇ ਹਨ। ਨਹੀਂ ਤਾਂ ਸਾਨੂੰ ਕੋਈ ਅਜਿਹਾ ਪੱਕਾ ਸਬੂਤ ਨਹੀਂ ਮਿਲਦਾ, ਜਿਸ ਤੋਂ ਇਹ ਲਿਖ ਸਕੀਏ ਕਿ ਸਿੱਖ ਫੌਜ ਦੀ ਗਿਣਤੀ ਅੰਗ੍ਰੇਜ਼ੀ ਫੌਜ ਨਾਲੋਂ ਵਧੀਕ ਸੀ। ਰਾਜਾ ਲਾਲ ਸਿੰਘ ਜੋ ਉਸ ਵੇਲੇ ਖਾਲਸਾ ਫੌਜਾਂ ਦਾ ਕਮਾਂਡਿੰਗ ਅਫਸਰ ਸੀ, ਸਤਲੁਜ ਤੋਂ ਪਾਰ ਲੰਘ ਕੇ ਫਿਰੋਜ਼ਪੁਰ ਵੱਲ ਮੂੰਹ ਕੀਤਾ। ਇੱਥੇ ਸਰ ਜਾਨ ਲਿਟਲਰ ਸਾਹਿਬ ੮ ਹਜ਼ਾਰ ਸਿਪਾਹ ਤੇ ੩੧ ਤੋਪਾਂ ਲੈ ਕੇ ਸਿੱਖਾਂ ਨਾਲ ਟਾਕਰਾ ਕਰਨ ਲਈ ਤਿਆਰ ਸੀ। ਕਿੰਤੂ ਇੰਨੀ ਫੌਜ ਸਿੱਖਾਂ ਦੇ ਟਾਕਰੇ ਲਈ ਕਾਫੀ ਨਹੀਂ ਸੀ। ਇਸ ਕਰ ਕੇ ਫਿਰੋਜ਼ਪੁਰ ਦੇ ਏਜੰਟ ਕਪਤਾਨ ਨਿੱਕਲਸਨ ਸਾਹਿਬ ਨੇ ਰਾਜਾ ਲਾਲ ਸਿੰਘ ਨੂੰ ਇਹ ਲਿਖਿਆ ਕਿ ਤੁਸੀਂ ਜੋ ਆਪਣੇ ਆਪ ਨੂੰ ਸਰਕਾਰ ਅੰਗ੍ਰੇਜ਼ੀ ਦੇ ਖੈਰਖਾਹ ਤੇ ਦੋਸਤ ਲਿਖਦੇ ਹੋ ਤੇ ਖਤਾਂ ਵਿੱਚ ਪੁੱਛਦੇ ਹੋ ਕਿ ਕੀ ਕਰੀਏ? ਸੋ ਖਾਲਸਾ ਫੌਜ ਨੂੰ ਫਿਰੋਜ਼ਪੁਰ ਤੇ ਹਮਲਾ ਕਰਨ ਤੋਂ ਰੋਕੋ। ਲਾਲ ਸਿੰਘ ਨੇ ਇਸ ਹੁਕਮ ਨੂੰ ਨੌਕਰਾਂ ਵਾਂਗ ਮੰਨਿਆ ਤੇ ਜੇਹੜੀ ਖਾਲਸਾ ਫੌਜ ਫਿਰੋਜ਼ਪੁਰ ਤੇ ਹਮਲਾ ਕਰਨਾ ਚਾਹੁੰਦੀ ਸੀ ਕਿਹਾ ਕਿ ਖਾਲਸਾ ਜੀ! ਗੁਰੂ ਸਾਹਿਬ ਨੇ ਖਾਲਸੇ ਨੂੰ ਸਿੰਘ, ਅਰਥਾਤ ਸ਼ੇਰ ਬਣਾਇਆ ਹੈ। ਸ਼ੇਰ ਹਾਥੀਆਂ ਦੇ ਝੁੰਡਾਂ ਤੇ ਹਮਲਾ ਕਰਦਾ ਸੋਭਦਾ ਹੈ ਨਾ ਕਿ ਬੱਕਰੀਆਂ ਦੇ ਅੱਯੜ ਤੇ। ਇਸ ਕਰ ਕੇ ਮੈਂ ਲਾਟ ਸਾਹਿਬ ਤੋਂ ਬਿਨਾਂ ਕਿਸੇ ਹੋਰ ਨਾਲ ਲੜਨਾ ਆਪਣੀ ਹੱਤਕ ਸਮਝਦਾ ਹਾਂ। ਇਹ ਤੇ ਐਹੋ ਜੇਹੀਆਂ ਹੋਰ ਗੱਲਾਂ ਕਹਿੰਦੇ ਦਗੇਬਾਜ਼ ਬ੍ਰਾਹਮਣਾਂ ਨੇ ਫੌਜ ਖਾਲਸਾ ਨੂੰ ਫੇਰੂ ਕੇ ਸ਼ਹਿਰ ਦੇ ਪਾਸ ਰੇਤ ਦੇ ਟਿੱਬਿਆਂ ਤੇ ਜਿੱਥੇ ਪਾਣੀ ਵੀ ਪੀਣ ਜੋਗਾ ਨਹੀਂ ਮਿਲਦਾ ਸੀ, ਲੈ ਆਂਦਾ ਤੇ ਨਾ ਹੀ ਓਥੇ ਕੁਝ ਕਮਸਰੇਟ ਦਾ ਸਾਮਾਨ ਤੇ ਪ੍ਰਬੰਧ ਸੀ, ਕਿਉਂਕਿ ਲਾਲ ਸਿੰਘ ਤੇ ਤੇਜਾ ਸਿੰਘ ਦੀ ਮਨਸ਼ਾ ਤਾਂ ਸਿੱਖ ਫੌਜ ਨੂੰ ਤਾਕਤਵਰ ਫੌਜ ਤੋਂ ਤਬਾਹ ਕਰਾਣ ਦਾ ਸੀ ਨਾ ਕਿ ਅੰਗ੍ਰੇਜ਼ਾਂ ਤੇ ਫਤਹ ਹਾਸਲ ਕਰਨ ਦਾ ਸੀ। ਜੇ ਕਦੀ ਇਹ ਦੋਨੋਂ ਅਫਸਰ ਸਿੱਖ ਸੈਨਾ ਦਾ ਨਾਸ ਕਰਨਾ ਹੀ ਆਪਣਾ ਪ੍ਰੋਯਜਨ ਨਾ ਬਣਾ ਲੈਂਦੇ ਤਦ ਉਸ ਵੇਲੇ ਹਮਲਾ ਕਰ ਕੇ ਖਾਲਸਾ ਫੌਜ ਫਿਰੋਜ਼ਪੁਰ ਦੀ ਅੰਗ੍ਰੇਜ਼ ਸੈਨਾ ਨੂੰ ਪਲਕਾਰੇ ਵਿੱਚ ਢੇਰ ਕਰ ਦੇਂਦੀ। ਫਿਰੋਜ਼ਪੁਰ ਦਾ ਮੈਗਜ਼ੀਨ ਤੇ ਖ਼ਜ਼ਾਨਾ (੪੫ ਲੱਖ ਰੁਯਾ) ਤੇ ਇਸੇ ਤਰ੍ਹਾਂ ਬਿਨਾ ਲੜਾਈ ਕੀਤੇ ਲੁਧਿਆਣਾ ਤੇ ਅੰਬਾਲਾ ਵੀ ਸਿੱਖਾਂ ਦੇ ਕਬਜ਼ੇ ਵਿੱਚ ਆ ਜਾਂਦਾ, ਕਿੰਤੂ ਖਾਲਸਾ ਫੌਜ ਦੇ ਬੇਧਰਮੇਂ ਸੈਨਾਪਤੀਆਂ ਦੀ ਇਹ ਇੱਛਾ ਸੀ ਕਿ ਅਸੀਂ ਅੰਗ੍ਰੇਜ਼ਾਂ ਦੀ ਥੋੜੀ ਜੇਹੀ ਫੌਜ ਨਾਲ ਹੀ ਸਿੱਖ ਸੈਨਾ ਦਾ ਨਾਸ ਕਰਾਣਾ ਹੈ। ਫਿਰ ਉਹ ਕਿੱਕੁਣ ਸਿੱਖਾਂ ਨੂੰ ਫਤਹਯਾਬ ਹੋਣ ਦੇਂਦੇ? (ਦੇਖੋ ਸਿੰਘ ਯੁੱਧ ਪੰਨਾ ੨੯) ਸਰ ਚਾਰਲਸ ਸਾਹਿਬ ਆਪਣੀ ਹਿਸਟਰੀ ਵਿੱਚ ਲਿਖਦੇ ਹਨ ਕਿ ਜੇ ਕਦੀ ਖਾਲਸਾ ਫੌਜ ਨੂੰ ਫ਼ਿਰੋਜ਼ਪੁਰ ਤੇ ਹਮਲਾ ਕਰਨ ਤੋਂ ਰੋਕ ਕੇ ਧੋਖੇਬਾਜ਼ ਲਾਲ ਸਿੰਘ ਅੱਗੇ ਨਾ ਲੈ ਜਾਂਦਾ ਜਾਂ ਜਿਸ ਤਰ੍ਹਾਂ ਖਾਲਸਾ ਫੌਜ ਨੂੰ ਲੈ ਕੇ ਲਾਰਡ ਹਾਰਡਿੰਗ ਦੇ ਕੈਂਪ ਤੇ ਗਿਆ ਸੀ ਹਮਲਾ ਕਰ ਦੇਂਦਾ ਤਦ ਪੂਰਾ ਯਕੀਨ ਸੀ ਕਿ ਸਿੱਖਾਂ ਦੀ ਇੱਛਾ ਪੂਰੀ ਹੋ ਜਾਂਦੀ। ਦੂਜਾ ਲਡਲੂ ਸਾਹਿਬ ਦੇ ਇਤਹਾਸ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੋ ਕੰਮਾਂ ਦੇ ਹੋ ਜਾਣ ਪਿੱਛੋਂ ਵੀ ਸਿੱਖਾਂ ਦੇ ਇਹਨਾਂ ਵੱਡੇ ਅਫਸਰਾਂ ਦੀਆਂ ਹਜ਼ਾਰਾਂ ਦਗੇਬਾਜ਼ੀਆਂ ਹੋਣ ਤੇ ਵੀ ਅੰਗ੍ਰੇਜ਼ ਜਿੱਤ ਨਹੀਂ ਸਕਦੇ ਸਨ। ਤੀਜਾ ਇੱਕ ਹੋਰ ਸਾਹਿਬ ਲਿਖਦੇ ਹਨ ਕਿ ਜੇ ਕਦੀ ਤੇਜਾ ਸਿੰਘ ਅਤੇ ਲਾਲ ਸਿੰਘ ਦੋ ਦਗੇਬਾਜ਼ ਖਾਲਸਾ ਫੌਜ ਵਿੱਚ ਨਾ ਹੁੰਦੇ ਜਾਂ ਖਾਲਸਾ ਇਨ੍ਹਾਂ ਦਾ ਹੁਕਮ ਨਾ ਮੰਨਦਾ ਤਦ ਜ਼ਰੂਰ ਹਿੰਦੁਸਤਾਨ ਖਾਲਸੇ ਦੇ ਹੱਥ ਆ ਜਾਂਦਾ ਤੇ ਅੰਗ੍ਰੇਜ਼ਾਂ ਨੂੰ ਝਟਪਟ ਹੀ ਸੁਲਾਹ ਕਰਨੀ ਪੈਂਦੀ।