ਪਰ ਅਸਾਡੇ ਦਾੜ੍ਹੀ ਚਾੜ੍ਹਨ ਵਾਲੇ ਭਰਾ ਖ਼ਾਸ ਕਰ ਠੋਡੀ ਦੀ ਗਲੂੰਡੀ ਕਰ ਕੇ ਰਖਣਹਾਰੇ, ਮਨਹੁਜਤੀ ਸਿਖ ਭਾਈ ਕੇਵਲ ਇਹੋ ਹੁਜਤ ਅਗੋਂ ਡਾਹਿਆ ਕਰਦੇ ਹਨ ਕਿ ਦੇਖੋ ਸੀਸ ਦੇ ਕੇਸਾਂ ਦਾ ਭੀ ਜੂੜਾ ਕੀਤਾ ਜਾਂਦਾ ਹੈ, ਅਸੀਂ ਜੇ ਦਾੜ੍ਹੀ ਦੇ ਹੇਠਾਂ ਜੂੜਾ ਕਰ ਲਿਆ ਜਾਂ ਦਾੜ੍ਹੀ ਚੜ੍ਹਾ ਲਈ ਤਾਂ ਕਿਹੜਾ ਲੋਹੜਾ ਆ ਗਿਆ । ਇਸ ਦਾ ਉਤਰ ਏਤਨਾ ਕਾਫ਼ੀ ਹੈ ਕਿ ਗੁਰਸਿਖਾਂ ਨੇ ਦਸਮੇਸ਼ ਜੀ ਦੀ ਦ੍ਰਿੜਾਈ ਰਹਿਤ ਬਹਿਤ ਨੂੰ ਪਹਿਲੋਂ ਮੁਖ ਰਖਣਾ ਹੈ ਤੇ ਉਹਨਾਂ ਦੇ ਸਮੱਗਰ ਹੁਕਮ ਭੀ ਪਾਲਣੇ ਹਨ। ਜੈਸਾ ਕਿ-
'ਕੰਘਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬਾਂਧਈ’ ।
ਸੀਸ ਉਤੇ ਚੁਣ ਕੇ ਦਸਤਾਰ ਤਦੇ ਸਜਾਈ ਜਾ ਸਕਦੀ ਹੈ ਜੇ ਕਰ ਸੀਸ ਦੇ ਕੇਸਾ ਨੂੰ ਬਿਖਰਨੋਂ ਸੰਭਾਲ ਕੇ ਕੇਸਾਂ ਦਾ ਸੀਸ ਉਤੇ ਜੂੜਾ ਕੀਤਾ ਜਾਵੇ, ਪਰੰਤੂ ਦਾੜ੍ਹੀ ਚਪਕੌਣ ਮਰੋੜਨ ਮਚਕੋੜਨ-ਹਾਰਿਆਂ ਨੂੰ ਇਸ ਪਰਕਾਰ ਦੀ ਕੋਈ ਲੋੜ ਹੀ ਨਹੀਂ ਪੈਂਦੀ । ਦਾੜ੍ਹੀ ਤੇ ਠਾਠੀ ਬੰਨ੍ਹ ਕੇ ਜਾਂ ਜਾਲੀ ਬੰਨ੍ਹ ਕੇ ਦੀਵਾਨ ਵਿਚ ਆਉਣਾ ਹੋਰ ਭੀ ਭੈੜੀ ਮਨਮਤਿ ਹੈ । ਫ਼ੌਜ ਵਿਚ ਭੀ ਪੱਕੀ ਰਹਿਤ ਰਹਿਣੀ ਰਹਿਣ ਵਾਲੇ ਕਈ ਇਕ ਸ਼ਰਧਾਲੂ ਸਿਖ ਵੇਖਣ ਵਿਚ ਆਏ ਹਨ ਕਿ ਉਹ ਸਾਰੀ ਸਾਰੀ ਉਮਰ ਫ਼ੌਜ ਵਿਚ ਰਹਿੰਦਿਆਂ ਹੋਇਆਂ ਦਾੜ੍ਹੀ ਚਾੜ੍ਹਦੇ ਹੀ ਨਹੀਂ । ਫ਼ੌਜੀ ਸਿੰਘਾਂ ਲਈ ਇਹ ਕਾਨੂੰਨ ਮੰਨ ਲੈਣਾ ਭੀ ਮਹਾਂ ਮਨਮਤਿ ਹੈ ਕਿ ਫ਼ੌਜੀ ਸਿੰਘਾਂ ਲਈ ਦਾੜ੍ਹੀ ਚਾੜ੍ਹਨੀ ਜ਼ਰੂਰੀ ਹੈ । ਐਸਾ ਮੰਨ ਲੈਣਾ ਮਹਾਂ ਕਮਜ਼ੋਰੀ ਹੈ। ਕਮਜ਼ੋਰੀ ਐਸੀ ਵਾਪਰ ਗਈ ਹੈ ਕਿ ਫ਼ੌਜੀ ਸਿੰਘਾਂ ਦੀ ਵੇਖੋ ਵੇਖੀ ਦੂਜੇ ਮਹਿਕਮਿਆਂ ਦੇ ਸਿਖ ਭੀ ਬੇਦਰੇਗ਼ ਦਾੜ੍ਹੀਆਂ ਚਾੜਨ ਲਗ ਪਏ ਹਨ । ਐਥੋਂ ਤਕ ਕਿ ਨਿਝੱਕ ਹੋ ਕੇ ਅਜ ਸਮੂਹ ਮਹਿਕਮਿਆਂ ਦੇ ਅਜਿਹੇ ਸਮੂਹ ਮੁਲਾਜ਼ਮ ਸਿਖ ਗੁਰੂ ਕੇ ਦੀਵਾਨਾਂ ਵਿਚ ਭੀ ਦਾੜ੍ਹੀਆਂ ਨਰੜ ਕੇ ਆਉਂਦੇ ਹਨ । ਦਾੜ੍ਹੀਆਂ ਨਰੜ ਕੇ ਦੀਵਾਨਾਂ ਵਿਚ ਆਉਣ ਨੂੰ ਫ਼ਖਰ ਸਮਝਿਆ ਜਾਂਦਾ ਹੈ । ਤੁਸੀਂ ਅਜ ਕਲ ਗੁਰੂ ਕੇ ਦੀਵਾਨਾਂ ਵਿਚ ਵੇਖੋਗੇ ਕਿ ਕੋਈ ਅਜਿਹੇ ਵਿਰਲੇ ਵਾਂਝੇ ਸਿਖ ਹੀ ਹੁੰਦੇ ਹਨ ਜਿਨ੍ਹਾਂ ਦੇ ਗੁਰਮੁਖੀ ਦਾੜ੍ਹੇ ਹੁੰਦੇ ਹਨ। ਨਹੀਂ ਤੇ ਸਾਰਿਆਂ ਨੂੰ ਹੀ ਇਹ ਵਾਦੀ ਵਗੀ ਹੋਈ ਹੈ ਕਿ ਦਾੜ੍ਹੇ ਨਰੜ ਕੇ ਦੀਵਾਨਾਂ ਵਿਚ ਆਉਣਗੇ, ਦਾੜ੍ਹੀ ਨਰੜ ਕੇ ਦੀਵਾਨਾਂ ਵਿਚ ਆਉਣ ਤੋਂ ਕਦੇ ਭੀ ਨਹੀਂ ਝਿਜਕਣਗੇ ।