ਗੁਰਮੁਖੀ ਤੇ ਸੁਹਾਵਣੇ ਦਾੜ੍ਹੇ
ਇਸ ਟ੍ਰੈਕਟ ਵਿਚ ਭਾਈ ਸਾਹਿਬ ਨੇ ‘ਦਾੜ੍ਹੇ’ ਸਬੰਧੀ ਸਿੱਖੀ ਰਹਿਤ ਨੂੰ ਚੰਗੀ ਤਰ੍ਹਾਂ ਪ੍ਰਗਟ ਕੀਤਾ ਹੈ ਤੇ ਦਸਿਆ ਹੈ ਕਿ ਗੁਰੂ ਘਰ ਵਿਚ "ਸੱਚੀ ਦਾੜ੍ਹੀ" ਕਿਸ ਨੂੰ ਕਿਹਾ ਜਾਂਦਾ ਹੈ । "ਦਾੜ੍ਹਾ" ਪੁਰਸ਼ ਦੀ ਸ਼ਾਨ, ਸਨਮਾਨ ਤੇ ਸਤਿਕਾਰ ਦਾ ਸੂਚਕ ਹੈ । ਅਜ ਕਲ੍ਹ ਦੇ ਜ਼ਮਾਨੇ ਵਿਚ ਫੈਸ਼ਨ-ਪ੍ਰਸਤੀ ਬਹੁਤ ਵਧ ਰਹੀ ਹੈ, ਜਿਸ ਲਈ ਸਿਖਾਂ ਵਿਚ ਵੀ ‘ਦਾੜ੍ਹਾ’ ਚੜਾਉਣ ਤੇ ਇਸ ਨੂੰ ਫਿਕਸੋ ਆਦਿ ਲਾਉਣ ਦੀ ਐਸੀ ਪਰਪਾਟੀ ਚਲ ਪਈ ਹੈ, ਜਿਸ ਨਾਲ ਖ਼ਾਹ-ਮ-ਖ਼ਾਹ ਨੌਜਵਾਨ ਆਪਣੇ ਆਪ ਨੂੰ ਅਉਖਾ ਕਰਦੇ ਹਨ । ਸਿਖ ਦੀ ਰਹਿਣੀ ਬਹਿਣੀ ਸਾਦਗੀ ਤੇ ਸੁਸ਼ੀਲ ਹੋਣ ਦਾ ਪ੍ਰਭਾਵ ਪਾਉਂਦੀ ਹੈ । ਪਰ ਜ਼ਮਾਨੇ ਦੇ ਹੇਰ ਫੇਰ ਨਾਲ ਇਹ ਸਾਦਗੀ ਚਟਪਟੀ ਰੰਗੀਨੀ ਦੀ ਸ਼ਕਲ ਧਾਰਨ ਕਰ ਗਈ ਹੈ । ਜਿਥੇ ਦਾੜ੍ਹੇ ਨੂੰ ਅਉਖਾ ਹੋ ਕੇ ਚੜ੍ਹਾਉਣ ਦਾ ਕਸੂਤਾ ਰਿਵਾਜ ਕਾਲਜਾਂ ਤੇ ਹੋਰ ਸਿਵਲੀਅਨ ਸਿੱਖਾਂ ਵਿਚ ਚਲ ਪਿਆ ਹੈ, ਉਸੇ ਤਰ੍ਹਾਂ ਦਸਤਾਰੇ ਸਜਾਉਣ ਦਾ ਰਿਵਾਜ ਵੀ ਅਵੈੜਾ ਹੀ ਸ਼ੁਰੂ ਹੋ ਗਿਆ ਹੈ । ਪੱਗਾਂ ਦੇ ਕਈ ਬੰਧੇਜ ਤੁਰ ਪਏ ਹਨ-ਜਿਹਾ ਕਿ ਟੋਕਰਾ ਪੱਗ, ਛੱਜਾ ਪੱਗ, ਟੂਟੀ ਪੱਗ, ਟੋਪੀ ਪੱਗ, ਆਦਿ । ਇਹਨਾਂ ਪੱਗਾਂ ਨੂੰ ਮਾਵਾ ਲਾ ਕੇ ਤੇ ਮੇਖਾਂ ਠੋਕ ਕੇ ਐਸਾ ਪੱਕਾ ਕੀਤਾ ਜਾਂਦਾ ਹੈ ਕਿ ਇਕ ਵਾਰ ਬੱਧੀ ਪੱਗ ਕਈ ਦਿਨ ਖੋਲ੍ਹਣੀ ਨਹੀਂ ਪੈਂਦੀ । ਨਿੱਤ ਪੱਗ ਬੰਨ੍ਹਣ ਤੋਂ ਵੀ ਅਜ ਕਲ ਦੇ ਨੌਜਵਾਨ ਕੰਨੀ ਕਤਰਾਉਂਦੇ ਤੇ ਘਬਰਾਉਂਦੇ ਹਨ । ਦਾੜਿਆਂ ਦਾ ਚੜ੍ਹਾਉਣਾ ਤੇ ਪੱਗਾਂ ਦਾ ਇਹ ਨਵਾਂ ਫੈਸ਼ਨ ਸਭ Simple living and high thinking (ਸਾਦਾ ਜੀਵਨ, ਮਤ ਉਚੀ ਤੇ ਮਨ ਨੀਵੇਂ) ਦੇ ਅਸੂਲ ਤੋਂ ਉਲਟ ਹੈ । ਫ਼ੌਜਾਂ ਵਿਚ ਤਾਂ ਸਿੰਘ ਮਜਬੂਰਨ ਦਾੜ੍ਹੇ ਚਾੜ੍ਹਦੇ ਸਨ; ਪਰ ਸਿਵਲ ਦੇ ਸਭ ਪੁਰਾਣੇ ਸਿੰਘ ਦਾੜ੍ਹੇ ਸਿਧੇ ਹੀ ਰਖਦੇ ਸਨ । ਪਰ ਹੁਣ ਸਿਵਲ ਵਿਚ ਵੀ ਇਹ ਨਵੀਂ ਪਰਪਾਟੀ ਚਲ ਪਈ ਹੈ ।
ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਫ਼ੌਜੀ, ਸਿਵਲ ਤੇ ਹੋਰ ਕਾਰ ਵਿਹਾਰੀ ਸਭ ਸਿੰਘ ਦਾੜ੍ਹੇ ਸਿਧੇ ਹੀ ਰਖਦੇ ਸਨ, ਪਰ ਜਦੋਂ ਮਹਾਰਾਜਾ ਸ਼ੇਰ ਸਿੰਘ ਤਖ਼ਤ ਪਰ ਬੈਠੇ ਤਦ ਉਨ੍ਹਾਂ ਨੇ ਦਾੜ੍ਹਾ ਚੜ੍ਹਾਉਣ ਦਾ ਰਿਵਾਜ ਸ਼ੁਰੂ ਕੀਤਾ।