

ਦੇਖੇ ਅਤੇ ਨਾ ਹੀ ਜਾਣਦਾ ਸਾਂ।
ਜਾਰਜ ਇਲੀਅਟ ਦੇ ਅਕਾਉ ਨਾਵਲ 'ਮਿਡਲ ਮਾਰਚ' ਅਤੇ ਆਇਰਬਾਖ਼ ਤੇ ਸਪਾਈਲਹਾਗੇਨ ਦੀਆਂ ਕਿਤਾਬਾਂ ਨੇ ਮੈਨੂੰ ਦੱਸਿਆ ਕਿ ਇੰਗਲੈਂਡ ਅਤੇ ਜਰਮਨ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਨੀਜ੍ਹਨੀ ਨੋਵਗੋਰੋਦ ਦੀ ਜ਼ਵੇਜ਼ਦਿਨਸਕਾਇਆ ਗਲੀ ਵਿੱਚ ਰਹਿਣ ਵਾਲੇ ਲੋਕਾਂ ਵਰਗੀ ਹੂ-ਬ-ਹੂ ਤਾਂ ਨਹੀਂ ਸੀ, ਪਰ ਉਸ ਨਾਲੋਂ ਕੁਝ ਚੰਗੀ ਵੀ ਨਹੀਂ ਸੀ। ਉਹ ਉਹੀ ਚੀਜ਼ਾਂ ਬਾਰੇ ਗੱਲਾਂ ਕਰਦੇ ਸਨ-ਆਪਣੇ ਅੰਗਰੇਜ਼ੀ ਅਤੇ ਜਰਮਨ ਪੈਸਿਆਂ ਦੀਆਂ, ਰੱਬ ਤੋਂ ਡਰਨ ਅਤੇ ਉਸਨੂੰ ਪਿਆਰ ਕਰਨ ਦੀ ਜ਼ਰੂਰਤ ਦੀਆਂ, ਪਰ ਬਿਲਕੁਲ ਸਾਡੀ ਗਲੀ ਦੇ ਨਿਵਾਸੀਆਂ ਵਾਂਗੂ ਉਹ ਇੱਕ ਦੂਜੇ ਨੂੰ ਨਾ ਪਸੰਦ ਕਰਦੇ ਸਨ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਦੂਜੇ ਸਾਂਚੇ ਵਿੱਚ ਢਲੇ ਹੋਣ, ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕਾਂ ਨਾਲੋਂ ਭਿੰਨ ਹੋਣ। ਮੈਂ ਵਿਦੇਸ਼ੀਆਂ ਅਤੇ ਰੂਸੀਆਂ ਵਿੱਚ ਸਮਾਨਤਾਵਾਂ ਨਹੀਂ ਲੱਭ ਰਿਹਾ ਸੀ, ਨਹੀਂ, ਮੈਂ ਉਹਨਾਂ ਵਿੱਚ ਫ਼ਰਕ ਲੱਭ ਰਿਹਾ ਸਾਂ, ਪਰ ਫਿਰ ਵੀ ਮੈਨੂੰ ਸਮਾਨਤਾ ਹੀ ਦਿਖਾਈ ਦਿੰਦੀ ਸੀ।
ਦੀਵਾਲੀਆ ਵਪਾਰੀ ਇਵਾਨ ਸ਼ਚੂਰੋਵ ਅਤੇ ਯਾਕੋਵ ਕੋਤੇਲਨਿਕੋਵ, ਜਿਹੜੇ ਮੇਰੇ ਨਾਨੇ ਦੇ ਗੂੜ੍ਹੇ ਮਿੱਤਰ ਸਨ, ਉਨ੍ਹਾਂ ਹੀ ਚੀਜ਼ਾਂ ਬਾਰੇ ਅਤੇ ਉਸੇ ਢੰਗ ਨਾਲ ਗੱਲਾਂ ਕਰਦੇ ਸਨ, ਜਿਵੇਂ ਥੈਕਰੇ ਦੇ 'ਵੈਨਿਟੀ ਫੇਅਰ' ਦੇ ਪਾਤਰ ਕਰਦੇ ਸਨ। ਮੈਂ ਬਾਈਬਲ ਦੀ ਭਜਨ-ਸਹਿਤਾ ਤੋਂ ਪੜ੍ਹਨਾ ਤੇ ਲਿਖਣਾ ਸਿੱਖਿਆ, ਮੈਂ ਇਸ ਕਿਤਾਬ ਨੂੰ ਬਹੁਤ ਪਿਆਰ ਕਰਦਾ ਸਾਂ ਕਿਉਂਕਿ ਇਸਦੀ ਭਾਸ਼ਾ ਖੂਬਸੂਰਤ ਅਤੇ ਸੰਗੀਤਮਈ ਸੀ । ਜਦੋਂ ਯਾਕੋਵ ਕੋਤੇਲਨਿਕੋਵ, ਮੇਰਾ ਨਾਨਾ ਅਤੇ ਹੋਰ ਬਜ਼ੁਰਗ ਆਪਸ ਵਿੱਚ ਆਪਣੇ ਬੱਚਿਆਂ ਦੀਆਂ ਸ਼ਿਕਾਇਤਾਂ ਕਰਦੇ ਤਾਂ ਮੈਨੂੰ ਰਾਜਾ ਡੇਵਿਡ ਚੇਤੇ ਆ ਜਾਂਦਾ ਜਿਹੜਾ ਰੱਬ ਨੂੰ ਆਪਣੇ ਬਾਗੀ ਪੁੱਤਰ ਐਬਸਲਸ ਦੀਆਂ ਸ਼ਿਕਾਇਤਾਂ ਕਰਿਆ ਕਰਦਾ ਸੀ, ਅਤੇ ਮੈਨੂੰ ਇੰਜ ਜਾਪਦਾ ਕਿ ਇਹ ਬੁੱਢੇ ਲੋਕ, ਜਦੋਂ ਕਹਿੰਦੇ ਹਨ ਕਿ ਆਮ ਤੌਰ 'ਤੇ ਸਾਰੇ ਅਤੇ ਖਾਸ ਕਰਕੇ ਨੌਜਵਾਨ ਦਿਨੋ ਦਿਨ ਬੁਰਾ ਜੀਵਨ ਬਿਤਾ ਰਹੇ ਹਨ, ਜ਼ਿਆਦਾ ਮੁਰਖ ਅਤੇ ਸੁਸਤ ਹੁੰਦੇ ਜਾ ਰਹੇ ਹਨ, ਅਤੇ ਰੱਬ ਦਾ ਡਰ ਇਹਨਾਂ ਦੇ ਮਨਾਂ ਵਿੱਚੋਂ ਨਿੱਕਲ ਗਿਆ ਹੈ, ਤਾਂ ਇਹ ਸੱਚ ਨਹੀਂ ਬੋਲ ਰਹੇ ਹੁੰਦੇ। ਡਿਕਨਜ਼ ਦੇ ਪਾਖੰਡੀ ਪਾਤਰ ਵੀ ਬਿਲਕੁਲ ਇਹੀ ਗੱਲਾਂ ਕਰਦੇ ਸਨ।
ਕੱਟੜਪੰਥੀ ਸਿਧਾਂਤਵਾਦੀ ਅਤੇ ਰੂੜੀਵਾਦੀ ਪੁਜਾਰੀਆਂ ਦੇ ਪਰਸਪਰ ਵਾਦ-ਵਿਵਾਦ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਇਹ ਦੋਵੇਂ ਸ਼ਬਦਾਂ ਨੂੰ ਉਸੇ ਤਰ੍ਹਾਂ ਫੜਦੇ ਹਨ ਜਿਵੇਂ ਹੋਰਨਾਂ ਦੇਸ਼ਾਂ ਦੇ ਪਾਦਰੀ ਕਰਿਆ ਕਰਦੇ ਸਨ, ਕਿ ਸਾਰੇ ਪਾਦਰੀਆਂ ਲਈ ਸ਼ਬਦ ਹੋਰਨਾਂ ਲੋਕਾਂ ਨੂੰ ਲਗਾਮਾਂ ਪਾ ਕੇ ਰੱਖਣ ਦਾ ਇਕ ਸਾਧਨ ਹਨ, ਅਤੇ ਇਹ ਵੀ ਕਿ ਕੁਝ ਲੇਖਕ ਵੀ ਬਿਲਕੁਲ ਪਾਦਰੀਆਂ ਵਰਗੇ ਹੁੰਦੇ ਹਨ। ਇਸ ਸਮਾਨਤਾ ਵਿੱਚ ਮੈਨੂੰ ਕੁਝ ਬੱਕੀ ਜਿਹਾ ਪਰ ਫਿਰ ਵੀ ਦਿਲਚਸਪ ਜਾਪਿਆ।
ਇਹ ਸਹੀ ਹੈ ਕਿ ਮੇਰੇ ਪੜ੍ਹਨ ਦੇ ਢੰਗ ਵਿੱਚ ਕੋਈ ਵਿਵਸਥਾ ਜਾਂ ਨਿਰੰਤਰਤਾ ਨਹੀਂ ਸੀ, ਅਤੇ ਸਭ ਕੁਝ ਮਹਿਜ਼ ਸੰਜੋਗ ਸੀ। ਮੈਂ ਜਿਸ ਕੋਲ ਕੰਮ ਕਰਦਾ ਸਾਂ ਉਸਦਾ ਭਰਾ ਵਿਕਟਰ