

ਸੇਰਗੇਯੇਵ, ਜ਼ੇਵੀਅਰ ਦ ਮੋਂਟੇਪਿਨ, ਗਬੋਰਿਓ, ਜ਼ਕੋਨੇ ਅਤੇ ਬੁਵਿਏ ਦੇ ਲਿਖੇ ਘਟੀਆ, ਸਨਸਨੀਖੇਜ਼ ਕਿਸਮ ਦੇ ਨਾਵਲ ਪੜ੍ਹਿਆ ਕਰਦਾ ਸੀ ਅਤੇ ਇਹਨਾਂ ਨੂੰ ਪੜ੍ਹਨ ਤੋਂ ਬਾਅਦ ਮੈਨੂੰ ਅਜਿਹੀਆਂ ਰੂਸੀ ਕਿਤਾਬਾਂ ਮਿਲੀਆਂ ਜਿਹਨਾਂ ਵਿੱਚ "ਸਰਵਖੰਡਨਵਾਦੀ-ਇਨਕਲਾਬੀਆਂ" ਦਾ ਮਜ਼ਾਕ ਉਡਾਇਆ ਗਿਆ ਸੀ ਅਤੇ ਦਵੈਖਪੂਰਣ ਚਿਤਰਣ ਕੀਤਾ ਗਿਆ ਸੀ। ਮੈਂ ਕਰੇਸਤੋਵਸਕੀ, ਸਤੇਬਨਿਤਸਕੀ-ਲੇਸਕੋਵ, ਕਲੂਸ਼ਿਨਕੋਵ ਅਤੇ ਪਿਸੇਮਸਕੀ ਦੀਆਂ ਕਿਤਾਬਾਂ ਵੀ ਪੜ੍ਹੀਆਂ। ਮੈਨੂੰ ਅਜਿਹੇ ਲੋਕਾਂ ਬਾਰੇ ਪੜ੍ਹਨ ਵਿੱਚ ਬਹੁਤ ਆਨੰਦ ਆਉਂਦਾ ਸੀ ਜਿਹੜੇ ਉਹਨਾਂ ਲੋਕਾਂ ਵਰਗੇ ਨਹੀਂ ਸਨ ਜਿਹਨਾਂ ਵਿੱਚ ਮੈਂ ਰਹਿੰਦਾ ਸਾਂ, ਸਗੋਂ ਜਿਹੜੇ ਉਸ ਕੈਦੀ ਵਰਗੇ ਸਨ ਜਿਸਨੇ ਮੈਨੂੰ ਆਪਣੇ ਨਾਲ ਚੱਲਣ ਦਾ ਸੱਦਾ ਦਿੱਤਾ ਸੀ। ਬਿਲਕੁਲ, ਮੈਂ ਇਹ ਨਹੀਂ ਸਮਝ ਸਕਿਆ ਕਿ ਇਹਨਾਂ ਲੋਕਾਂ ਦਾ "ਇਨਕਲਾਬੀਪੁਣਾ" ਕਿਸ ਗੱਲ ਵਿੱਚ ਵਿਦਮਾਨ ਹੈ, ਜਿਹੜਾ ਲੇਖਕਾਂ ਦਾ ਵੀ ਇੱਕ ਮਕਸਦ ਸੀ, ਕਿਉਂਕਿ ਉਹ ਸਾਰੇ "ਇਨਕਲਾਬੀਆਂ" ਨੂੰ ਕਾਲੇ ਰੰਗ ਵਿੱਚ ਹੀ ਰੰਗਦੇ ਸਨ।
ਮੈਨੂੰ ਪੋਮਿਆਲੋਵਸਕੀ ਦੀਆਂ ਕਹਾਣੀਆਂ 'ਮੋਲਤਵ' ਅਤੇ 'ਖੂਹ-ਦੇ-ਡੱਡੂ ਦਾ ਸੁੱਖ' ਮਿਲ ਗਈਆਂ, ਜਿਹਨਾਂ ਨੇ ਮੈਨੂੰ ਖੂਹ-ਦੇ-ਡੱਡੂ ਦੀ "ਦਮਨਕਾਰੀ ਨੀਰਸ ਜ਼ਿੰਦਗੀ" ਅਤੇ ਉਸਦੀ ਖੁਸ਼ੀ ਦੀ ਤੁੱਛਤਾ ਬਾਰੇ ਦੱਸਿਆ। ਭਾਵੇਂ ਕੁਝ ਧੁੰਦਲੇ ਜਿਹੇ ਰੂਪ ਵਿੱਚ ਹੀ ਸਹੀ, ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਗਮਗੀਨ "ਸਰਵਖੰਡਨਵਾਦੀ" ਕਿਸੇ ਨਾ ਕਿਸੇ ਤਰ੍ਹਾਂ ਖੁਸ਼ਹਾਲ 'ਮੋਲਤੋਵ' ਨਾਲੋਂ ਬਿਹਤਰ ਸਨ। ਪੇਮਿਆਲੋਵਸਕੀ ਤੋਂ ਬਾਅਦ ਮੈਂ ਜ਼ਾਰੂਬਿਨ ਦੀ ਲਿਖੀ ਇੱਕ ਬੇਹੱਦ ਨੀਰਸ ਕਿਤਾਬ ਪੜ੍ਹੀ, ਜਿਸਦਾ ਨਾਮ ਸੀ "ਰੂਸੀ ਜੀਵਨ ਦੇ ਹਨੇਰੇ ਅਤੇ ਰੌਸ਼ਨ ਪੱਖ"। ਇਸ ਕਿਤਾਬ ਵਿੱਚ ਮੈਨੂੰ "ਰੌਸ਼ਨ" ਪੱਖ ਤਾਂ ਕਿਤੇ ਨਾ ਮਿਲੇ, ਪਰ "ਹਨੇਰੇ” ਪੱਖ ਹੋਰ ਵਧੇਰੇ ਸਪਸ਼ਟ ਅਤੇ ਘਿਣਾਉਣੇ ਜਾਪਣ ਲੱਗ ਪਏ।
ਮੈਂ ਘਟੀਆ ਕਿਤਾਬਾਂ ਵੀ ਬੇਹਿਸਾਬ ਪੜ੍ਹੀਆਂ ਹਨ, ਪਰ ਇਹਨਾਂ ਨਾਲ ਵੀ ਮੈਨੂੰ ਕਾਫ਼ੀ ਫਾਇਦਾ ਹੋਇਆ। ਜ਼ਿੰਦਗੀ ਦੇ ਬੁਰੇ ਪੱਖਾਂ ਬਾਰੇ ਵੀ ਆਦਮੀ ਨੂੰ ਓਨੀ ਹੀ ਜਾਣਕਾਰੀ ਹੋਣੀ ਚਾਹੀਦੀ ਹੈ ਜਿੰਨੀ ਕਿ ਚੰਗੇ ਪੱਖਾਂ ਬਾਰੇ। ਆਦਮੀ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਆਨ ਹੋਣਾ ਚਾਹੀਦਾ ਹੈ। ਕਿਸੇ ਦਾ ਤਜ਼ਰਬਾ ਜਿੰਨਾ ਰੰਗ-ਬਿਰੰਗਾ ਹੋਵੇਗਾ, ਓਨੀ ਹੀ ਉਸਦੀ ਉਡਾਣ ਉੱਚੀ ਅਤੇ ਦ੍ਰਿਸ਼ਟੀ-ਖੇਤਰ ਵਿਆਪਕ ਹੋਵੇਗਾ।
ਵਿਦੇਸ਼ੀ ਸਾਹਿਤ ਨੇ ਮੈਨੂੰ ਤੁਲਨਾ ਲਈ ਕਾਫ਼ੀ ਸਮੱਗਰੀ ਦਿੱਤੀ ਅਤੇ ਆਪਣੀ ਅਦਭੁੱਤ ਕੁਸ਼ਲਤਾ ਨਾਲ ਮੈਨੂੰ ਹੈਰਾਨ ਵੀ ਕੀਤਾ। ਇਹਨਾਂ ਕਿਤਾਬਾਂ ਨੇ ਲੋਕਾਂ ਦਾ ਚਿਤਰਣ ਐਨੇ ਸਜੀਵ ਅਤੇ ਸਪਸ਼ਟ ਢੰਗ ਨਾਲ ਕੀਤਾ ਹੁੰਦਾ ਸੀ ਕਿ ਉਹ ਮੈਨੂੰ ਸਚਮੁੱਚ ਦੇ ਤੁਰਦੇ-ਫਿਰਦੇ ਆਦਮੀ ਜਾਪਦੇ। ਮੈਨੂੰ ਇਹ ਲੋਕ ਰੂਸੀ ਲੋਕਾਂ ਨਾਲ ਜ਼ਿਆਦਾ ਸਰਗਰਮ ਜਾਪਦੇ ਸਨ-ਕਿਉਂਕਿ ਉਹ ਗੱਲਾਂ ਘੱਟ ਕਰਦੇ ਸਨ ਅਤੇ ਕੰਮ ਜ਼ਿਆਦਾ ਕਰਦੇ ਸਨ।
ਵੱਡੇ ਫ਼ਰਾਂਸੀਸੀ ਲੇਖਕਾਂ-ਸਤੇਂਧਾਲ, ਬਾਲਜ਼ਾਕ ਅਤੇ ਫਲਾਬੇਅਰ ਦਾ ਮੇਰੇ ਉੱਤੇ ਗਹਿਰਾ ਅਤੇ ਰਚਨਾਤਮਕ ਪ੍ਰਭਾਵ ਪਿਆ ਅਤੇ ਮੈਂ ਸਾਰੇ ਨੌਸਿੱਖੀਏ" ਲੇਖਕਾਂ ਨੂੰ ਇਹਨਾਂ ਲੇਖਕਾਂ ਦੀਆਂ ਕ੍ਰਿਤਾਂ ਪੜ੍ਹਨ ਦੀ ਸਲਾਹ ਦਿੰਦਾ ਹਾਂ। ਉਹ ਸਚਮੁੱਚ ਪ੍ਰਤਿਭਾਸ਼ਾਲੀ ਕਲਾਕਾਰ ਅਤੇ