

ਇਸ ਤਰ੍ਹਾਂ ਬਹੁਤ ਸਾਰਿਆਂ ਨੇ ਇਸ ਘ੍ਰਿਣਤ ਕੰਮ ਦੇ ਰੋਕਣ ਲਈ ਸਿਰ ਪਟਕੇ, ਕਿੰਤੂ ਕਿਸੇ ਗੱਲ ਦੀ ਪ੍ਰਵਾਹ ਨਾ ਕਰ ਕੇ ਲਾਰਡ ਡਲਹੌਜ਼ੀ ਨੇ ਇਸ਼ਤਿਹਾਰ ਦੇ ਦਿੱਤਾ ਕਿ ਰਾਣੀ ਜਿੰਦਾਂ ਦੀ ਕੈਦ ਤੇ ਦੇਸ ਨਿਕਾਲਾ ਕੇਵਲ ਅੰਗ੍ਰੇਜ਼ਾਂ ਦੀ ਹੁਸ਼ਿਆਰੀ ਦਾ ਕੰਮ ਨਹੀਂ, ਬਲਕਿ ਸਜ਼ਾ ਦਾ ਨਮੂਨਾ ਹੈ। ਇਸ ਤੇ ਵੈਲ ਸਾਹਿਬ ਨੇ ਲਿਖਿਆ ਹੈ ਕਿ ਜਿਸ ਤਰ੍ਹਾਂ ਇਹ ਧੱਕਾ ਤੇ ਵਧੀਕੀ ਕੀਤੀ ਗਈ ਹੈ, ਓਹੋ ਜਿਹਾ ਇਨਸਾਫ਼ ਹੋਂਦਾ ਹੋਵੇਗਾ। ਜੇਹੜੇ ਸਿੱਖ ਲੋਕ ਰਾਜ ਦੇ ਚਾਹਵਾਨ ਹਨ, ਓਹਨਾਂ ਦੀ ਨਜ਼ਰ ਵਿੱਚ ਰਾਣੀ ਦੀ ਜਲਾਵਤਨੀ ਕੌਮੀ ਬੇਪਤੀ ਤੇ ਰਾਜ ਖੋਹਣ ਦੀ ਪਹਿਲੀ ਪੌੜੀ ਹੈ। ਇਸ ਵੇਲੇ ਬਹੁਤ ਸਾਰੀਆਂ ਤਕਲੀਫਾਂ ਦੇ ਡਰ ਤੋਂ ਪੰਜਾਬੀਆਂ ਦਾ ਚੁੱਪ ਰਹਿਣਾ ਇੱਕ ਖਤਰਨਾਕ ਅੱਗ ਭੜਕਣ ਦਾ ਸ਼ੁਬ੍ਹਾ ਹੈ।
ਸੋ ਅੰਤ ਨੂੰ ਵੈਲ ਸਾਹਿਬ ਦੀ ਗਲ ਭੀ ਸੱਚ ਨਿੱਕਲੀ। ਰਾਣੀ ਜਿੰਦਾਂ ਦੇ ਫੜੇ ਜਾਣ ਦੀ ਖ਼ਬਰ ਸੁਣ ਕੇ ਸਿੱਖ ਫੌਜ ਵਿੱਚ ਇਸ ਗੁੱਸੇ ਤੇ ਕ੍ਰੋਧ ਦੀ ਅਗਨੀ ਭੜਕ ਉੱਠੀ, ਜਿਸ ਦਾ ਭਬਾਕਾ ਸਭ ਤੋਂ ਪਹਿਲਾਂ ਹਜ਼ਾਰੇ ਦੇ ਜ਼ਿਲੇ ਵਿੱਚੋਂ ਉੱਠ ਕੇ ਅਕਾਸ਼ ਨੂੰ ਚੰਮੜਣ ਲੱਗਾ, ਜਿਸ ਦਾ ਅਸਲ ਕਾਰਨ ਇਹ ਹੈ ਕਿ ਸਰਦਾਰ ਚਤਰ ਸਿੰਘ ਹਜ਼ਾਰੇ ਵਾਲਾ ਜਿਸ ਦੀ ਲੜਕੀ ਤੇਜ ਕੌਰ ਦਾ ਵਿਵਾਹ ਮਹਾਰਾਜਾ ਦਲੀਪ ਸਿੰਘ ਨਾਲ ਹੋਣ ਦਾ ਨਿਸਚਾ ਹੋਇਆ ਹੋਯਾ ਸੀ, ਹਜ਼ਾਰੇ ਦਾ ਗਵਰਨਰ ਸੀ। ਓਸ ਨੇ ਵਿਆਹ ਕਰਨ ਦਾ ਦਿਨ ਨੀਯਤ ਕਰਨ ਵਾਸਤੇ ਗਵਰਨਰ ਜਨਰਲ ਨੂੰ ਲਿਖਿਆ, ਜਿਸ ਨੂੰ ਮਨਜ਼ੂਰ ਕਰਾਣ ਵਾਸਤੇ ਲਫਟੰਟ ਐਡਵਰਡਸ ਸਾਹਿਬ ਨੇ ਵੀ ਸਫਾਰਸ਼ ਕਰ ਕੇ ਲਿਖਿਆ ਕਿ ਦਿਨ ਨੀਯਤ ਹੋ ਜਾਣ ਤੋਂ ਬੁੱਢੇ ਸਰਦਾਰ ਚਤਰ ਸਿੰਘ ਦੀ ਆਸ਼ਾ ਹੀ ਪੂਰੀ ਨਹੀਂ ਹੋ ਜਾਏਗੀ, ਬਲਕਿ ਸਾਰੇ ਪੰਜਾਬੀਆਂ ਦੇ ਦਿਲ ਵਿੱਚ ਅਨਜਾਣ ਮਹਾਰਾਜਾ ਦਲੀਪ ਸਿੰਘ ਦਾ ਰਾਜ ਖੋਹਣ ਬਾਬਤ ਜੋ ਸੂਬੇ ਹੋ ਰਹੇ ਸਨ, ਓਹ ਸਾਰੇ ਦੂਰ ਹੋ ਜਾਣਗੇ। ਇਸ ਦਰਖ਼ਾਸਤ ਦਾ ਉਤ੍ਰ ਸਰਦਾਰ ਚਤਰ ਸਿੰਘ ਨੂੰ ਓਹਦੇ ਲੜਕੇ ਗੁਲਾਬ ਸਿੰਘ ਦੇ ਹੱਥ ਅਜਿਹਾ ਸਖ਼ਤ ਰੈਜ਼ੀਡੰਟ ਨੇ ਦਿੱਤਾ, ਜਿਸ ਤੋਂ ਸਰਦਾਰ ਚਤਰ ਸਿੰਘ ਦਾ ਦਿਲ ਬੜਾ ਦੁਖੀ ਹੋਇਆ ਤੇ ਅਗੋਂ ਨੂੰ ਵਿਆਹ ਹੋਣ ਤੇ ਵੀ ਓਹਨੂੰ ਨਿਰਾਸ਼ ਹੋਣਾ ਪਿਆ। ਇਸ ਤੋਂ ਪਿੱਛੋਂ ਕਪਤਾਨ ਐਬਟ ਸਾਹਿਬ ਨੇ ਜੋ ਸਰਦਾਰ ਚਤਰ ਸਿੰਘ ਦੇ ਮੱਦਦੀ ਬਣਾ ਕੇ ਹਜ਼ਾਰੇ ਦੇ ਜ਼ਿਲੇ ਵਿੱਚ ਭੇਜੇ ਗਏ ਸਨ, ਸ਼ਕਾਇਤ ਕਰਨ ਤੇ ਜੋ ਸਲੂਕ ਸ੍ਰਦਾਰ ਚਤਰ ਸਿੰਘ ਨਾਲ ਕੀਤਾ ਗਿਆ, ਓਹ ਅੰਗ੍ਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਦੂਜੇ ਸੰਗਰਾਮ ਹੋਣ ਦਾ ਕਾਰਣ ਹੋਇਆ।
