(੫) ਪੰਜਵੀਂ ਸ਼ਰੇਣੀ ਦੇ ਅਜਿਹੇ ਕਾਮ-ਵਿਆਪਕ ਕੁਬੁਧ ਨਰ ਭੀ ਹਨ ਜੋ ਆਪਣੇ ਘਰ ਦੀਆਂ ਜੋਰੂਆਂ (ਜ਼ਨਾਨੀਆਂ) ਦੇ ਕਹੇ ਤੇ ਦਾੜ੍ਹੀਆਂ ਚੜ੍ਹਾਂਦੇ ਹਨ ਕਿ ਅਸੀਂ ਸੋਹਣੇ ਲੱਗੀਏ । ਅਜਿਹੀਆਂ ਜ਼ਨਾਨੀਆਂ ਨੂੰ ਤਾਂ ਉਹ ਸੋਹਣੇ ਤਾਂ ਹੀ ਲਗਣਗੇ ਕਿ ਮੂੰਹ ਤੇ ਦਾੜ੍ਹੀ ਦਾ ਨਮੂਦ ਹੀ ਨ ਰਹੇ ।
ਕੈਸੀ ਸ਼ਰਮਨਾਕ ਹਾਲਤ ਹੈ, ਸ਼ਰਮਨਾਕ ਹੀ ਨਹੀਂ, ਖ਼ਤਰਨਾਕ ਹੈ, ਉਪਰ ਅੰਕਤਾਏ ਪੰਜਾਂ ਨੰਬਰਾਂ ਵਿਚ ਆਏ ਦਾੜ੍ਹੀ-ਨਰੜ ਭੇਖੀ ਸਿਖਾਂ ਦੀ ਜੋ ਦੋਹੀਂ ਸਰਾਈਂ ਨਿਰੇ ਝੂਠੇ ਤੇ ਪਾਜਲ ਸਿਖ ਹੀ ਰਹਿਣਗੇ । ਖ਼ਾਸ ਕਰ ਗੁਰੂ ਨਾਨਕ ਦਸਮੇਸ਼ ਜੀ ਦੀ ਸੱਚੀ ਦਰਗਾਹ ਵਿਚ ਉਹਨਾਂ ਨੂੰ ਕਦੇ ਭੀ ਢੋਈ ਨਹੀਂ ਮਿਲਣੀ । ਇਹ ਗੱਲ ਅਛੀ ਤਰ੍ਹਾਂ ਯਾਦ ਰਹੇ ਕਿ ਅਸਾਡੀਆਂ ਦਸੇ ਗੁਰੂ ਪਾਤਸ਼ਾਹੀਆਂ ਸਿਧੀਆਂ ਗੁਰਮੁਖੀ ਦਾੜ੍ਹੀਆਂ ਸਮੇਤ ਹੀ ਰਹੀਆਂ, ਬਲਕਿ ਸਾਰੇ ਗੁਰੂ ਪਾਤਸ਼ਾਹੀਆਂ ਦੇ ਸਮੇਂ ਦੇ ਗੁਰਸਿਖ ਭੀ ਗੁਰਮੁਖੀ ਦਾੜ੍ਹੀਆਂ ਵਾਲੇ ਸਚੇ ਸਿੰਘ ਸੁਅਜਨ ਹੀ ਗੁਰੂ ਕੇ ਸਚਿਆਰ ਸਿੰਘ ਸੋਭਦੇ ਹਨ । ਇਹ ਦਾੜ੍ਹੀ ਨਰੜਨ ਦੀ ਕੁਬਿਧਤ ਕੇਵਲ ਦੇਖਾ ਦੇਖੀ ਹੀ ਪਈ ਹੋਈ ਹੈ । ਅਤੇ ਬਹੁਤੀ ਸੁਆਰਥ ਅਧੀਨ ਨੌਕਰਾਂ ਚਾਕਰਾਂ ਨੂੰ ਹੀ ਪਈ ਹੋਈ ਹੈ, ਜਿਨ੍ਹਾਂ ਦਾ ਸਿਖੀ ਸਿਦਕ ਹਰਦਮ ਖ਼ਤਰੇ ਵਿਚ ਹੈ।