

ਗੁਆਚ ਗਏ ਸਨ, ਅਤੇ ਮੈਂ ਉਸਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਇੱਕ ਸਫ਼ੇ ਦੀ ਇੱਕ ਕਹਾਣੀ ਤੋਂ ਛੁੱਟ, ਜੋ ਇੱਕ ਰਾਜੇ ਬਾਰੇ ਸੀ, ਮੈਨੂੰ ਕੁਝ ਵੀ ਸਮਝ ਨਾ ਆਇਆ। ਰਾਜਾ ਇੱਕ ਆਮ ਤੀਰ-ਅੰਦਾਜ਼ ਨੂੰ ਨਾਈਟ ਦੀ ਪਦਵੀ ਦੇਣਾ ਚਾਹੁੰਦਾ ਸੀ, ਜਿਸਦਾ ਉਸ ਤੀਰ-ਅੰਦਾਜ਼ ਨੇ ਕਾਵਿਕ ਢੰਗ ਨਾਲ ਇਹ ਜਵਾਬ ਦਿੱਤਾ:
ਆਜ਼ਾਦ ਪੇਂਡੂ ਕਿਸਾਨ ਦੇ ਨਾਤੇ, ਜ਼ਿੰਦਗੀ ਮੈਨੂੰ ਜਿਉਣ ਦਿਓ,
ਜਿਵੇਂ ਮੇਰਾ ਪਿਓ ਸੀ, ਤੇ ਮੇਰਾ ਪੁੱਤਰ ਵੀ ਹੋਵੇਗਾ ਕਿਸਾਨ।
ਮਾਣ ਦੀ ਗੱਲ ਤੇ ਤਾਂ ਹੋਵੇ, ਜੇ ਕੋਈ ਸਧਾਰਣ ਸਾਥੀ ਮੇਰਾ,
ਕਰ ਦਿਖਾਏ ਕੰਮ ਐਸਾ ਕੋਈ, ਕਰ ਨਾ ਸਕੇ ਜੋ ਸਖਸ਼ ਮਹਾਨ।
ਮੈਂ ਇਹਨਾਂ ਬੇਢਬੀਆਂ ਸਤਰਾਂ ਨੂੰ ਲਿਖ ਲਿਆ ਅਤੇ ਕਈ ਸਾਲਾਂ ਤੱਕ ਇਹਨਾਂ ਨੇ ਮੈਨੂੰ ਪੈਦਲ ਚੱਲਣ ਵਾਲੇ ਯਾਤਰੀ ਦੀ ਸੋਟੀ ਦਾ ਜਾਂ ਸ਼ਾਇਦ ਅਜਿਹੀ ਢਾਲ ਦਾ ਕੰਮ ਦਿੱਤਾ ਜਿਸਨੇ ਮੈਨੂੰ ਖੂਹ-ਦੇ-ਡੱਡੂਆਂ ਵੱਲੋਂ, ਜਿਹੜੇ ਉਸ ਸਮੇਂ "ਭੱਦਰ-ਪੁਰਸ਼" ਸਮਝੇ ਜਾਂਦੇ ਸਨ, ਮਿਲਣ ਵਾਲੀ ਵਰਗਲਾਹਟ ਅਤੇ ਘਟੀਆ ਸਲਾਹਾਂ ਤੋਂ ਬਚਾ ਕੇ ਰੱਖਿਆ। ਮੈਂ ਸਮਝਦਾ ਹਾਂ ਕਿ ਕਈ ਨੌਜਵਾਨਾਂ ਦੇ ਸਾਹਮਣੇ ਅਜਿਹੀਆਂ ਸਤਰਾਂ ਆਉਂਦੀਆਂ ਹੋਣਗੀਆਂ ਜੋ ਉਹਨਾਂ ਦੀ ਕਲਪਨਾ ਵਿੱਚ ਉਵੇਂ ਹੀ ਚਾਲਕ ਸ਼ਕਤੀ ਭਰ ਦਿੰਦੀਆਂ ਹੋਣਗੀਆਂ ਜਿਵੇਂ ਹਵਾ ਜਹਾਜ਼ ਦੇ ਬਾਦਬਾਨ ਵਿੱਚ ਭਰ ਦਿੰਦੀ ਹੈ।
ਕੋਈ ਦਸ ਕੁ ਸਾਲਾਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ ਸਤਰਾਂ "ਹੱਸਮੁੱਖ ਤੀਰ-ਅੰਦਾਜ਼ ਜਾਰਜ ਗਰੀਨ ਅਤੇ ਰਾਬਿਨ ਹੁੱਡ ਦੀ ਕਾਮੇਡੀ" ਵਿੱਚੋਂ ਸਨ, ਜਿਹੜੀ 16ਵੀਂ ਸਦੀ ਵਿੱਚ ਸ਼ੇਕਸਪੀਅਰ ਦੇ ਇੱਕ ਪੂਰਵਗਾਮੀ ਲੇਖਕ ਰਾਬਰਟ ਗਰੀਨ ਨੇ ਲਿਖੀ ਸੀ। ਇਸ ਖੋਜ ਨਾਲ ਮੈਂ ਬਹੁਤ ਖੁਸ਼ ਹੋਇਆ ਅਤੇ ਸਾਹਿਤ ਪ੍ਰਤੀ ਹੋਰ ਵਧੇਰੇ ਪਿਆਰ ਮਹਿਸੂਸ ਕਰਨ ਲੱਗ ਪਿਆ, ਜਿਹੜਾ ਕਿ ਪ੍ਰਾਚੀਨ ਕਾਲ ਤੋਂ ਹੀ ਲੋਕਾਂ ਦਾ ਸੱਚਾ ਮਿੱਤਰ ਅਤੇ ਉਹਨਾਂ ਦੀਆਂ ਔਖੀਆਂ ਜ਼ਿੰਦਗੀਆਂ ਵਿੱਚ ਸਹਾਇਕ ਰਿਹਾ ਹੈ।
ਹਾਂ, ਸਾਥੀਓ, ਜ਼ਿੰਦਗੀ ਦੇ ਉਜੱਡਪੁਣੇ ਅਤੇ ਬੇਰਹਿਮੀ ਦਾ ਡਰ ਮੈਂ ਬਹੁਤ ਤਿੱਖੀ ਤਰ੍ਹਾਂ ਮਹਿਸੂਸ ਕੀਤਾ ਸੀ, ਅਤੇ ਇੱਕ ਵਾਰ ਤਾਂ ਮੈਂ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ, ਇਸ ਘਟਨਾ ਨੂੰ ਮੈਂ ਕਈ ਸਾਲਾਂ ਤੱਕ ਬੇਹੱਦ ਸ਼ਰਮ ਅਤੇ ਆਤਮ-ਘ੍ਰਿਣਾ ਦੀ ਭਾਵਨਾ ਤੋਂ ਬਿਨਾਂ ਯਾਦ ਨਹੀਂ ਕਰ ਸਕਿਆ ਸੀ। ਮੈਨੂੰ ਉਸ ਡਰ ਤੋਂ ਛੁਟਕਾਰਾ ਉਦੋਂ ਮਿਲਿਆ ਜਦੋਂ ਮੈਂ ਇਹ ਗੱਲ ਮਹਿਸੂਸ ਕਰ ਲਈ ਕਿ ਲੋਕ ਓਨੇ ਬੁਰੇ ਨਹੀਂ ਹੁੰਦੇ ਜਿੰਨੇ ਅਗਿਆਨੀ ਹੁੰਦੇ ਹਨ, ਕਿ ਮੈਂ ਉਹਨਾਂ ਤੋਂ ਜਾਂ ਜ਼ਿੰਦਗੀ ਤੋਂ ਨਹੀਂ, ਸਗੋਂ ਆਪਣੀ ਸਮਾਜਿਕ ਜਾਂ ਹੋਰ ਕਿਸੇ ਤਰ੍ਹਾਂ ਦੀ ਅਗਿਆਨਤਾ, ਜ਼ਿੰਦਗੀ ਦੇ ਸਨਮੁੱਖ ਆਪਣੀ ਰੱਖਿਆ-ਹੀਣਤਾ ਅਤੇ ਬੇਬਸੀ ਕਾਰਨ ਭੈਅਭੀਤ ਹਾਂ। ਹਾਲਾਤ ਅਸਲ ਵਿੱਚ ਇਸੇ ਤਰ੍ਹਾਂ ਦੇ ਸਨ । ਮੈਂ ਸਮਝਦਾ ਹਾਂ ਕਿ ਤੁਹਾਨੂੰ ਇਸ ਗੱਲ 'ਤੇ ਚੰਗੀ ਤਰ੍ਹਾਂ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਤੁਹਾਡੇ ਵਿੱਚੋਂ ਕੁਝ ਲੋਕ ਜੋ ਵਿਰਲਾਪ ਅਤੇ ਸ਼ਿਕਾਇਤ ਕਰਦੇ ਹਨ, ਉਸਦਾ ਕਾਰਨ ਇਹੀ ਹੈ ਕਿ ਉਹਨਾਂ ਵਿੱਚ ਜ਼ਿੰਦਗੀ