ਦੇਸ ਦਾ ਗੀਤ
ਕਮਲੋਂ ਮੋਹਣਾ ਮਾਖਿਓਂ ਮਿੱਠਾ,
ਮੇਰਾ ਦੇਸ ਪਿਆਰਾ,
ਚੰਨ ਸੂਰਜ ਵੀ ਇਹਨੂੰ ਆਖਣ,
ਅਪਣੀ ਅੱਖ ਦਾ ਤਾਰਾ ।
ਫਲਸਫੇ ਦੇ ਗ੍ਰੰਥਾਂ ਨੂੰ ਤਕ,
ਦੁਨੀਆਂ ਹੈ ਚੁੰਧਿਆਈ ।
ਯੂਰਪ ਇਹਨੂੰ ਮੰਨ ਰਿਹਾ ਹੈ,
ਉੱਚਾ ਇਲਮ-ਮੁਨਾਰਾ ।
ਇਹਦੀ ਚਿਤਰਕਾਰੀ ਜਗ ਨੂੰ,
ਆਤਮ ਗਿਆਨ ਸੁਝਾਉਂਦੀ,
ਤ ਸੰਗੀਤ ਕਲਾ ਚੋਂ ਨਿਕਲੀ,
ਬ੍ਰਹਮ ਵਿਦਿਆ ਦੀ ਧਾਰਾ ।
ਇਹਦਿਆਂ ਨਾਚਾਂ ਨੇ ਰੰਗ ਲਾਇਆ,
ਉਤਲਾ ਗਿਆਨ ਜਗਾਇਆ ।
ਏਸ ਰਮਜ਼ ਦੀ ਮੀਰਾਂ ਰੂਹ ਸੀ,
ਮੋਹਿਆ ਆਲਮ ਸਾਰਾ।
ਇਹਦੀ ਕਵਿਤਾ ਜਗ ਨੂੰ ਭਾਉਂਦੀ,
ਇਹਦੇ ਨਾਟਕ ਖਿਚਦੇ,
ਫਰਸ਼ਾਂ ਤੋਂ ਅਰਸ਼ਾਂ ਤੇ ਖੜਦੇ,
ਦੇਂਦੇ ਅਜਬ ਹੁਲਾਰਾ ।