ਦੋਹਾਂ ਉਦਾਹਰਣਾਂ ਦਾ ਸਚਾ ਪਰਤਾਵਾ ਲੈ ਕੇ ਅਸੀਂ ਮੁੜ ਆਪਣੇ ਸੂਬੇਦਾਰ ਵੀਰ ਪਾਸ ਪਹੁੰਚੇ ਅਤੇ ਉਹਨਾਂ ਨੂੰ ਆਖਿਆ ਕਿ ਤੁਹਾਡਾ ਕਹਿਣਾ ਸੋਲ੍ਹਾਂ ਆਨੇ ਸਚ ਹੈ। ਓਹਨਾਂ ਨੇ ਵੰਗਾਰ ਕੇ ਆਖਿਆ ਕਿ ਅੰਗਰੇਜ਼ੀ ਸਰਕਾਰ ਦੇ ਫ਼ੌਜੀ ਅਫ਼ਸਰਾਂ ਨੂੰ ਇਹ ਪੱਕਾ ਯਕੀਨ ਸੀ ਕਿ ਸਿੰਘਾਂ ਵਿਚ (ਮਾਰਸ਼ਲ) ਫ਼ੌਜੀ ਸਪਿਰਟ ਖੰਡੇ ਦੇ ਅੰਮ੍ਰਿਤ ਛਕਣ ਕਰਕੇ ਹੈ, ਨਾ ਕਿ ਸ਼ਰਾਬ ਪੀਣ ਦੇ ਢੋਂਗ ਕਰਕੇ। ਦਾੜ੍ਹੀ ਨਰੜਨਾ ਭੀ ਫ਼ੌਜੀ ਸਿੰਘਾਂ ਲਈ ਇਕ ਫ਼ਾਲਤੂ ਬਹਿਦਤ (ਬਿਦਤ) ਚਮੋੜੀ ਗਈ ਹੈ । ਚਾਹੇ ਮੈਂ ਸੂਬੇਦਾਰ ਹੁੰਦਾ ਹੋਇਆ ਫ਼ੌਜੀ ਹੁਕਮ ਨੂੰ ਮੰਨ ਕੇ ਇਹਨਾਂ ਦੋਹਾਂ ਕੁਬਹਿਦਤਾਂ ਵਿਚ ਪ੍ਰਵਿਰਤ ਹੋ ਗਿਆ ਹਾਂ, ਪਰੰਤੂ ਹਿਰਦਿਓਂ ਮੈਂ ਇਨ੍ਹਾਂ ਦੋਹਾਂ ਕੁਬਹਿਦਤਾਂ ਨੂੰ ਗੁਰਮਤਿ ਹੁਕਮ ਦੇ ਉਕਾ ਹੀ ਉਲਟ ਸਮਝਦਾ ਹਾਂ । ਮੈਂ ਆਪਣੀ ਸੰਤਾਨ ਨੂੰ ਖ਼ਾਸ ਤੌਰ ਤੇ ਇਨ੍ਹਾਂ ਦੋਹਾਂ ਕੁਬਹਿਦਤਾਂ ਤੋਂ ਬਚਣ ਲਈ ਖ਼ਾਸ ਨਸੀਹਤ ਕਰ ਜਾਵਾਂਗਾ। ਤੇ ਉਹਨਾਂ ਦੀ ਇਹ ਪ੍ਰਤਿਗਿਆ ਬਿਲਕੁਲ ਸਚੀ ਨਿਕਲੀ । ਉਨ੍ਹਾਂ ਦੇ ਸਪੁਤਰ ਭਾਈ ਸਜਣ ਸਿੰਘ ਅਤੇ ਸਜਣ ਸਿੰਘ ਦੇ ਵਡੇ ਵੀਰ ਸਰਦਾਰ ਕਿਸ਼ਨ ਸਿੰਘ ਜੀ ਨੇ ਅਜੇ ਤਾਈਂ ਦਾੜ੍ਹਾ ਕਦੇ ਨਹੀਂ ਨਰੜਿਆ, ਸਿਧਾ ਹੀ ਰਖਿਆ ਹੈ ਅਤੇ ਨਾ ਹੀ ਕਦੇ ਸ਼ਰਾਬ ਮਾਸ ਨੂੰ ਹੱਥ ਲਾਇਆ ਹੈ। ਏਸ ਵਿਚ ਰੰਚਕ ਸੰਦੇਹ ਨਹੀਂ ਕਿ ਅਜ ਕਲ ਦੇ ਦਾੜ੍ਹਾ-ਨਰੜੂ ਹਰ ਮਹਿਕਮੇ ਦੇ ਕਹਾਉਤੀ ਸਿਖ ਐਵੇਂ ਦੇਖਾ ਦੇਖੀ ਹੀ ਦਾੜ੍ਹਾ ਨਰੜਨ ਲਗ ਪਏ ਹਨ, ਜੋ ਓਹਨਾਂ ਨੂੰ ਅਤੀ ਹੀ ਮਹਿੰਗਾ ਪਵੇਗਾ ਅਤੇ ਪੈ ਰਿਹਾ ਹੈ। ਇਹ ਗੱਲ ਅਜ ਕਲ ਸਿਖ ਸ਼ਰੇਣੀ ਦੇ ਨਵ-ਯੁਵਕਾਂ ਅੰਦਰ ਪਰਗਟ ਪਹਾਰੇ ਪ੍ਰਚਲਤ ਹੋ ਗਈ ਹੈ ਕਿ ਉਹ ਦਾੜ੍ਹਾ ਚੜ੍ਹਾਉਂਦੇ ਚੜ੍ਹਾਉਂਦੇ ਦਾੜ੍ਹੀ ਦੀ ਬੇਅਦਬੀ ਭੀ ਕਰਨ ਲਗ ਪੈਂਦੇ ਹਨ, ਜੈਸੇ ਕਿ ਪਹਿਲੇ ਅੰਕਾਂ ਵਿਚ ਸਾਬਤ ਹੋ ਚੁਕਾ ਹੈ । ਇਹ ਅਜੇ ਫਿਟਕ ਵਗੀ ਹੋਈ ਹੈ ਅਤੇ ਦਿਨ ਬਦਿਨ ਵਗੀ ਹੀ ਤੁਰੀ ਜਾਂਦੀ ਹੈ, ਤਦੇ ਹੀ ਹਟੇਗੀ ਜਦੋਂ ਦਾੜ੍ਹੀ ਨਰੜਨ ਦਾ ਫੋਕਾ ਚਸਕਾ ਉਕਾ ਹੀ ਮਿਟ ਮਿਟਾ ਜਾਏਗਾ । ਬਹੁਤ ਸਾਰੇ ਆਪਣੇ ਜਾਣੇ ਅਣਜਾਣੇ ਨਵ- ਯੁਵਕ ਕਹਾਵਤੀ ਭੁਝੰਗੀ ਭਾਵੇਂ ਦਾੜ੍ਹੀ ਦੀ ਬੇਅਦਬੀ ਉਸਤਰੇ ਕੈਂਚੀ ਨਾਲ ਨਹੀਂ ਕਰਦੇ, ਨਾ ਹੀ ਚੜਾਉਣ ਨਰੜਾਉਣ ਦੀ ਕੁਬਹਿਦਤ ਵਿਚ ਪੈਂਦੇ ਹਨ, ਪਰੰਤੂ ਉਹ ਕੰਬਲਾਂ (ਬੁਰਸ਼ਾਂ) ਨਾਲ ਦਾੜ੍ਹਾ ਘਸਾ ਕੇ ਵਧਣ ਨਹੀਂ ਦੇਂਦੇ । ਇਹ ਲੋਕ ਬੜੀ ਭਾਰੀ ਮਨਮਤਿ ਕਰ ਰਹੇ ਹਨ, ਜੋ ਦਾੜ੍ਹੀ- ਨਰੜਾਂ ਤੋਂ ਵੀ ਵਧ ਕੇ ਗੁਰੂ ਦੇ ਦੇਣਹਾਰ ਹੋਣਗੇ । ਆਮ ਸਿਖਾਂ ਦੀ ਘੜੀਸ ਨਾਲ ਚਲਣਾ ਬਹੁਤ ਹੀ ਪ੍ਰਵੇਸ਼ ਹੋ ਗਿਆ ਹੈ। ਕਈ ਸਿਖ ਇਤਿਹਾਸਕਾਰਾਂ ਨੇ ਤਾਂ ਗੁਰੂ ਸਾਹਿਬਾਨ ਨੂੰ ਸੇਲ੍ਹੀ ਟੋਪੀ ਪਹਿਨਾ ਕੇ ਨਿਰੀ ਹਿੰਦਵਾਇਣ ਦੇ ਪਿਛੇ ਲਗ ਕੇ ਇਹ ਸਿਧ ਕਰ ਦਿਤਾ ਹੈ ਕਿ ਗੁਰੂ ਸਾਹਿਬਾਨ ਨੂੰ ਸੀਸ ਦੇ ਕੇਸਾਂ ਦੀ ਲੋੜ ਹੀ ਨਹੀਂ ਸੀ । ਮਨ-ਘੜਤ ਫੋਟੋਆਂ, ਖ਼ਾਸ ਕਰ ਗੁਰੂ ਨਾਨਕ ਸਾਹਿਬ ਦੀ ਫ਼ੋਟੋ ਆਪਣੇ ਮਨ ਦੇ ਮਨਸੂਬੇ ਅਨੁਸਾਰ ਐਸੀ ਖਿਚਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ-ਨਿਰੇ ਸਿੰਧੀ ਸੇਠ ਹੀ ਪ੍ਰਤੀਤ ਹੁੰਦੇ ਹਨ । ਉਨ੍ਹਾਂ ਮਨ-ਘੜਤ ਤਸਵੀਰਾਂ ਵਿਚ ਗੁਰੂ ਸਾਹਿਬ ਦਾ ਦਾੜ੍ਹਾ ਵੀ ਕੁੱਚ ਵਰਗਾ ਕੀਤਾ ਹੋਇਆ ਹੁੰਦਾ ਹੈ । ਇਹ ਨਿਰੀ ਹੀ ਉਨ੍ਹਾਂ ਦੀ ਮਨੋਂ ਮੰਨੀ ਦੀ ਹੀ ਮਨਮਤ ਹੈ। ਸਾਡੇ ਸਾਹਮਣੇ ਇਕ ਹੱਥ ਦੀ ਖਿੱਚੀ ਹੋਈ ਮੁਸੱਵਰ ਦੀ ਤਸਵੀਰ ਸਨਮੁਖ ਪਈ ਸਸ਼ੋਭਤ ਹੈ, ਜੋ ਡੇਹਰਾ ਬਾਬਾ ਨਾਨਕ ਦੇ ਬੇਦੀਆਂ ਪਾਸੋਂ ਲੈ ਕੇ ਅਖ਼ਬਾਰਾਂ ਵਿਚ ਇਕ ਦੋ ਵਾਰ ਛਪੀ ਹੈ, ਜੋ ਕਿਸੇ ਮੁਸੱਵਰ ਨੇ ਆਪਣੀ ਹੱਥੀਂ ਖਿਚ ਕੇ ਹੂਬਹੂ ਗੁਰੂ ਨਾਨਕ ਸਾਹਿਬ ਦੀ ਜੋ ਸ਼ਬੀਹ ਉਤਾਰੀ ਹੈ, ਉਹ ਅਜ ਕਲ ਦੇ ਫ਼ੋਟੋ ਗਰਾਫ਼ਰਾਂ ਤੋਂ ਕਦੀ ਨਹੀਂ ਉਤਰ ਸਕਦੀ । ਗੁਰੂ ਨਾਨਕ ਸਾਹਿਬ ਦੇ ਸੀਸ ਉਤੇ ਸਾਧਾਰਣ ਦਮਾਲਾ ਸਜਿਆ ਹੋਇਆ ਅਤੇ ਸੀਸ ਦਾੜ੍ਹੇ ਦੇ ਕੇਸ ਐਸੀ ਖੂਬੀ ਨਾਲ ਨਜ਼ਰ ਆਂਵਦੇ ਹਨ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ।