

ਅਹਿਮਦ ਖਾਂ ਨੇ ਮੁਲਤਾਨ ਜਾ ਕੇ ਮਹਾਰਾਜੇ ਵੱਲ ਆਦਮੀ ਭੇਜ ਕੇ ਸੁਲਾਹ ਕਰ ਲਈ। ਫੌਜ ਦਾ ਖ਼ਰਚ ਤੇ ਨਜ਼ਰਾਨਾ ਪੇਸ਼ ਕੀਤਾ। ਅੱਗੋਂ ਨੂੰ ੬੦ ਹਜ਼ਾਰ ਸਾਲਾਨਾ ਦੇਣਾ ਕੀਤਾ। ਮਹਾਰਾਜਾ ਨੇ ਇਸੇ ਨੂੰ ਇਸ ਇਲਾਕੇ ਤੇ ਮੁੜ ਨੀਯਤ ਕਰ ਦਿੱਤਾ।
੫੧. ਸ੍ਰੀ ਅੰਮ੍ਰਿਤਸਰ ਜੀ ਦਾ ਪ੍ਰਬੰਧ
ਉੱਚ ਵੱਲੋਂ ਮੁੜ ਕੇ ਮਹਾਰਾਜਾ ਸਾਹਿਬ ਅੰਮ੍ਰਿਤਸਰ ਜੀ ਆਏ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਕੇ ਚੜ੍ਹਾਵਾ ਚੜ੍ਹਾਇਆ ਤੇ ਦਾਨ ਦਿੱਤਾ। ਇੱਥੇ ਇੱਕ ਆਮ ਦਰਬਾਰ ਕਰ ਕੇ ਫੌਜੀਆਂ ਨੂੰ ਅਹੁਦੇ ਦਿੱਤੇ ਤੇ ਸ਼ਹਿਰ ਦੇ ਪ੍ਰਬੰਧ ਲਈ ਨਿਮਨ ਲਿਖਤ ਹਾਕਮ ਚੁਣੇ:
ਸਰਦਾਰ ਹੁਕਮ ਖਾਂ ਤੇ ਗੋਸ਼ ਖਾਂ ਨੂੰ ਵੱਖੋ ਵੱਖ ਤੋਪਖਾਨਿਆਂ ਦਾ ਅਫਸਰ ਬਣਾਇਆ। ਹਰੀ ਸਿੰਘ ਨਲਵਾ ਜੋ ਪਹਿਲਾਂ ਮਹਾਰਾਜਾ ਸਾਹਿਬ ਦੇ ਖਾਸ ਆਦਮੀਆਂ ਵਿਚੋਂ ਸੀ, ੮੦੦ ਸਪਾਹੀ ਪੈਦਲ ਤੇ ਸਵਾਰ ਓਹਦੇ ਸਪੁਰਦ ਕੀਤੇ। ਸਰਦਾਰ ਦੇਸਾ ਸਿੰਘ ਨੂੰ ੪੦੦ ਸਿਪਾਹੀਆਂ ਦਾ ਅਫਸਰ ਬਣਾਇਆ। ਰੋਸ਼ਨ ਖਾਂ ਤੇ ਸ਼ੇਖ ਅਬਦੁਲਾ ਹਿੰਦੁਸਤਾਨੀ ਅਫਸਰਾਂ ਦੇ ਅਧੀਨ ੨੦੦੦ ਫੌਜ ਰੱਖੀ। ਮਿਲਖਾ ਸਿੰਘ ਨੂੰ ੭੦੦ ਸਵਾਰ ਦੇ ਕੇ ਰਾਵਲਪਿੰਡੀ ਨੀਯਤ ਕੀਤਾ। ਸਰਦਾਰ ਜੋਧ ਸਿੰਘ ਨੂੰ ੪੦੦ ਸਵਾਰ ਦੇ ਕੇ ਘੇਬ ਦਾ ਇਲਾਕਾ ਓਹਦੇ ਸਪੁਰਦ ਕੀਤਾ। ਸਰਦਾਰ ਫਤਹ ਸਿੰਘ ਧਾਰੀ ਦੇ ਲੜਕੇ ਅਤਰ ਸਿੰਘ ਨੂੰ ੫੦੦ ਸਵਾਰ ਤੇ ਰਸਾਲਦਾਰ ਬਣਾਇਆ। ਮਿਤ ਸਿੰਘ ਨੂੰ ੫੦੦ ਜਵਾਨਾਂ ਤੇ ਅਫਸਰ ਨੀਯਤ ਕੀਤਾ। ਕਿਰਪਾ ਸਿੰਘ ੧੦੦੦ ਸਿਪਾਹੀਆਂ ਤੇ, ਨਿਹਾਲ ਸਿੰਘ ੫੦੦ ਸਵਾਰਾਂ ਤੇ ਅਫਸਰ ਨੀਯਤ ਹੋਏ। ਬਾਜ ਸਿੰਘ ਤੇ ਭਾਗ ਸਿੰਘ ਨੂੰ ੫੦੦ ਸਪਾਹ ਤੇ ਅਫਸਰ ਬਣਾਇਆ। ਮੋਰਨੀਵਾਲਾ ਦਾ ਖ਼ਿਤਾਬ ਮਿਲਿਆ ਤੇ ਕੁਝ ਜਾਗੀਰ ਵੀ ਮਿਲੀ।
