ਬਦੀ ਉੱਤੇ ਨੇਕੀ ਦੀ ਜਿੱਤ ਬਾਰੇ ਸੀ ਕੁਝ । ਉਸਨੇ ਮੈਨੂੰ ਬਹੁਤ ਪਿਆਰ ਨਾਲ ਸੁਣਿਆ, ਆਪਣਾ ਸਿਰ ਹਿਲਾਇਆ ਅਤੇ ਕਿਹਾ: "ਹੁੰਦੈ, ਐਦਾਂ ਵੀ!"
“ਅੱਛਾ, ਹੁੰਦੈ ?” ਮੈਂ ਖੁਸ਼ ਹੋ ਕੇ ਕਿਹਾ।
"ਹਾਂ, ਬੇਸ਼ੱਕ। ਹਰ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ।" ਬੁੱਢੇ ਆਦਮੀ ਨੇ ਦਾਅਵਾ ਕੀਤਾ।ਅਤੇ ਉਸਨੇ ਮੈਨੂੰ ਇੱਕ ਕਹਾਣੀ ਸੁਣਾਈ। ਚੰਗੀ ਕਹਾਣੀ ਸੀ, ਹੱਡ-ਮਾਸ ਦੇ ਲੋਕਾਂ ਦੀ ਕਹਾਣੀ, ਨਾ ਕਿ ਕਿਤਾਬੀ। ਅਤੇ ਸਿੱਟਾ ਕੱਢਦਿਆਂ ਉਸਨੇ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕਿਹਾ:
"ਦੇਖ, ਤੂੰ ਇਹ ਸਾਰੀਆਂ ਗੱਲਾਂ ਪੂਰੀ ਤਰ੍ਹਾਂ ਨਹੀਂ ਸਮਝ ਸਕਦਾ, ਪਰ ਇੱਕ ਜ਼ਰੂਰੀ ਗੱਲ ਤੈਨੂੰ ਸਮਝਣੀ ਹੀ ਪਏਗੀ, ਕਿ ਇਸ ਦੁਨੀਆਂ ਵਿੱਚ ਛੋਟੀਆਂ-ਮੋਟੀਆਂ ਗੱਲਾਂ ਦਾ ਕੋਈ ਅੰਤ ਨਹੀਂ ਹੈ, ਅਤੇ ਲੋਕ ਇਹਨਾਂ ਮਾਮੂਲੀ ਗੱਲਾਂ ਵਿੱਚ ਹੀ ਉਲਝੇ ਪਏ ਹਨ। ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਕਿਹੜਾ ਰਾਹ ਚੁਣਨਾ ਚਾਹੀਦਾ ਹੈ, ਇਸ ਲਈ ਉਹ ਰੱਬ ਦਾ ਸੱਚਾ ਮਾਰਗ ਵੀ ਨਹੀਂ ਜਾਣਦੇ । ਲੋਕ ਮਾਮੂਲੀ ਤੇ ਤੁੱਛ ਗੱਲਾਂ ਵਿੱਚ ਘਿਰੇ ਪਏ ਨੇ, ਜੇ ਤੂੰ ਮੇਰਾ ਮਤਲਬ ਸਮਝ ਸਕੇ।”
ਇਹਨਾਂ ਸ਼ਬਦਾਂ ਨਾਲ ਮੈਨੂੰ ਮੇਰੇ ਦਿਲ ਵਿੱਚ ਕੋਈ ਜੀਵਨ-ਦਾਇਕ ਚੀਜ਼ ਧੜਕਦੀ ਮਹਿਸੂਸ ਹੋਈ ਤੇ ਮੈਨੂੰ ਜਾਪਿਆ ਜਿਵੇਂ ਮੈਂ ਅਚਾਨਕ ਰੋਸ਼ਨੀ ਵਿੱਚ ਆ ਗਿਆ ਹੋਵਾਂ। ਸਚਮੁੱਚ, ਮੇਰੇ ਆਲੇ-ਦੁਆਲੇ ਦਾ ਜੀਵਨ ਨਿਗੁਣੀਆਂ ਗੱਲਾਂ ਨਾਲ, ਲੜਾਈ-ਝਗੜੇ, ਕਮੀਨੇਪਣ, ਛੋਟੀਆਂ-ਮੋਟੀਆਂ ਚੋਰੀਆਂ ਅਤੇ ਗਾਲ਼ਾਂ ਨਾਲ ਭਰਿਆ ਪਿਆ ਸੀ । ਜਿਹੜਾ ਕਿ, ਮੈਂ ਸਮਝਦਾ ਸਾਂ, ਇਸ ਕਾਰਨ ਇੰਨਾ ਫੈਲਿਆ ਹੋਇਆ ਸੀ ਕਿਉਂਕਿ ਇਨਸਾਨ ਕੋਲ ਸ਼ੁੱਧ ਅਤੇ ਮਿੱਠੇ ਲਫ਼ਜ਼ਾਂ ਦੀ ਘਾਟ ਹੈ।
