

ਹੁਣ ਦੇਖਦੇ ਹੋ ਉਹ ਇਨਕਲਾਬ ਤੋਂ ਸਹਿਮਿਆ ਹੋਇਆ ਹੈ ਅਤੇ ਆਪਣੇ ਉਸ ਵਿਸ਼ਵਾਸ ਤੋਂ ਕੋਹਾਂ ਦੂਰ ਹੈ ਕਿ ਉਸਨੂੰ ਆਪਣੇ ਸੁਭਾਅ ਅਨੁਸਾਰ ਰਹਿਣ ਦਾ ਜਨਮ-ਸਿੱਧ ਅਧਿਕਾਰ ਹਾਸਿਲ ਹੈ। ਮੈਂ ਉਹ ਖੂਹ-ਦਾ-ਡੱਡੂ ਦੇਖਿਆ ਹੈ ਜਿਸਨੂੰ ਪੱਕਾ ਯਕੀਨ ਸੀ ਕਿ ਉਹ ਜੋ ਕੁਝ ਵੀ ਕਰ ਰਿਹਾ ਹੈ ਠੀਕ ਕਰ ਰਿਹਾ ਹੈ ਅਤੇ ਉਸਦਾ ਆਰਾਮਦਾਇਕ ਅਤੇ ਕਸ਼ਟਹੀਣ ਜੀਵਨ ਸਦਾ ਲਈ ਉਸਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ। ਉਸ ਸਮੇਂ ਮੈਂ ਵਿਦੇਸ਼ੀ ਨਾਵਲਾਂ ਦੇ ਅਨੁਵਾਦ ਪੜ੍ਹ ਰਿਹਾ ਸੀ ਜਿਹਨਾਂ ਵਿੱਚ ਡਿਕਨਜ਼ ਅਤੇ ਬਾਲਜ਼ਾਕ ਵਰਗੇ ਸ਼ਾਨਦਾਰ ਲੇਖਕਾਂ ਦੀਆਂ ਕਿਤਾਬਾਂ ਅਤੇ ਏਂਸਵਰਥ, ਬੁਲਵਰ-ਲਿਟਨ ਅਤੇ ਡਿਊਮਾ ਦੇ ਇਤਿਹਾਸਕ ਨਾਵਲ ਵੀ ਸ਼ਾਮਿਲ ਸਨ। ਇਹਨਾਂ ਵਿੱਚ ਦ੍ਰਿੜ ਇੱਛਾ-ਸ਼ਕਤੀ ਅਤੇ ਸਿਦਕ ਵਾਲੇ ਲੋਕਾਂ ਦਾ ਚਿਤਰਣ ਕੀਤਾ ਗਿਆ ਸੀ ਜੋ ਉਹਨਾਂ ਲੋਕਾਂ ਤੋਂ ਭਿੰਨ ਸਨ ਜਿਹਨਾਂ ਨੂੰ ਮੈਂ ਦੇਖਦਾ ਜਾਂ ਜਾਣਦਾ ਸਾਂ, ਅਤੇ ਉਹਨਾਂ ਦੀਆਂ ਦੁਸ਼ਮਣੀਆਂ ਉਹਨਾਂ ਵਿਚਲੇ ਮਹੱਤਵਪੂਰਣ ਮੱਤਭੇਦਾਂ ਤੋਂ ਹੀ ਉਪਜਦੀਆਂ ਸਨ। ਪਰ ਮੇਰੇ ਆਲੇ-ਦੁਆਲੇ ਕਮੀਨੇ ਅਤੇ ਘਟੀਆ ਲੋਕ ਸਨ, ਜਿਹਨਾਂ ਦੇ ਲਾਲਚ, ਦੁਸ਼ਮਣੀ ਤੇ ਖਾਰ, ਲੜਾਈ-ਝਗੜੇ ਅਤੇ ਮੁਕੱਦਮੇਬਾਜ਼ੀਆਂ ਦੇ ਕਾਰਣ ਕੁਝ ਅਜਿਹੇ ਹੁੰਦੇ ਸਨ ਜਿਵੇਂ ਕਿ ਗੁਆਂਢੀਆਂ ਦੇ ਮੁੰਡੇ ਨੇ ਕਿਸੇ ਦੀ ਮੁਰਗੀ ਦੀ ਲੱਤ ਤੋੜ ਦਿੱਤੀ, ਜਾਂ ਖਿੜਕੀ ਦਾ ਸ਼ੀਸ਼ਾ ਭੰਨ ਦਿੱਤਾ ਜਾਂ ਇਸ ਲਈ ਕਿ ਕਚੌਰੀਆਂ ਖਰਾਬ ਹੋ ਗਈਆਂ, ਸੂਪ ਜਲ ਗਿਆ ਜਾਂ ਦੁੱਧ ਫਟ ਗਿਆ। ਉਹ ਘੰਟਿਆਂ ਬੱਧੀ ਇਸ ਗੱਲ ਦਾ ਰੋਣਾ ਰੋ ਸਕਦੇ ਸਨ ਕਿ ਦੁਕਾਨਦਾਰ ਨੇ ਇੱਕ ਪਾਉਂਡ ਚੀਨੀ ਜਾਂ ਇੱਕ ਗਜ਼ ਕੱਪੜੇ ਦਾ ਰੇਟ ਇੱਕ ਕੋਪੇਕ ਵਧਾ ਦਿੱਤਾ ਹੈ। ਕਿਸੇ ਗੁਆਂਢੀ ਤੇ ਆਈ ਕੋਈ ਤੁੱਛ ਜਿਹੀ ਮੁਸੀਬਤ ਵੀ ਉਹਨਾਂ ਨੂੰ ਬਹੁਤ ਆਨੰਦ ਦਿੰਦੀ ਸੀ, ਜਿਸਨੂੰ ਉਹ ਆਪਣੀ ਹਮਦਰਦੀ ਦੇ ਵਿਖਾਵੇ ਪਿੱਛੇ ਛੁਪਾਉਂਦੇ ਸਨ। ਮੈਂ ਚੰਗੀ ਤਰ੍ਹਾਂ ਦੇਖਿਆ ਕਰਦਾ ਸਾਂ ਕਿ ਇੱਕ ਕੋਪੇਕ ਦਾ ਸਿੱਕਾ ਖੂਹ-ਦੇ-ਡੱਡੂ ਦੇ ਸਵਰਗ ਦਾ ਸੂਰਜ ਸੀ ਅਤੇ ਇਹੀ ਉਹਨਾਂ ਵਿੱਚ ਘਟੀਆ ਅਤੇ ਲੀਚੜ ਜਿਹੀ ਦੁਸ਼ਮਣੀ ਵੀ ਪੈਦਾ ਕਰਦਾ ਸੀ। ਭਾਂਡੇ-ਟੀਂਡੇ, ਮੁਰਗੀਆਂ ਤੇ ਬੰਦ ਗੋਭੀ, ਮਾਲਪੁੜੇ ਅਤੇ ਚਰਚ ਵਿੱਚ ਪੂਜਾ, ਜਨਮਦਿਨ ਅਤੇ ਦਾਹ-ਸਸਕਾਰ, ਤੂੜ ਤੂੜ ਕੇ ਅਤੇ ਹਾਬੜਿਆਂ ਵਾਂਗੂ ਖਾਣਾ-ਪੀਣਾ-ਇਹੀ ਉਹਨਾਂ ਲੋਕਾਂ ਦੀ ਜ਼ਿੰਦਗੀ ਦਾ ਸਾਰ ਤੱਤ ਸੀ ਜਿਹਨਾਂ ਵਿੱਚ ਮੈਂ ਪਲਿਆ ਸਾਂ। ਇਹ ਕਰਿਹਤ ਭਰੀ ਹੋਂਦ ਕਦੇ ਤਾਂ ਮੇਰੇ ਅੰਦਰ ਸੁੰਨ ਕਰ ਦੇਣ ਵਾਲਾ ਅਕੇਵਾਂ ਭਰ ਦਿੰਦੀ ਅਤੇ ਕਦੇ ਸ਼ਰਾਰਤ ਦੀ ਭਾਵਨਾ, ਤਾਂ ਕਿ ਮੈਂ ਇਸ ਅਕੇਵੇਂ ਤੋਂ ਛੁਟਕਾਰਾ ਪਾ ਸਕਾਂ । ਸ਼ਾਇਦ ਇਸੇ ਤਰ੍ਹਾਂ ਦੇ ਅਕੇਵੇਂ ਬਾਰੇ ਇੱਕ 19 ਸਾਲਾ ਪੱਤਰਵਿਹਾਰ ਕਰਤਾ ਨੇ ਮੈਨੂੰ ਹੁਣੇ ਪਿੱਛੇ ਜਿਹੇ ਹੀ ਇਹਨਾਂ ਸ਼ਬਦਾਂ ਵਿੱਚ ਲਿਖਿਆ ਹੈ:
“ਰਸੋਈ, ਚੁਗਲੀ-ਨਿੰਦਾ ਅਤੇ ਜਾਨਵਰਾਂ ਵਰਗੀ ਕਾਵਾਂ-ਰੌਲੀ ਦੇ ਉਸ ਅਕੇਵੇਂ ਤੋਂ ਮੇਰੇ ਜਿਸਮ ਦਾ ਪੇਟਾ-ਪੋਟਾ ਨਫ਼ਰਤ ਕਰਦਾ ਹੈ।"
ਇਸੇ ਕਿਸਮ ਦੇ ਅਕੇਵੇਂ ਦਾ ਮਾਰਿਆ ਮੈਂ ਤਰ੍ਹਾਂ-ਤਰ੍ਹਾਂ ਦੀਆਂ ਸ਼ਰਾਰਤਾਂ ਕਰਿਆ ਕਰਦਾ ਸਾਂ; ਕਦੇ ਮੈਂ ਛੱਤ 'ਤੇ ਚੜ੍ਹ ਜਾਂਦਾ ਅਤੇ ਤੰਦੂਰ ਦੀ ਚਿਮਨੀ ਵਿੱਚ ਚੀਥੜੇ ਅਤੇ ਕੂੜਾ-ਕਰਕਟ ਤੂੜ ਦਿੰਦਾ, ਗੋਭੀ ਦੇ ਉਬਲਦੇ ਸੂਪ ਵਿੱਚ ਲੂਣ ਦੀ ਮੁੱਠੀ ਭਰ ਕੇ ਪਾ ਦਿੰਦਾ,