ਸ੍ਰਦਾਰ ਚਤਰ ਸਿੰਘ ਹਜ਼ਾਰੇ ਦੇ ਜ਼ਿਲੇ ਦਾ ਹਾਕਮ ਸੀ, ਇਸ ਇਲਾਕੇ ਵਿੱਚ ਮੁਸਲਮਾਨਾਂ ਦੀ ਵੱਸੋਂ ਬਹੁਤੀ ਹੈ ਤੇ ਓਹ ਕੌਮਾਂ ਰਹਿੰਦੀਆਂ ਹਨ, ਜਿਨ੍ਹਾਂ ਦਾ ਕਿ ਸਦਾ ਹੀ ਲੜਨਾ ਭਿੜਨਾ ਆਪਸ ਵਿੱਚ ਬਣਿਆ ਰਹਿੰਦਾ ਹੈ। ਕਪਤਾਨ ਐਬਟ ਸਾਹਿਬ ਨੂੰ ਸਰਦਾਰ ਚਤਰ ਸਿੰਘ ਦੀ ਮਦਦ ਵਾਸਤੇ ਭੇਜਿਆ ਗਿਆ। ਓਹਨੇ ਜਾਂਦੇ ਹੀ ਦੀਵਾਨ ਜਵਾਲਾ ਸਹਾਇ ਤੇ ਸਰਦਾਰ ਝੰਡਾ ਸਿੰਘ ਨੂੰ ਬੇਪਤ ਕਰਾ ਦਿੱਤਾ, ਤੇ ਇਹਨਾਂ ਦੇ ਵਿਰੁੱਧ ਓਹ ਦੂਸ਼ਣ ਲਾਏ ਕਿ ਜਿਨ੍ਹਾਂ ਦਾ ਜ਼ਿਕਰ ਕਰਦਿਆਂ ਵੀ ਸ਼ਰਮ ਆਉਂਦੀ ਹੈ।
ਦੀਵਾਨ ਜਵਾਲਾ ਸਹਾਏ ਇੱਕ ਬੜਾ ਹੀ ਭਲਾ ਮਾਨਸ ਤੇ ਸ਼ਰੀਫ ਆਦਮੀ ਸੀ। ਹਰ ਚੰਦ ਐਬਟ ਸਾਹਿਬ ਤੋਂ ਬਚਨ ਦਾ ਯਤਨ ਕਰਦਾ ਰਿਹਾ, ਕਿੰਤੂ ਕਪਤਾਨ ਸਾਹਿਬ ਨੇ ਓਹਦੀ ਇੱਜ਼ਤ ਨੂੰ ਵਿਗਾੜ ਹੀ ਦਿੱਤਾ। ਇਸੇ ਤਰ੍ਹਾਂ ਸ੍ਰਦਾਰ ਝੰਡਾ ਸਿੰਘ ਦੀ ਫੌਜ ਦੇ ਕੁਝ ਆਦਮੀ ਬਾਗ਼ੀ ਹੋ ਗਏ। ਓਹਨੇ ਸਰਦਾਰ ਝੰਡਾ ਸਿੰਘ ਨੂੰ ਵੀ ਬਾਗ਼ੀ ਦੱਸਿਆ, ਜਿਸ ਤੇ ਰੈਜ਼ੀਡੰਟ ਸਾਹਿਬ ਨੇ ਇਸ ਨੂੰ ਲਿਖਿਆ ਕਿ ਆਪ ਦੀ ਰਾਏ ਉੱਕਾ ਹੀ ਨਿਰਮੂਲ ਹੈ।
ਸਰ ਹੈਨਰੀ ਲਾਰੰਸ ਸਾਹਿਬ ਨੇ ਐਬਟ ਸਾਹਿਬ ਬਾਬਤ ਰੈਜ਼ੀਡੰਟ ਨੂੰ ਲਿਖਿਆ ਸੀ ਕਿ ਕਪਤਾਨ ਐਬਟ ਹਰ ਇੱਕ ਗੱਲ ਦੇ ਉਲਟੇ ਪੁਲਟੇ ਅਰਥ ਕਰ ਕੇ ਧੋਖੇ ਦੇ ਭਾਵ ਕੱਢ ਕੇ ਬਾਕੀ ਟੇਡੀਆਂ ਚਾਲਾਂ ਚਲਦਾ ਹੈ।