३
ਫ਼ੌਜੀ ਦਾੜ੍ਹੀਆਂ ਨਰੜਨ ਵਾਲਿਆਂ ਦੇ ਢੋਲ ਦਾ ਪੋਲ
ਇਹ ਗੱਲ ਨਿਸਚਤ ਕਰਕੇ ਸਚੀ ਜਾਨਣੀ ਕਿ ਫ਼ੌਜੀਆਂ ਲਈ ਏਸ ਕਰਕੇ ਦਾੜ੍ਹੀ ਨਰੜਨ ਦਾ ਸਰਕਾਰੀ ਹੁਕਮ ਨਹੀਂ ਹੋਇਆ ਕਿ ਓਹਨਾਂ ਦਾ ਦਾੜ੍ਹਾ ਬੰਦੂਕ ਚਲਾਉਣ ਲਗਿਆਂ ਕੁੰਦੇ ਦੇ ਹੇਠਾਂ ਆ ਜਾਂਦਾ ਸੀ ਅਤੇ ਦਾੜ੍ਹੀ ਦੇ ਰੋਮਾਂ ਦੀ ਬੇਅਦਬੀ ਹੋਂਦੀ ਸੀ । ਸਾਨੂੰ ਇਹ ਗੱਲ ਸਾਡੇ ਇਕ ਨਿਕਟਵਰਤੀ ਸੂਬੇਦਾਰ ਸ਼ਾਮ ਸਿੰਘ ਨੇ, ਜੋ ਸਾਡੇ ਭਤੀਜੇ ਸਜਣ ਸਿੰਘ ਦੇ ਪਿਤਾ ਸਨ, ਸਚੋ ਸਚ ਦਸੀ ਕਿ ਅਸੀਂ ਜਦੋਂ ਸਿਪਾਹੀ ਨਾਵੇਂ ਹੁੰਦੇ ਸਾਂ ਤਾਂ ਅਸੀਂ ਬੰਦੂਕ ਚਲਾਉਂਦੇ ਰਹੇ ਹਾਂ, ਸਾਡਾ ਦਾੜ੍ਹਾ ਕਦੇ ਕੁੰਦੇ ਹੇਠ ਨਹੀਂ ਆਇਆ ਅਤੇ ਨਾ ਹੀ ਕੁੰਦਾ ਦਾੜ੍ਹੇ ਦੇ ਰੋਮਾਂ ਨੂੰ ਕੋਈ ਨੁਕਸਾਨ ਪੁਚਾ ਸਕਦਾ ਹੈ। ਉਨ੍ਹਾਂ ਨੇ ਇਹ ਗੱਲ ਸਚੋ ਸਚ ਦਸੀ ਕਿ ਉਸ ਵੇਲੇ ਦੇ ਪੰਥ-ਭੂਸ਼ਨਾਂ ਨੇ ਹੀ ਅੰਗਰੇਜ਼ ਗੌਰਮੈਂਟ ਨੂੰ ਪ੍ਰੇਰ ਕੇ ਦਾੜ੍ਹੀਆਂ ਚੜ੍ਹਵਾਈਆਂ । ਕੇਵਲ ਦਾੜੀਆਂ ਹੀ ਨਹੀਂ ਚੜ੍ਹਵਾਈਆਂ ਬਲਕਿ ਫ਼ੌਜੀ ਸਿਖਾਂ ਲਈ ਸ਼ਰਾਬ ਪੀਣ ਦਾ ਭੀ ਹੁਕਮ ਦਿਵਾਇਆ। ਓਰੀਐਂਟਲ ਕਾਲਜ ਵਿਚ ਸਰਕਾਰੀ ਮੁਲਾਜ਼ਮ ਉਸ ਵੱਲੇ ਦੇ ਪ੍ਰਸਿਧ ਗਿਆਨੀ ਨੇ ਤਾਂ ਫ਼ੌਜੀਆਂ ਨੂੰ ਦਾੜ੍ਹੀ ਚਾੜ੍ਹਣ ਦਾ ਪ੍ਰੇਰ ਕੇ ਹੁਕਮ, ਉਸ ਵਕਤ ਦੀ ਸਰਕਾਰ ਵਲੋਂ ਦਿਵਾਇਆ। ਉਹ ਦਸਦੇ ਸਨ ਕਿ ਸਾਡੀ ਹੈਰਾਨੀ ਦੀ ਹਦ ਨਾ ਰਹੀ ਜਦੋਂ ਉਸ ਵੇਲੇ ਦੇ ਮੁਖੀ ਭੂਸ਼ਨ ਨੇ ਸਾਡੀ ਫ਼ੌਜ ਵਿਚ ਆ ਕੇ ਬਰਾਂਡੀ ਦਾ ਪਿਆਲਾ ਸਾਥੋਂ ਮੰਗਵਾਇਆ ਅਤੇ ਵੰਗਾਰ ਕੇ ਇਉਂ ਆਖਿਆ ਕਿ ਅਸੀਂ ਹੀ ਬਰਾਂਡੀ ਸ਼ਰਾਬ ਫ਼ੌਜੀ ਸਿਖਾਂ ਲਈ ਜਾਇਜ਼ ਕਰਾਰ ਦਿਵਾਈ ਹੈ। ਦਾਸ ਨੇ ਓਹਨਾਂ ਪਾਸੋਂ ਇਹ ਗੱਲ ਸੁਣ ਕੇ ਪਹਿਲਾਂ ਤਾਂ ਓਰੀਐਂਟਲ ਕਾਲਜ ਵਾਲੇ ਗਿਆਨੀ ਜੀ ਪਾਸ ਜਾ ਕੇ ਮੁਲਾਕਾਤ ਕੀਤੀ । ਜਦੋਂ ਅਸੀਂ ਗਿਆਨੀ ਜੀ ਨੂੰ ਜਾ ਕੇ ਵੇਖਿਆ ਕਿ ਉਹਨਾਂ ਦੀ ਦਾੜ੍ਹੀ ਚੜ੍ਹੀ ਹੋਈ ਹੈ ਤਾਂ ਬੜੀ ਹੀ ਹੈਰਾਨੀ ਹੋਈ। ਉਹ ਬ੍ਰਿਧ ਗਿਆਨੀ ਸਨ, ਦਾੜ੍ਹੀ ਵਿਚ ਹੀਰੇ ਵੀ ਆਏ ਹੋਏ ਸਨ । ਅਸੀਂ ਨਿਝਕ ਹੋ ਕੇ ਗਿਆਨੀ ਜੀ ਨੂੰ ਪੁਛਿਆ ਕਿ ਪ੍ਰਸਿਧ ਗਿਆਨੀ ਜੀ ! ਕੀ ਆਪ ਨੇ ਨਵਾਂ ਵਿਆਹ ਤਾਂ ਨਹੀਂ ਕਰਾਉਣਾ ਜਾਂ ਫ਼ੌਜ ਵਿਚ ਭਰਤੀ ਤਾਂ ਨਹੀਂ ਹੋਣਾ ? ਆਪ ਨੇ ਬੁਢੇਪੇ ਸਮੇਂ ਦਾੜ੍ਹੀ ਕਿਉਂ ਨਰੜੀ ਹੈ ? ਜਿਸ ਦਾ ਗਿਆਨੀ ਜੀ ਨੂੰ ਕੋਈ ਉਤਰ ਨ ਔੜਿਆ । ਅਸੀਂ ਓਹਨਾਂ ਨੂੰ ਖਿਝ ਕੇ ਆਖਿਆ ਕਿ ਫ਼ੌਜਾਂ ਵਿਚ ਸਿੰਘਾਂ ਦੀ ਦਾੜ੍ਹੀ ਚੜ੍ਹਾਉਣ ਦਾ ਸਰਕਾਰੀ ਹੁਕਮ ਕਰਾਉਣ ਵਾਲੇ ਤੁਸੀਂ ਹੋ । ਆਪਣੇ ਐਬ ਨੂੰ ਢਕਣ ਵਾਸਤੇ ਤੁਸੀਂ ਨਾ ਸਿਰਫ਼ ਅਜ ਫ਼ੌਜੀ ਸਿੰਘਾਂ ਦੀ ਦਾੜ੍ਹੀ ਨਰੜਵਾਈ ਹੈ ਬਲਕਿ ਤੁਹਾਡੀ ਰੀਸ ਨਾਲ ਹੋਰ ਬਹੁਤ ਸਾਰੇ ਸਿਖ ਬੁੱਢੜ ਹਰੇਕ ਮਹਿਕਮੇ ਦੇ ਹੀ ਦਾੜ੍ਹੀ ਚੜ੍ਹਾਇਆ ਕਰਨਗੇ ਅਤੇ ਤੁਹਾਡਾ ਫ਼ਤੂਰ ਪਾਇਆ ਤੁਹਾਨੂੰ ਹੀ ਭੁਗਤਣਾ ਪਵੇਗਾ । ਜਿਸਦਾ ਸਚਮੁਚ ਪਿਛੋਂ ਜਾ ਕੇ ਨਤੀਜਾ ਨਿਕਲਿਆ ਕਿ ਪ੍ਰਸਿਧ ਗਿਆਨੀ ਜੀ ਦੀ ਸੰਤਾਨ, ਜੋ ਗਿਆਨੀ ਜੀ ਦੀ ਰੀਸੇ ਦਾੜ੍ਹੀ ਚੜਾਉਣ ਲਗ ਪਈ ਸੀ, ਉਹਨਾਂ ਨੇ ਵਲਾਇਤ ਜਾ ਕੇ ਦਾੜ੍ਹੀ ਉਕੀ ਹੀ ਘਰੜ ਮੁਨਾ ਛਡੀ ਅਤੇ ਸੀਸ ਦੇ ਕੇਸ ਭੀ ਚਟਮ ਕਰਾ ਛਡੇ। ਦੂਜੇ ਪ੍ਰਸਿਧ ਪੰਥ ਭੂਸ਼ਨ ਜੋ ਉਸ ਵਕਤ ਦੇ ਪੰਥਕ ਲੀਡਰ ਕਹਾਉਂਦੇ ਸਨ, ਅਸੀਂ ਖ਼ੁਦ ਸ਼ਰਾਬ ਪੀਂਦੇ ਦੇਖੇ ।