ਇਸ ਤੋਂ ਛੁਟ ਹੇਠ ਲਿਖੇ ਸਰਦਾਰਾਂ ਨੂੰ ਫੌਜ ਵਿੱਚ ਇੱਜ਼ਤ ਵਾਲੇ ਅਹੁਦੇ ਦਿੱਤੇ ਗਏ ਤੇ ਇਨ੍ਹਾਂ ਨੂੰ ਕਿਹਾ ਗਿਆ ਕਿ ਲੋੜ ਪੈਣ ਤੇ ਤੁਸਾਂ ਇੰਨੀ ਇੰਨੀ ਫੌਜ ਭਰਤੀ ਕਰਾਣੀ:
ਸਰਦਾਰ ਜੱਸਾ ਸਿੰਘ ਪੁੱਤ੍ਰ ਕਰਮ ਸਿੰਘ, ਜੀਤ ਸਿੰਘ ਪੁੱਤ੍ਰ ਲਹਿਣਾ ਸਿੰਘ, ਭਾਗ ਸਿੰਘ ਹਲੋਵਾਲੀਆ, ਸਾਹਿਬ ਸਿੰਘ ਪੁੱਤਰ ਗੁਜਰ ਸਿੰਘ ਤੇ ਤਾਰਾ ਸਿੰਘ ਚਮ੍ਯਾਰੀ ਵਾਲਿਆਂ ਤੋਂ ਦਸ ਹਜਾਰ ਸਪਾਹ, ਨਕੇ ਦੇ ਇਲਾਕੇ ਦੇ ਸਰਦਾਰਾਂ ਤੋਂ ੪੦੦੦, ਘਨੱਯਾਂ ਤੋਂ ੫੦੦੦, ਦਵਾਬੇ ਤੋਂ ੭੦੦੦, ਪਹਾੜੀ ਰਈਸਾਂ ਤੋਂ ੫੦੦੦।
੫੨. ਮੁਸਲਮਾਨ ਰਈਸਾਂ ਦਾ ਸ਼ਰਨ ਵਿੱਚ ਆਉਣਾ
ਕਾਬਲ ਦਾ ਰਾਜ ਪ੍ਰਬੰਧ ਖ਼ਰਾਬ ਹੋ ਚੁੱਕਾ ਸੀ। ਓਥੇ ਦੇ ਹਾਕਮਾਂ ਨੂੰ ਹੁਣ ਮਹਾਰਾਜਾ ਸਾਹਿਬ ਦੇ ਸਾਹਮਣੇ ਆਉਣ ਦੀ ਹਿੰਮਤ ਨਹੀਂ ਪੈਂਦੀ ਸੀ, ਜਿਸ ਤੋਂ ਪਰਜਾ ਨੂੰ ਇਨ੍ਹਾਂ ਦੇ ਆਉਣ ਤੇ ਜੋ ਕਸ਼ਟ ਹੁੰਦੇ ਸਨ, ਓਹਨਾਂ ਵੱਲੋਂ ਬੇਫਿਕਰੀ ਹੋ ਗਈ ਸੀ। ਦਰਯਾਏ ਜੇਹਲਮ ਤੇ ਝਨਾਂ ਦੇ ਕੰਢੇ ਦੇ ਮੁਸਲਮਾਨ ਹਾਕਮਾਂ ਨੇ ਵੀ ਹੁਣ ਇਸੇ ਵਿੱਚ ਕਲ੍ਯਾਨ ਜਾਤੀ ਕਿ ਮਹਾਰਾਜਾ ਸਾਹਿਬ ਨਾਲ ਮੇਲ ਕਰ ਕੇ ਅਧੀਨਤਾ ਸ੍ਵੀਕਾਰ ਕਰ ਲੈਣ। ਸੋ ਅਜਿਹਾ ਕਰਨ ਵਿੱਚ ਓਹਨਾਂ ਆਪਣਾ ਫਖਰ ਸਮਝਿਆ।
੫੩. ਰਾਜ ਪ੍ਰਬੰਧ ਵੱਲ ਧਿਆਨ
ਮਹਾਰਾਜਾ ਮੁਲਕ ਦਾ ਦੌਰਾ ਕਰਦੇ ਹਰਦਵਾਰ ਵੱਲ ਚਕਰ ਲਾਂਦੇ ਜਦ ਵਾਪਸ ਮੁੜੇ ਤਦ ਓਸ ਸਾਰੇ ਇਲਾਕੇ ਦੀ ਖ਼ਬਰ ਲਈ, ਜੋ ਅਹਿਮਦ ਸ਼ਾਹ ਫਤਹ ਕਰ ਗਿਆ ਸੀ। ਉੱਥੋਂ ਦੇ ਦੁਰਾਨੀ ਹਾਕਮਾਂ ਤੇ ਅਜਿਹਾ ਅਸਰ ਪਿਆ ਕਿ ਓਹਨਾਂ ਨੇ ਵੀ ਸਿਰ ਝੁਕਾ ਦਿੱਤਾ। ਮਹਾਰਾਜਾ ਸਾਹਿਬ ਨੇ ਮੁਲਕੀ ਲੋੜਾਂ ਤੇ ਪ੍ਰਜਾ ਦੇ ਸੁਖ ਨੂੰ ਸਾਹਮਣੇ ਰੱਖ ਕੇ ਕੁਝ ਮਾਮਲਾ ਵਧਾ ਦਿੱਤਾ। ਝੰਗ ਦੇ ਹਾਕਮ ਨੇ ਪਹਿਲਾਂ ੬੦ ਹਜ਼ਾਰ ਖਰਾਜ ਦੇਣਾ ਪ੍ਰਵਾਨ ਕੀਤਾ ਸੀ, ਹੁਣ ਇਸ ਨੇ ਇਹ ਰਕਮ ਦੂਣੀ ਦੇਣੀ ਪ੍ਰਵਾਨ ਕਰ ਲਈ।