

੭੮. ਸਤਲੁਜ ਤੋਂ ਪਾਰ ਚੜ੍ਹਾਈ
ਇਸ ਸਮੇਂ ਜਦ ਕਿ ਸਫੀਰ ਨਾਲ ਅਜੇ ਕਿਸੇ ਗੱਲ ਦਾ ਫੈਸਲਾ ਨਹੀਂ ਹੋਇਆ ਸੀ, ਮਹਾਰਾਜਾ ਸਾਹਿਬ ਨੇ ਸਤਲੁਜ ਦੇ ਪਾਰ ਦੇ ਇਲਾਕੇ ਤੇ ਚੜ੍ਹਾਈ ਕਰ ਦਿੱਤੀ ਤੇ ਆਪਣੇ ਸੈਕ੍ਰੇਟਰੀ ਅਜੀਜੁਦੀਨ ਨੂੰ ਹੁਕਮ ਦਿੱਤਾ ਕਿ ਮਿਸਟਰ ਮਟਕਾਫ ਦੇ ਪਿੱਛੇ ਪਿੱਛੇ ਆਓ। ਮਹਾਰਾਜੇ ਦਾ ਇੰਜ ਕਰਨਾ ਅੰਗਰੇਜ਼ੀ ਸਫੀਰ ਨੂੰ ਬੜਾ ਬੁਰਾ ਭਾਸਿਆ, ਕਿੰਤੂ ਓਹਨਾਂ ਨੇ ਸਹਿਨਸ਼ੀਲਤਾ ਤੋਂ ਕੰਮ ਲੈ ਕੇ ਕੋਈ ਪ੍ਰਵਾਹ ਨਾ ਕੀਤੀ। ਖਟੀ ਦੇ ਮੁਕਾਮ ਤੇ ਮਹਾਰਾਜਾ ਦੀ ਸਫੀਰ ਨਾਲ ਫੇਰ ਮੁਲਾਕਾਤ ਹੋਈ, ਕਿੰਤੂ ਕੋਈ ਚੰਗਾ ਸਿੱਟਾ ਨਾ ਨਿਕਲਿਆ।
੭੯. ਫਿਰੋਜ਼ਪੁਰ, ਫਰੀਦਕੋਟ ਤੇ ਮਲੇਰਕੋਟਲੇ ਦੀ ਫਤਹ
ਫਿਰ ਮਹਾਰਾਜਾ ਸਾਹਿਬ ਨੇ ਫਿਰੋਜ਼ਪੁਰ ਤੋਂ ਨਜ਼ਰਾਨਾ ਵਸੂਲ ਕਰ ਕੇ ਆਪਣੇ ਬਹਾਦਰ ਮੁਲਾਜ਼ਮ ਕਰਮ ਚੰਦ ਨੂੰ ਫਰੀਦਕੋਟ ਤੇ ਘੇਰਾ ਪਾਉਣ ਲਈ ਭੇਜਿਆ। ਦੂਜੇ ਦਿਨ ਮਹਾਰਾਜਾ ਆਪ ਵੀ ਅੱਪੜ ਗਿਆ। ਰਿਆਸਤ ਤੇ ਕਬਜਾ ਕਰ ਕੇ ਓਥੋਂ ਦਾ ਪ੍ਰਬੰਧ ਦੀਵਾਨ ਚੰਦ ਨੂੰ ਸੌਂਪ ਕਰ ਕੇ ਫੌਜ ਨੂੰ ਹੁਕਮ ਦਿੱਤਾ ਕਿ ਮਲੇਰਕੋਟਲੇ ਵੱਲ ਚੜ੍ਹਾਈ ਕੀਤੀ ਜਾਵੇ। ਮਲੇਰਕੋਟਲੇ ਦਾ ਹਾਕਮ ਅਤਾਉਲਾ ਸੀ। ਓਸ ਨੇ ਬੜੀ ਤਕਲੀਫ ਨਾਲ ਆਪਣੇ ਕੁਝ ਪਿੰਡ ਮਹਾਰਾਜਾ ਪਟਿਆਲਾ ਪਾਸ ਗਹਿਣੇ ਰੱਖ ਕੇ ਇੱਕ ਲੱਖ ਰੁਪਯਾ ਮਹਾਰਾਜਾ ਸਾਹਿਬ ਨੂੰ ਦਿੱਤਾ।
ਮਿਸਟਰ ਮਟਕਾਫ ਨੂੰ ਮਹਾਰਾਜੇ ਦੀ ਇਹ ਤੇਜ਼ੀ ਪਸੰਦ ਨਹੀਂ ਆਈ ਤੇ ਓਹਨਾਂ ਮਹਾਰਾਜਾ ਸਾਹਿਬ ਦੇ ਇੰਜ ਕਰਨ ਦੇ ਵਿਰੁੱਧ ਇਤਰਾਜ ਕਰ ਕੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਹਿ ਭੇਜਿਆ ਕਿ ਸ਼ੋਕ ਹੈ ਕਿ ਮਹਾਰਾਜਾ ਸਾਹਿਬ ਨੇ ਸਰਹੱਦ ਦਾ ਫੈਸਲਾ ਕਰਨ ਤੋਂ ਪਹਿਲਾਂ ਹੀ ਮੇਰੀ ਹੱਦ ਵਿੱਚ ਝਗੜੇ ਵਾਲੇ ਇਲਾਕੇ ਤੇ; ਜਿਸ ਦੇ ਫੈਸਲਾ ਕਰਨ ਲਈ ਮੈਂ ਸਫੀਰ ਨੀਯਤ ਹੋਇਆ ਹਾਂ, ਹਮਲਾ ਕਰ ਦਿੱਤਾ ਹੈ। ਕਿੰਤੂ ਮਹਾਰਾਜਾ ਸਾਹਿਬ ਦੀ ਇੱਛਾ ਇਹ ਸੀ ਕਿ ਫੈਸਲਾ ਹੋਣ ਤੋਂ ਪਹਿਲਾਂ ਪਹਿਲਾਂ ਜਮਨਾ ਤੱਕ ਦਾ ਇਲਾਕਾ ਦਰਬਾਰ ਲਾਹੌਰ ਨਾਲ ਸ਼ਾਮਲ ਹੋ ਜਾਵੇ। ਇਸ ਕਰ ਕੇ ਓਹਨਾਂ ਸਫੀਰ ਦੀ ਵਿਰੋਧਤਾ ਦੀ ਉੱਕਾ ਪ੍ਰਵਾਹ ਨਾ ਕੀਤੀ ਤੇ ਇਹ ਹੁਕਮ ਦੇ ਕੇ ਕਿ ਮੈਂ ਇਸ ਚੜ੍ਹਾਈ ਤੋਂ ਮੁੜ ਕੇ ਫੈਸਲਾ ਕਰਾਂਗਾ ਅੱਗੇ ਵਧੇ। ਮਿਸਟਰ ਮਟਕਾਫ ਇਹ ਸਲੂਕ ਹੋਇਆ ਵੇਖ ਕੇ ਚੁੱਪ ਚਾਪ ਬੈਠ ਗਏ ਤੇ ਸਤਲੁਜ ਦੇ ਮੁਕਾਮ ਫਤਿਆਬਾਦ ਤੇ ਡੇਰਾ ਕਰ ਦਿੱਤਾ ਤੇ ਇਸ ਉਡੀਕ ਵਿੱਚ ਰਹੇ ਕਿ ਮਹਾਰਾਜਾ ਸਾਹਿਬ ਆਪਣੇ ਆਪ ਅਸਲ ਗੱਲ ਵੱਲ ਆ ਜਾਣ।
੮੦. ਅੰਬਾਲੇ ਤੇ ਕਬਜ਼ਾ
ਮਹਾਰਾਜਾ ਸਾਹਿਬ ਅੰਬਾਲੇ ਪੁੱਜੇ। ਉੱਥੋਂ ਦੀ ਰਾਣੀ ਦਿਆ ਕੌਰ (ਜੋ ਸਰਦਾਰ ਗੁਰਬਖਸ਼ ਸਿੰਘ ਦੀ ਵਿਧਵਾ ਸੀ) ਦੇ ਇਲਾਕੇ ਨੂੰ ਆਪਣੇ ਮੁਲਕ ਨਾਲ ਮਿਲਾਇਆ। ਉੱਥੇ ਆਪਣੀ ਛਾਵਨੀ ਪਾ ਕੇ ਗੰਡਾ ਸਿੰਘ ਸਾਨੀ ਨੂੰ ੫੦੦੦ ਸਵਾਰਾਂ ਦੇ ਨਾਲ ਨੀਯਤ ਕੀਤਾ। ਫਿਰ ਸਾਹਨੇਵਾਲ, ਚਾਂਦਪੁਰ, ਧਾਰੀ, ਬਹਿਰਾਮਪੁਰ ਆਦਿਕ ਇਲਾਕੇ ਨੂੰ; ਜਿਸ ਦੀ ਆਮਦਨ ੫੦ ਹਜ਼ਾਰ ਰੁਪਏ ਦੇ ਕਰੀਬ ਹੋਵੇਗੀ, ਫਤੇਹ ਕਰ ਕੇ ਦੀਵਾਨ ਮੋਹਕਮ ਚੰਦ ਨੂੰ ਜਾਗੀਰ ਵਜੋਂ ਦੇ ਦਿੱਤਾ ਤੇ ਅੰਬਾਲਾ ਸ਼ਹਿਰ ਤੋਂ ਬਿਨਾਂ ਸਾਰਾ ਇਲਾਕਾ: ਜੋ ਮਹਾਰਾਣੀ ਦਿਆ ਕੌਰ ਦਾ ਲਿਆ ਸੀ, ਨਾਭੇ ਦੇ ਰਾਜਾ ਦੇ ਸਪੁਰਦ ਕਰ ਦਿੱਤਾ। ਸਰਦਾਰ ਕਰਮ ਸਿੰਘ ਸ਼ਾਹ ਅਬਾਦੀ ਤੋਂ ਨਜ਼ਰਾਨਾ ਵਸੂਲ ਕਰ ਕੇ ਰਹੀਮ ਅਬਾਦ, ਮਾਛੀਵਾੜਾ, ਕਾਹਨਾ, ਤਰਦਕੋਟ, ਛਲੋਦੀ ਆਦਿਕ ਇਲਾਕਿਆਂ ਵਿੱਚ ਸਰਦਾਰ ਫਤੇ ਸਿੰਘ ਆਹਲੂਵਾਲੀਆ ਤੇ ਕਰਮ ਸਿੰਘ ਨਾਗਲਾ ਦੇ ਵਿਚਕਾਰ ਵੰਡ ਦਿੱਤਾ।