ਇਹ ਬੁੱਢਾ ਆਦਮੀ ਮੇਰੇ ਨਾਲ਼ੋਂ ਕੋਈ ਪੰਜ ਗੁਣਾ ਵੱਡਾ ਸੀ ਅਤੇ ਬਹੁਤ ਕੁਝ ਜਾਣਦਾ ਸੀ ਅਤੇ ਜੇ ਉਹ ਕਹਿੰਦਾ ਸੀ ਕਿ ਜ਼ਿੰਦਗੀ ਵਿੱਚ ਚੰਗੀਆਂ ਗੱਲਾਂ ਵੀ ਵਾਪਰਦੀਆਂ ਹਨ ਤਾਂ ਮੇਰੇ ਕੋਲ ਉਸ 'ਤੇ ਯਕੀਨ ਕਰਨ ਦਾ ਹਰ ਕਾਰਨ ਮੌਜੂਦ ਸੀ । ਮੈਂ ਉਸ 'ਤੇ ਵਿਸ਼ਵਾਸ ਕਰਨ ਨੂੰ ਤਿਆਰ ਸਾਂ ਕਿਉਂਕਿ ਕਿਤਾਬਾਂ ਨੇ ਮੈਨੂੰ ਇਨਸਾਨਾਂ 'ਤੇ ਵਿਸ਼ਵਾਸ ਕਰਨਾ ਪਹਿਲਾਂ ਹੀ ਸਿਖਾ ਦਿੱਤਾ ਸੀ, ਮੈਨੂੰ ਜਾਪਿਆ ਕਿ ਕਿਤਾਬਾਂ ਆਖਿਰਕਾਰ ਅਸਲੀ ਜੀਵਨ ਹੀ ਚਿਤਰਦੀਆਂ ਹਨ, ਕਿਉਂਕਿ ਜੇ ਕਹਿ ਲਿਆ ਜਾਵੇ ਤਾਂ ਉਹ ਵਾਸਤਵਿਕ ਜੀਵਨ ਦੀਆਂ ਹੀ ਨਕਲ ਹੁੰਦੀਆਂ ਹਨ ਅਤੇ ਇਸ ਲਈ ਚੰਗੇ ਬੰਦੇ ਵੀ ਜ਼ਰੂਰ ਹੀ ਹੋਣੇ ਚਾਹੀਦੇ ਹਨ, ਉਸ ਜ਼ਾਲਿਮ ਠੇਕੇਦਾਰ ਜਾਂ ਮੇਰੇ ਮਾਲਿਕ ਜਾਂ ਸ਼ਰਾਬੀ ਅਫ਼ਸਰ ਜਾਂ ਉਹਨਾਂ ਸਾਰਿਆਂ ਲੋਕਾਂ ਤੋਂ ਬਿਲਕੁਲ ਅਲੱਗ, ਜਿਹਨਾਂ ਨੂੰ ਮੈਂ ਜਾਣਦਾ ਸਾਂ ।
ਇਸ ਖੋਜ ਨੇ ਮੈਨੂੰ ਬੜੀ ਖੁਸ਼ੀ ਦਿੱਤੀ ਅਤੇ ਮੈਂ ਜ਼ਿੰਦਗੀ ਨੂੰ ਪ੍ਰਸੰਨਤਾ ਦੀ ਨਜ਼ਰ ਨਾਲ ਵੇਖਣ ਲੱਗ ਪਿਆ ਤੇ ਲੋਕਾਂ ਪ੍ਰਤੀ ਮੇਰਾ ਵਿਵਹਾਰ ਵਧੇਰੇ ਦੋਸਤੀ ਅਤੇ ਹਮਦਰਦੀ ਵਾਲਾ ਹੋ ਗਿਆ। ਜਦੋਂ ਵੀ ਮੈਂ ਕੋਈ ਚੰਗੀ ਜਾਂ ਰੂਹ ਨੂੰ ਉਚਿਆਉਣ ਵਾਲੀ ਗੱਲ ਪੜ੍ਹਦਾ ਤਾਂ ਬੇਲਦਾਰਾਂ ਅਤੇ ਅਫ਼ਸਰਾਂ ਦੇ ਨੌਕਰਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ। ਉਹ ਭਾਵੇਂ ਕੋਈ ਵਧੀਆ ਸਰੋਤੇ