ਓਹੀ ਗੁਰੂ ਕੇ ਸੇਵਕ ਸਿਖ ਹਨ ਜੋ ਗੁਰਬਾਣੀ ਰਾਹੀਂ ਆਇਆ ਹਰ ਇਕ ਹੁਕਮ ਸਤਿ ਸਤਿ ਕਰ ਮੰਨਦੇ ਹਨ । ਖਿਨ ਖਿਨ ਸੁਆਸਿ ਸੁਆਸਿ ਨਾਮ ਅਭਿਆਸ ਸਿਮਰਨ ਕਰਨਾ, ਖ਼ਾਸ ਮਖ਼ਸੂਸੀ ਗੁਰੂ ਵਾਹਿਗੁਰੂ ਨੂੰ ਦਿਨੇ ਰਾਤ ਸੇਵਨਾ ਹੈ। ਇਸ ਪ੍ਰਕਾਰ ਸੇਵਨਹਾਰ ਗੁਰੂ ਕੇ ਸਿਖ ਦਿਨੇ ਰਾਤ ਅਨੰਦ ਵਿਗਾਸ ਵਿਚ ਹੀ ਰਹਿੰਦੇ ਹਨ। ਸੱਦੀਆਂ ਗੁਰਮੁਖੀ ਦਾੜ੍ਹੀਆਂ ਵਾਲੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਲਾਲ ਹੀ ਸੋਹਣੇ ਮੁਖੜੇ ਵਾਲੇ ਹਨ, ਅਜਿਹੇ ਗੁਰੂ ਕੇ ਲਾਲ ਸਚੇ ਵਾਹਿਗੁਰੂ ਦੀ ਦਰਗਾਹ ਵਿਖੇ ਪ੍ਰਗਟ ਪਹਾਰੇ ਗੁਰਮੁਖ ਜਾਪਦੇ ਹਨ। ਓਹਨਾਂ ਦੇ ਚਿਹਰੇ ਉਤੇ ਸਚੀਆਂ ਗੁਰਮੁਖੀ ਦਾੜ੍ਹੀਆਂ ਸੋਹੰਦੀਆਂ ਹਨ ਅਤੇ ਮੁਖੋਂ ਸਚੇ ਵਾਹਿਗੁਰੂ ਦਾ ਸਚਾ ਨਾਮੁ ਖਿਨੁ ਖਿਨੁ ਉਚਾਰਨ ਕਰਦੇ ਰਹਿੰਦੇ ਹਨ। ਤਿਨ੍ਹਾਂ ਦੇ ਗੁਰਮੁਖੀ ਮੁਖਾਰਬਿੰਦ ਵਿਚੋਂ ਸਚ ਨਾਮ ਦਾ ਅਕਸੀਰ ਰਸੈਣੀ ਸਿਮਰਨ ਵੀ ਸ੍ਵਾਸਿ ਸ੍ਵਾਸਿ ਉਚਾਰਨ ਹੁੰਦਾ ਰਹਿੰਦਾ ਹੈ । ਉਹ ਹਰ-ਦਮ ਸਚੇ ਨਾਮ ਦੀਆਂ ਅਭਿਆਸ ਕਮਾਈਆਂ ਕਰਦੇ ਰਹਿੰਦੇ ਹਨ । ਓਹਨਾਂ ਦੇ ਹਿਰਦੇ ਅੰਦਰ ਗੁਰਮਤਿ ਰੂਪੀ ਸਚਾ 'ਵਾਹਿਗੁਰੂ' ਸ਼ਬਦ ਹੀ ਵਸਿਆ ਰਹਿੰਦਾ ਹੈ, ਜਿਸ ਸ਼ਬਦ ਗੁਰਮੰਤਰ ਦੇ ਖਿਨ ਖਿਨ ਅੰਦਰਿ ਰਸੇ ਰਹਿਣ ਕਰਕੇ ਉਹ ਸਦਾ ਸਤਿਗੁਰੂ ਗੁਰੂ ਵਾਹਿਗੁਰੂ ਦੇ ਸਚੇ ਸਰੂਪ ਵਿਖੇ ਹੀ ਸਮਾਏ ਰਹਿੰਦੇ ਹਨ। ਸਚੇ ਨਾਮ ਦੀ ਪੂੰਜੀ ਦੇ ਸਚੇ ਗਾਹਕ ਹੋਣ ਕਰਕੇ ਉਹ ਸਚੀ ਰਾਸੀ ਵਾਲੇ ਸਦਾਉਂਦੇ ਹਨ, ਸਚਾ ਨਾਮ ਰੂਪੀ ਧਨ ਹੀ ਓਹਨਾਂ ਦੇ ਪਲੇ ਪਿਆ ਰਹਿੰਦਾ ਹੈ । ਇਸ ਕਰਕੇ ਗੁਰੂ ਘਰ ਦੇ ਗੁਰਮੁਖੀ ਦਾੜ੍ਹੀਆਂ ਵਾਲੇ ਗੁਰਮੁਖ ਜਨ ਉਤਮ ਪਦਵੀ ਪਾਉਣ ਵਾਲੇ ਹਨ। ਓਹਨਾਂ ਦੇ ਸਰਵਣਾਂ (ਕੰਨਾਂ) ਅੰਦਰ ਸਚੇ ਨਾਮ ਦੀ ਧੁਨੀ ਹੀ ਖਿਨ ਖਿਨ ਪੈਂਦੀ ਸੁਣਾਈ ਦੇਂਦੀ ਹੈ, ਕਿਉਂਕਿ ਮਨ ਬਚਨ ਕਰਮ ਕਰਕੇ ਓਹਨਾਂ ਦੀ ਸਰਧਾ, ਅੰਤਰੀਵੀ ਸਿਦਕ ਭਾਵਣੀ ਨਾਮ ਸਿਮਰਨ ਵਿਖੇ ਹੀ ਜੰਮੀ ਰਹਿੰਦੀ ਹੈ। ਇਸ ਕਰਕੇ ਓਹ ਨਾਮ ਜਪਣ ਵਾਲੀ ਹੀ ਸਚੀ ਕਾਰ ਕਮਾਉਂਦੇ ਰਹਿੰਦੇ ਹਨ। ਤਿਨ੍ਹਾਂ ਗੁਰਮੁਖ ਜਨਾਂ ਦਾ ਹੀ ਵਾਹਿਗੁਰੂ ਦੀ ਸਚੀ ਦਰਗਾਹ ਵਿਚ ਸਸ਼ੋਭਤ ਹੋਣਾ ਸੋਹੰਦਾ ਹੈ ਅਤੇ ਸਚੇ ਵਾਹਿਗੁਰੂ ਦੇ ਸਰੂਪ ਵਿਚ ਕੇਵਲ ਤਿਨ੍ਹਾਂ ਗੁਰਮੁਖ ਜਨਾਂ ਦੀ ਹੀ ਸਮਾਈ ਹੁੰਦੀ ਹੈ । ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ ਕਿ ਸਚੇ ਸਤਿਗੁਰੂ ਬਾਝੋਂ ਅਜਿਹਾ ਸਚਾ ਨਾਮ ਵਾਹਿਗੁਰੂ ਕਦੇ ਭੀ ਪ੍ਰਾਪਤ ਨਹੀਂ ਹੁੰਦਾ । ਜੋ ਮਨਮੁਖ ਲੋਗ ਗੁਰੂ ਵਾਹਿਗੁਰੂ ਦੇ ਗੁਰਬਾਣੀ ਅੰਦਰ ਵਿਦਤਾਏ ਹੁਕਮਾਂ ਤੋਂ ਮੁਨਹਰਫ (ਮਨੁਕਰ) ਰਹਿੰਦੇ ਹਨ, ਉਹ ਸਦਾ ਹੀ ਭਰਮ-ਜਾਲ ਵਿਚ ਫਸੇ ਹੋਏ ਭੁਲੇ ਹੀ ਰਹਿੰਦੇ ਹਨ ਅਤੇ ਭਰਮ- ਭੁਲੇ ਹੀ ਚਲੇ ਜਾਂਦੇ ਹਨ।
ਇਹ ਲਿਖਤ ਉਪਰਲੇ ਮੁਢ ਵਿਚ ਦਿਤੇ ਗੁਰ ਸ਼ਬਦ ਦੀ ਤੱਤ ਵਿਆਖਿਆ ਹੈ । ਸਾਰੇ ਸ਼ਬਦ ਦਾ ਭਾਵ ਇਹੋ ਹੀ ਹੈ ਕਿ ਗੁਰਮੁਖੀ ਖੁਲ੍ਹੀਆਂ ਦਾੜ੍ਹੀਆਂ ਵਾਲੇ ਗੁਰਮੁਖਾਂ ਦੀ ਕੀਤੀ ਕਮਾਈ ਹੀ ਸਫਲ ਹੁੰਦੀ ਹੈ। ਓਹੀ ਲੋਕ ਪਰਲੋਕ ਵਿਚ ਸੁਰਖ਼ਰੂ ਹੋ ਸਕਦੇ ਹਨ ।