२
ਦਾੜ੍ਹੇ ਦੀ ਬੇਅਦਬੀ ਦੇ ਕਾਰਨ
ਤੱਤ ਗੁਰਮਤਿ ਤੋਂ ਗੁਮਰਾਹ ਜੋ ਸੁਆਰਥੀ ਕਾਰਜ ਦੀ ਕਨੌਡ ਕਰਕੇ ਆਪਣੀਆਂ ਦਾੜ੍ਹੀਆਂ ਮਰੋੜਦੇ ਮਚਕੋੜਦੇ ਹਨ, ਓਹਨਾਂ ਬਾਰੇ ਭਾਰੀ ਖ਼ਤਰਾ ਹੈ ਕਿ ਕਿਸੇ ਦਿਨ ਚੱਟਮ ਦਾੜ੍ਹੀਆਂ ਕਰ ਕੇ ਗੁਰਸਿੱਖੀ ਤੋਂ ਪਤਿਤ ਅਤੇ ਮੁਨਹਰਫ਼ (ਮਨੁਕਰ) ਹੀ ਨਾ ਹੋ ਬੈਠਣ । ਅਜਿਹੇ ਸੁਆਰਥੀ ਕੰਮ-ਕੱਢੂ ਦਾੜ੍ਹੀ-ਮਰੋੜਾਂ ਮਚਕੋੜਾਂ ਨੂੰ ਨੰਬਰਵਾਰ ਹੇਠ ਲਿਖੇ ਅਨੁਸਾਰ ਵਖੋ ਵਖ ਸ਼ਰੇਣੀਆਂ ਵਿਚ ਵਰਨਣ ਕੀਤਾ ਜਾਂਦਾ ਹੈ:-
(੧) ਸਭ ਤੋਂ ਪਹਿਲੇ ਉਹਨਾਂ ਭੇਖੀਆਂ ਦਾ ਜ਼ਿਕਰ ਕਰਨਾ ਅਹੱਮ ਜ਼ਰੂਰੀ ਹੈ ਜੋ ਵਿਆਹ (ਸ਼ਾਦੀ) ਕਰਾਉਣ ਦੀ ਖ਼ਾਤਰ ਦਾੜ੍ਹੀਆਂ ਚਾੜ੍ਹਦੇ ਹਨ। ਉਹਨਾਂ ਦੇ ਖ਼ਿਆਲ ਵਿਚ ਇਹ ਗੱਲ ਜੰਮੀ ਹੋਈ ਹੈ। ਕਿ ਦਾੜ੍ਹੀ ਚਾੜ੍ਹੇ ਬਿਨਾਂ ਵਿਆਹ ਮੰਗਣੀ ਹੁੰਦੀ ਹੀ ਨਹੀਂ । ਕਈ ਇਕ ਐਸੇ ਭੇਖੀ ਦੇਖੇ ਗਏ ਹਨ ਜਿਨ੍ਹਾਂ ਨੂੰ ਏਸੇ ਵਿਆਹ ਵਾਲੀ ਕਨੌਡ ਨਮਿਤ ਦਾੜ੍ਹੀ ਚਾੜ੍ਹਦਿਆਂ ਸਾਲਾਂ ਦੇ ਸਾਲ ਗੁਜ਼ਰ ਗਏ, ਪਰ ਮੰਗਣੀ ਵਿਆਹ ਉਹਨਾਂ ਦਾ ਫੇਰ ਭੀ ਨਾ ਹੋਇਆ। ਏਸ ਲੰਮੇ ਅਰਸੇ ਵਿਚ ਉਹਨਾਂ ਦੀਆਂ ਬੰਨ੍ਹੀਆਂ ਦਾੜ੍ਹੀਆਂ ਹੋਰ ਭੀ ਲੰਬੀਆਂ ਹੋ ਗਈਆਂ। ਉਹ ਵਿਚਾਰੇ ਕਰਨ ਤਾਂ ਕੀ ਕਰਨ! ਜਿਥੇ ਲੰਬੀ ਦਾੜ੍ਹੀ ਹੋਣ ਦੇ ਖ਼ਤਰੇ ਕਰਕੇ ਉਹਨਾਂ ਦਾੜੀਆਂ ਚਾੜ੍ਹਨੀਆਂ ਸ਼ੁਰੂ ਕੀਤੀਆਂ ਸੀ ਉਹ ਖ਼ਤਰਾ ਉਹਨਾਂ ਦੇ ਐਸਾ ਦਰਪੇਸ਼ ਆਇਆ ਕਿ ਦਾੜ੍ਹੀਆਂ ਉਹਨਾਂ ਦੀਆਂ ਅਗੇ ਨਾਲੋਂ ਭੀ ਲੰਮੀਆਂ ਹੋ ਗਈਆਂ, ਕਿਉਂਕਿ ਸੰਵਰਨ ਸ਼ਿੰਗਾਰਨ ਦੀ ਕੁਮੱਤੜੀ ਵਿਚ ਹੀ ਪਏ ਰਹਿੰਦੇ ਹਨ । ਕਈਆਂ ਦੇ ਹੀਰੇ (ਧੋਲੇ) ਵੀ ਦਾਹੜੀ ਵਿਚ ਆ ਜਾਂਦੇ ਹਨ, ਜਿਨ੍ਹਾਂ ਨੂੰ ਚੁਗਣ ਚੁਣਨ ਤੋਂ ਭੀ ਉਹ ਭੈ ਨਹੀਂ ਖਾਂਦੇ । ਕਈ ਤਾਂ ਮੂੰਹ ਉਤੇ ਗੋਹਾ (ਵਸਮਾ) ਲਾ ਲੈਂਦੇ ਹਨ, ਤਾਂਕਿ ਉਹ ਮੁੰਡੇ ਹੀ ਪ੍ਰਤੀਤ ਹੋਣ ਤੇ ਕਿਸੇ ਦੀ ਕੁੜੀ ਉਹਨਾਂ ਦੇ ਜਾਲ ਵਿਚ ਫਸ ਜਾਵੇ । ਜਿਨ੍ਹਾਂ ਨੂੰ ਸਤਿਗੁਰੂ ਨੇ ਸਰਧਾ ਸਿਦਕ ਭਾਵਨੀ ਦਿਤੀ ਹੋਈ ਹੈ, ਉਹ ਕਦੇ ਵੀ ਇਹਨਾਂ ਕੁਬਧਿਤਾਂ ਵਿਚ ਨਹੀਂ ਪੈਂਦੇ ।
ਸਾਨੂੰ ਇਥੇ ਇਕ ਸਿਦਕੀ ਸਰਧਾਵਾਨ ਸਿੰਘ ਦੀ ਉਦਾਹਰਨ ਚੇਤੇ ਆਈ ਹੈ, ਜਿਸ ਦਾ ਇੰਨ ਬਿੰਨ ਏਥੇ ਲਿਖਣਾ ਪਰਮ ਜ਼ਰੂਰੀ ਭਾਸਦਾ ਹੈ। ਇਕ ਗੁਰੂ ਕੀ ਰਹਿਤ ਰਹਿਣੀ ਬਹਿਣੀ ਵਾਲੇ ਸਿਦਕੀ ਸਿੰਘ ਪਰਮ ਸ਼ਰਧਾਵਾਨ ਦੇ ਘਰੋਂ ਸਿੰਘਣੀ ਗੁਜ਼ਰ ਗਈ । ਉਸ ਨੂੰ ਉਸ ਦੇ ਸਬੰਧੀਆਂ ਨੇ ਪਰੇਰ ਕੇ ਦੂਜੀ ਸ਼ਾਦੀ ਲਈ ਉਭਾਰ ਲਿਆ ਅਤੇ ਨਾਤਾ ਭੀ ਕਿਤੋਂ ਲਿਆ ਦਿਤਾ । ਜਦ ਨਾਤਾ ਹੋ ਚੁਕਿਆ ਤਾਂ ਨਿਕਟਵਰਤੀ ਸੰਸਾਰੀ ਲੋਕ ਉਸ ਸਿਦਕਵਾਨ ਸਿੰਘ ਨੂੰ ਐਉਂ ਪਰੇਰਨ ਲਗੇ ਕਿ ਯਾ ਤਾਂ ਦਾੜ੍ਹੀ ਤੇ ਵਸਮਾ ਲਾ ਲਵੋ ਯਾ ਧੌਲੇ ਚੁਗਾ ਲਵੋ । ਉਸ ਸਰਧਾਵਾਨ ਸਿੰਘ ਨੇ ਇਹ ਉਤਰ ਦੇ ਕੇ ਸਭ ਦੇ ਮੂੰਹ ਤੇ ਚਪੇੜ ਲਾਈ ਕਿ ਮੈਨੂੰ ਐਸਾ ਨਾਤਾ ਲੈਣ ਦੀ ਕੋਈ ਲੋੜ ਨਹੀਂ, ਜਿਸ ਦੇ ਕਾਰਨ ਮੈਨੂੰ ਮੂੰਹ ਕਾਲਾ ਕਰਨਾ ਪਵੇ । ਮੂੰਹ ਕਾਲਾ ਕਰਾ ਕੇ (ਵਸਮਾ ਲਵਾ ਕੇ) ਫੇਰ ਤੁਸੀਂ ਦਾੜ੍ਹੀ ਨਰੜਨ ਲਈ ਕਹੋਗੇ । ਦੂਜੀ ਗੱਲ ਤੁਸੀਂ ਜੋ ਧੌਲੇ ਚੁਗਉਣ ਵਾਲੀ ਆਖੀ ਹੈ, ਇਹ ਨਿਰੀ ਗੁਰਮਤਿ ਤੋਂ ਹੀਣੀ ਮਨਮਤਿ ਵਾਲੀ ਗੱਲ ਹੈ ।