

ਰਣਜੋਧ ਸਿੰਘ ਮਜੀਠੀਆ ਫਲੌਰ ਬੈਠਾ ਹੋਇਆ ਸੀ। ਓਹਨੇ ਸਤਲੁਜ ਲੰਘ ਕੇ ਲੁਧਿਆਣੇ ਤੇ ਹੱਲਾ ਬੋਲ ਦਿੱਤਾ। ਰਾਜਾ ਅਜੀਤ ਸਿੰਘ ਲਾਡੂਏ ਵਾਲੇ ਨੇ ਵੀ, ਜਿਸ ਦਾ ਬਦੋਵਾਲ ਦੇ ਇਲਾਕੇ ਨੂੰ ਬਿਨਾਂ ਕਿਸੇ ਕਸੂਰ ਦੇ ਹੀ ਗਵਰਨਮੈਂਟ ਨੇ ਖੋਹ ਲਿਆ ਸੀ, ਓਸੇ ਦਿਨ ਆਪਣੀ ਫੌਜ ਲੈ ਜਾ ਕੇ ਛਾਵਣੀ ਸਾੜ ਦਿੱਤੀ ਤੇ ਲਾਹੌਰ ਦੀ ਫੌਜ ਨਾਲ ਮਿਲਣ ਵਾਸਤੇ ਓਧਰ ਚੱਲ ਪਿਆ ਤੇ ਬਦੋਵਾਲ ਕਿਲ੍ਹੇ ਵਿੱਚ ਜਾ ਵੜਿਆ। ਉਸ ਵੇਲੇ ਲੁਧਿਆਣੇ ਦੀ ਫੌਜ ਕੇਵਲ ਕਿਲ੍ਹੇ ਦਾ ਪ੍ਰਬੰਧ ਰੱਖਣ ਯੋਗ ਬਹੁਤੀ ਨਹੀਂ ਸੀ। ਲੁਧਿਆਣੇ ਤੋਂ ਫਿਰੋਜ਼ਪੁਰ ਦੇ ਇਲਾਕੇ ਵਿੱਚ ਆਪਾਧਾਪੀ ਮਚੀ ਹੋਈ ਸੀ। ਅੰਗ੍ਰੇਜ਼ੀ ਫੌਜ ਨੂੰ ਰਾਸ਼ਣ ਦਾ ਬੜਾ ਤੋੜਾ ਸੀ। ਇਸ ਕਰ ਕੇ ਕੁਝ ਫੌਜ ਬੀਕਾਨੀਰ ਦੇ ਵਾਸਤੇ ਮੁਕਤਸਰ ਦੇ ਕਿਲ੍ਹੇ ਵਿੱਚ ਰਖੀ ਗਈ। ੧੭ ਜਨਵਰੀ ੧੮੪੭ ਈਸਵੀ ਨੂੰ ਜਨਰਲ ਹੈਨਰੀ ਸਮਿਥ ਸਾਹਿਬ ਨੂੰ ਧਰਮਕੋਟ ਆਦਿਕ ਫਤਹ ਕਰਨ ਲਈ ਭੇਜਿਆ ਗਿਆ। ਇੱਕ ਬ੍ਰਗੇਡ ਫੌਜ ਦਾ ਉਹਦੇ ਨਾਲ ਸੀ। ਬਿਨਾ ਕੋਈ ਖੂਨ ਵੀਟੇ ਦੇ ਇਹ ਕਿਲ੍ਹਾ ਓਹਦੇ ਹੱਥ ਆ ਜਾਣ ਦੇ ਕਾਰਨ ਰਸਦ ਦੀ ਆਵਾਜਾਦੀ ਬਿਨਾ ਕਿਸੇ ਰੋਕ ਟੋਕ ਦੇ ਸ਼ੁਰੂ ਹੋ ਗਈ। ਇਸ ਫੌਜ ਦੇ ਭੇਜਣ ਦਾ ਮਨੋਰਥ ਇਹ ਸੀ ਕਿ ਦਿੱਲੀ ਤੋਂ ਆਗਰੇ ਵੱਲੋਂ ਆਉਣ ਵਾਲੇ ਮੈਗਜ਼ੀਨ ਤੇ ਖ਼ਜ਼ਾਨੇ ਦੀ ਰਖਵਾਲੀ ਕੀਤੀ ਜਾਏ ਤੇ ਨਿੱਕੇ ਨਿੱਕੇ ਸਰਦਾਰ ਜੋ ਰਾਸ਼ਣ ਦੇ ਆਉਣ ਵਿੱਚ ਰੁਕਾਵਟ ਪਾਂਦੇ ਸਨ, ਓਹਨਾਂ ਤੋਂ ਰਾਹ ਸਾਫ਼ ਕੀਤਾ ਜਾਏ। ਕਿੰਤੂ ਸਮਿਥ ਸਾਹਿਬ ਨੇ ਲੁਧਿਆਣੇ ਦਾ ਹਾਲ ਸੁਣਦੇ ਹੀ ਉਧਰ ਘੋੜੇ ਦੀਆਂ ਵਾਗਾਂ ਮੋੜੀਆਂ। ੨੦ ਜਨਵਰੀ ਨੂੰ ਪਿੰਡ ਜਗਰਾਓਂ ਪੁੱਜਾ। ਤਦ ਓਥੇ ਸਰਦਾਰ ਨਿਹਾਲ ਸਿੰਘ ਆਹਲੂਵਾਲੀਏ ਦੇ ਕਰਮਚਾਰੀਆਂ ਨੇ ੧੮੦੫ ਦੇ ਇਕਰਾਰਨਾਮੇ ਅਨੁਸਾਰ ਆਪਣਾ ਕਿਲ੍ਹਾ ਉਕਤ ਸਾਹਿਬ ਦੇ ਹਵਾਲੇ ਕਰ ਦਿੱਤਾ ਤੇ ਰਾਸ਼ਣ ਆਦਿਕ ਦੀ ਬਹੁਤ ਮਦਦ ਦਿੱਤੀ।
ਉਹ ਆਪਣੇ ਤਿੰਨ ਹਜ਼ਾਰ ਸਵਾਰ ਚਾਰ ਹਜ਼ਾਰ ਪੈਦਲ ਤੇ ੧੮ ਤੋਪਾਂ ਲੈ ਕੇ ਰਾਤੋ ਰਾਤ ਚੱਲ ਕੇ ਅਗਲੇ ਦਿਨ ੯ ਵਜੇ ਦੇ ਕਰੀਬ ਸਿੱਖ ਫੌਜ ਨੂੰ ਇੱਕ ਪਾਸੇ ਛੱਡਦਾ ਹੋਇਆ ਬਦੋਵਾਲ ਤੋਂ ਦੋ ਕੋਹ ਖੱਬੇ ਹੱਥ ਵਲ ਹੋ ਕੇ ਡਬਲ ਕੂਚ ਕਰਦਾ ਨਿੱਕਲਦਾ ਜਾ ਰਿਹਾ ਸੀ, ਇਸ ਖ਼ਿਆਲ ਤੋਂ ਕਿ ਜੇ ਸਿੱਖ ਫੌਜ ਨੇ ਹਮਲਾ ਕੀਤਾ ਤਦ ਰਸਦ ਆਦਿਕ ਸਾਮਾਨ ਬਚ ਕੇ ਲੁਧਿਆਣੇ ਅੱਪੜ ਜਾਏਗਾ। ਸਾਮਾਨ ਨੂੰ ਖੱਬੇ ਹੱਥ ਰੱਖਯਾ, ਕਿੰਤੂ ਸਿੱਖ ਤਾਂ ਪਹਿਲਾਂ ਹੀ ਇਨ੍ਹਾਂ ਦੀ ਤਾੜ ਵਿੱਚ ਬੈਠੇ ਸਨ। ਜਦ ਅੰਗ੍ਰੇਜ਼ੀ ਫੌਜ ਇਨ੍ਹਾਂ ਦੀ ਨਜ਼ਰੀ ਪਈ ਤਦ ਧੜਾ ਧੜ ਗੋਲੇ ਮਾਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਲਗਾਤਾਰ ਜਵਾਬ ਜਨਰਲ ਸਮਿਥ ਸਾਹਿਬ ਨੂੰ ਵੀ ਦੇਣਾ ਪਿਆ। ਬਾਲੂ ਰੇਤ ਦੇ ਟਿੱਬੇ ਜੋ ਉਸ ਇਲਾਕੇ ਵਿੱਚ ਬਹੁਤ ਸਨ, ਓਹਨਾਂ ਦੀ ਆੜ ਵਿੱਚ ਲੜਦੇ ਹੋਏ ਇਸ ਆਸ ਤੇ ਕਿ ਕਿਸੇ ਤਰ੍ਹਾਂ ਇੰਜ ਲੜਦੇ ਲੁਧਿਆਣੇ ਅੱਪੜ ਜਾਈਏ, ਉਧਰ ਕਦਮ ਉਠਾਂਦੇ ਚਲੇ ਗਏ। ਕਿਧਰੇ ਕਿਧਰੇ ਪਿਛਲੀ ਫੌਜ ਨੂੰ ਮਿਲਾਣ ਲਈ ਠਹਿਰ ਕੇ ਵੀ ਗੋਲਾਬਾਰੀ ਕਰਦੇ ਸਨ, ਕਿੰਤੂ ਤਿੰਨ ਕੋਹ ਤਕ ਪੁੱਜੇ ਹੋਣਗੇ ਕਿ ਸਿੱਖਾਂ ਨੇ ਬੜੇ ਜੋਸ਼ ਦੇ ਵਿੱਚ ਆ ਕੇ ਅਜਿਹਾ ਹੱਲਾ ਕੀਤਾ ਤੇ ਇੰਨੀ ਤੇਜ਼ੀ ਨਾਲ ਤਲਵਾਰ ਚਲਾਈ ਕਿ ਸੈਂਕੜੇ ਗੋਰੇ ਮਦਾਨ ਵਿੱਚ ਲਿਟਾ ਦਿਤੇ। ਭਾਵੇਂ ਅੰਗਰੇਜ਼ੀ ਫੌਜ ਵੀ ਬਹੁਤ ਬਹਾਦਰੀ ਨਾਲ ਲੜੀ, ਕਿੰਤੂ ਰਾਹ ਦੀਆਂ ਤਕਲੀਫ਼ਾਂ ਤੇ ਥੋੜ੍ਹੀ ਹੋਣ ਦੇ ਕਾਰਨ ਨੱਸ ਟੁਰੀ। ਜਨਰਲ ਸਮਿਥ ਆਪਣੀ ਫੌਜ ਨੂੰ ਨਸਦਿਆਂ ਵੇਖ ਕੇ ਸਾਰਾ ਰਾਸ਼ਣ ਤੇ ਗੋਲਾ ਬਾਰੂਦ ਛੱਡ ਕੇ ਫੌਜ ਨੂੰ ਨਾਲ ਲੈ ਕੇ ਲੁਧਿਆਣੇ ਵੱਲ ਚਲਾ ਗਿਆ। ਜਨਰਲ ਕਨਿੰਘਮ ਤੇ ਹਰਕਨ ਸਾਹਿਬ ਲਿਖਦੇ ਹਨ ਕਿ ਜੇ ਕਦੀ ਰਣਜੋਧ ਸਿੰਘ ਵੀ ਤੇਜ ਸਿੰਘ ਤੇ ਲਾਲ ਸਿੰਘ ਦੀ ਤਰ੍ਹਾਂ ਅੰਦਰੋਂ ਅੰਗ੍ਰੇਜ਼ਾਂ ਨਾਲ ਮਿਲਿਆ ਹੋਇਆ ਨਾ ਹੋਂਦਾ, ਤਦ ਬੱਦੋਵਾਲ ਦੀ ਲੜਾਈ ਠੀਕ ਫਤਹ ਹੋਣ ਦੇ ਵੇਲੇ ਫੌਜ ਨੂੰ ਲੜਦਿਆਂ ਛੱਡ ਇਕਲਵੰਜੇ ਨਾ ਹੋ ਜਾਂਦਾ। ਦੂਜਾ ਨੱਠੀ ਜਾਂਦੀ ਅੰਗਰੇਜ਼ੀ ਫੌਜ ਤੇ ਹੱਲਾ ਕਰਨ ਦਾ ਖਾਲਸੇ ਨੂੰ ਹੁਕਮ ਦੇਂਦਾ। ਜੇ ਕਦੀ ਓਹ ਅਜਿਹਾ ਕਰਦਾ ਤਦ ਸਿੱਖ ਜ਼ਰੂਰ ਅੰਗਰੇਜ਼ਾਂ ਨੂੰ ਇਸ ਮੁਲਕ ਵਿੱਚੋਂ ਕੱਢ ਦੇਂਦੇ। ਕਿੰਤੂ ਇਹ ਤਾਂ ਸਿੱਖਾਂ ਨੂੰ ਅੰਗ੍ਰੇਜ਼ਾਂ ਦਾ ਸਾਮਾਨ ਲੁੱਟਣ ਤੇ ਲਾ ਕੇ ਆਪ ਅੱਡ ਹੋ ਗਿਆ (ਵੇਖੋ ਸਿੰਘ ਯੁੱਧ ਸਫਾ ੬੫)