(੨) ਦੂਜੇ ਦਾੜ੍ਹੀ ਨਰੜਣ ਵਾਲੇ ਸੁਆਰਥੀ ਪੁਰਸ਼ ਉਹ ਹਨ ਜੋ ਸਿਰਫ਼ ਨੌਕਰੀ ਦੀ ਕਨੌਡ ਕਰਕੇ ਦਾੜ੍ਹੀ ਨਰੜਦੇ ਹਨ । ਅਜਿਹੇ ਨੌਕਰੀ- ਕਨੌਡੀਆਂ ਦੀ ਸ਼ਰਧਾ ਸਿਦਕ ਭਰੀ ਸਿੱਖੀ ਭੀ ਬੜੇ ਖ਼ਤਰੇ ਵਿਚ ਹੈ।
(੩) ਤੀਜੀ ਸ਼ਰੇਣੀ ਦੇ ਅਜਿਹੇ ਕਮਜ਼ੋਰ ਖ਼ਿਆਲਾਂ ਵਾਲੇ ਸਿਖੜੇ ਭੀ ਹਨ ਜੋ ਕੇਵਲ ਲਾਜ ਦੇ ਕਾਰਨ ਜਦੋਂ ਆਪੋ ਆਪਣੇ ਮਹਿਕਮਿਆਂ ਵਿਚ ਜਾਂਦੇ ਹਨ ਓਦੋਂ ਤਾਂ ਦਾੜ੍ਹੀ ਚੀਰ ਕੇ, ਦੋ ਫਾੜ ਕਰਕੇ ਚਾੜ੍ਹ ਲੈਂਦੇ ਹਨ, ਪਰ ਜਦੋਂ ਗੁਰੂ ਦੀਆਂ ਸੰਗਤਾਂ ਵਿਚ ਆਉਂਦੇ ਹਨ ਓਦੋਂ ਦਾੜ੍ਹਾ ਸਿਧਾ ਗੁਰਮੁਖੀ ਕਰ ਲੈਂਦੇ ਹਨ । ਇਕ ਪ੍ਰੋਫੈਸਰ ਪੇਸ਼ੇ ਵਾਲਾ ਸਿੰਘ ਦਾੜ੍ਹੀ ਚਾੜ੍ਹ ਕੇ ਕੀਰਤਨ ਕਰਨ ਲੱਗਾ, ਪਰ ਅਸੀਂ ਉਸ ਨੂੰ ਵਾਜੇ ਉਤੇ ਨਾ ਬੈਠਣ ਦਿਤਾ ਕਿ ਦਾੜ੍ਹੀ ਖੋਲ੍ਹ ਕੇ ਬੈਠ । ਉਸ ਨੇ ਬੜੀ ਘਿਗਿਆ ਕੇ ਬੇਨਤੀ ਕੀਤੀ ਕਿ ਘਟ ਤੋਂ ਘਟ ਇਸ ਸ਼ਹਿਰ ਵਿਖੇ, ਜਿਥੇ ਕਿ ਮੈਂ ਪ੍ਰੋਫੈਸਰ ਹਾਂ, ਮੈਨੂੰ ਚੜ੍ਹੇ ਦਾੜ੍ਹੇ ਸਮੇਤ ਕੀਰਤਨ ਕਰਨ ਦੀ ਆਗਿਆ ਮਿਲ ਜਾਵੇ । ਅਸੀਂ ਬਿਲਕੁਲ ਨਾ-ਮਨਜ਼ੂਰ ਕੀਤਾ। ਵਿਚੋਂ, ਇਹ ਗੱਲ ਨਿਕਲੀ ਕਿ ਉਸ ਕਾਲਜ ਦੇ ਮੁੰਡੇ, ਜਿਥੇ ਉਹ ਪ੍ਰੋਫੈਸਰ ਲਗਾ ਹੋਇਆ ਸੀ, ਉਸ ਨੂੰ ਮੁਲਾਂ ਮੁਲਾਣਾਂ ਆਖ ਕੇ ਮਿਹਣਾ ਮਾਰਦੇ, ਜਦੋਂ ਕਦੇ ਕਿਤੇ ਉਹ ਦਾੜ੍ਹਾ ਖੋਲ੍ਹ ਲੈਂਦਾ ਸੀ । ਜਿਨ੍ਹਾਂ ਗੁਰੂ ਕੇ ਤਾਰਿਆਂ ਸਿਖਾਂ ਨੂੰ ਗੁਰਮਤਿ ਨਾਲ ਸੱਚੀ ਸਿਦਕ ਭਾਵਨੀ ਹੈ ਉਹ ਬਰਸਾਂ ਬੱਧੀ ਸਕੂਲਾਂ ਦੇ ਹੈਡਮਾਸਟਰ ਤੇ ਕਾਲਜਾਂ ਦੇ ਪ੍ਰਿੰਸੀਪਲ ਭੀ ਰਹੇ, ਪ੍ਰੰਤੂ ਉਹਨਾਂ ਦੇ ਦਾੜ੍ਹੇ ਗੁਰਮੁਖੀ ਹੀ ਸਜੇ ਰਹੇ । ਮਜਾਲ ਹੈ ਕਿ ਰੰਚਕ ਮਾਤਰ ਭੀ ਲਰਜ਼ਿਸ਼ (ਕਾਂਪ) ਆਈ ਹੋਵੇ ।
(੪) ਚੌਥੀ ਸ਼ਰੇਣੀ ਦੇ ਅਜਿਹੇ ਨਾਮ-ਧਰੀਕ ਸਿਖ ਹਨ ਜੋ ਕੇਵਲ ਸ਼ੁਕੀਨ ਬਣਨ ਦੀ ਖ਼ਾਤਰ ਦਾੜ੍ਹੀਆਂ ਚਾੜ੍ਹਦੇ ਹਨ ਤੇ ਮੁੱਛਾਂ ਮਰੋੜ ਕੇ ਰਖਦੇ ਹਨ । ਦਸਤਾਰੇ ਦੇ ਉਪਰ ਤੁਰਲਾ ਭੀ ਰਖਦੇ ਹਨ । ਉਹਨਾਂ ਦਾ ਸ਼ੌਕ ਇਹੋ ਹੀ ਹੈ ਕਿ ਅਸੀਂ ਜਵਾਨ ਹੀ ਪ੍ਰਤੀਤ ਹੋਈਏ। ਏਸ ਜਵਾਨੀ ਨੇ ਸਦਾ ਰਹਿਣਾ ਨਹੀਂ । ਓੜਕ ਬੁਢੇਪਾ ਆ ਹੀ ਜਾਣਾ ਹੈ ਤੇ ਇਹਨਾਂ ਸ਼ੁਕੀਨਾਂ ਦਾ ਸ਼ੁਕੀਨੀ ਪਾਜ ਭੀ ਜ਼ਰੂਰ ਲਹਿਣਾ ਹੈ।