

ਬੋਲਦਿਆਂ ਸਿਰਫ਼ ਸੁਣ ਹੀ ਨਹੀਂ ਦੇਖ ਵੀ ਰਿਹਾ ਸੀ। ਮੈਂ ਉਹਨਾਂ ਦੀਆਂ ਅੱਖਾਂ, ਮੁਸਕਰਾਹਟਾਂ ਅਤੇ ਇਸ਼ਾਰੇ ਦੇਖ ਸਕਦਾ ਸਾਂ, ਜਦਕਿ ਬਾਲਜ਼ਾਕ ਨੇ ਬੈਂਕਰ ਦੇ ਮਹਿਮਾਨਾਂ ਦੇ ਨਾ ਤਾਂ ਨੈਣ-ਨਕਸ਼ ਹੀ ਬਿਆਨ ਕੀਤੇ ਸਨ ਅਤੇ ਨਾ ਹੀ ਡੀਲ-ਡੋਲ।
ਬਾਲਜ਼ਾਕ ਅਤੇ ਹੋਰ ਫ਼ਰਾਂਸੀਸੀ ਲੇਖਕਾਂ ਨੇ ਲੋਕਾਂ ਨੂੰ ਸ਼ਬਦਾਂ ਦੇ ਮਾਧਿਅਮ ਰਾਹੀਂ ਚਿਤਰਣ ਵਿੱਚ ਅਤੇ ਉਹਨਾਂ ਦੀ ਗੱਲਬਾਤ ਨੂੰ ਸਜੀਵ ਅਤੇ ਸੁਣਨਯੋਗ ਬਣਾਉਣ ਦੀ ਕਲਾ ਵਿੱਚ ਜਿਸ ਚਤੁਰਾਈ ਦਾ ਸਬੂਤ ਦਿੱਤਾ ਹੈ ਇਸ ਨੇ ਅਤੇ ਵਾਰਤਾਲਾਪ ਦੀ ਰਚਨਾ ਵਿੱਚ ਉਹਨਾਂ ਦੀ ਸੰਪੂਰਨ ਮੁਹਾਰਤ ਨੇ ਮੈਨੂੰ ਹਮੇਸ਼ਾ ਹੀ ਝੰਜੋੜਿਆ ਹੈ। ਬਾਲਜ਼ਾਕ ਦੀਆਂ ਕਿਤਾਬਾਂ ਤੇਲ-ਰੰਗਾਂ ਵਿੱਚ ਲਿਖੀਆਂ ਜਾਪਦੀਆਂ ਹਨ, ਅਤੇ ਜਦੋਂ ਮੈਂ ਪਹਿਲੀ ਵਾਰ ਰੂਬੇਸ ਦੀ ਚਿੱਤਰਕਾਰੀ ਦੇਖੀ ਤਾਂ ਮੈਨੂੰ ਇੱਕਦਮ ਬਾਲਜ਼ਾਕ ਦਾ ਖਿਆਲ ਆਇਆ। ਜਦੋਂ ਮੈਂ ਦੋਸਤੋਯੇਵਸਕੀ ਦੀਆਂ ਸਨਕੀ ਕਿਤਾਬਾਂ ਪੜ੍ਹੀਆਂ ਤਾਂ ਮੈਂ ਇਹ ਸੋਚੇ ਬਿਨਾਂ ਨਾ ਰਹਿ ਸਕਿਆ ਕਿ ਇਹ ਇਨਸਾਨ ਨਾਵਲ ਦੇ ਇਸ ਮਹਾਨ ਉਸਤਾਦ ਦਾ ਕਿੰਨਾ ਦੇਣਦਾਰ ਹੈ।
ਮੈਨੂੰ ਗੋਂਕੂਰੋ ਦੇ ਦੋ-ਟੁੱਕ ਸ਼ਬਦਾਂ ਵਿੱਚ ਲਿਖੇ ਨਾਵਲ, ਜੋ ਕਲਮ ਨਾਲ ਬਣਾਏ ਚਿੱਤਰਾਂ ਵਾਂਗ ਸਪਸ਼ਟ ਸਨ ਅਤੇ ਜ਼ੋਲਾ ਦੀਆਂ ਉਦਾਸ ਲਿਖਤਾਂ, ਜਿਹੜੀਆਂ ਧੁੰਦਲੇ ਰੰਗਾਂ ਵਿੱਚ ਰੰਗੇ ਸ਼ਾਨਦਾਰ ਕੈਨਵਸਾਂ ਵਰਗੀਆਂ ਸਨ, ਵੀ ਪਸੰਦ ਆਈਆਂ। ਹਿਊਗੋ ਦੇ ਨਾਵਲ ਮੈਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਰਹੇ ਅਤੇ ਮੈਂ Quatre-vingt-treize (93ਵਾਂ ਸਾਲ) ਵੀ ਮਨ ਮਾਰ ਕੇ ਪੜ੍ਹਿਆ। ਇਹ ਤਾਂ ਕੁਝ ਦੇਰ ਬਾਅਦ ਜਦੋਂ ਮੈਂ ਅਨਾਤੋਲ ਫਰਾਂਸ ਦਾ Les dieux ont soif (ਦੇਵਤਾ ਅਭਿਲਾਖੀ ਹਨ) ਪੜ੍ਹਿਆ ਤਾਂ ਕਿਤੇ ਜਾ ਕੇ ਮੈਨੂੰ ਇਸ ਉਦਾਸੀਨਤਾ ਦਾ ਕਾਰਨ ਸਮਝ ਆਇਆ। ਮੈਂ ਸਤੇਂਦਾਲ ਨੂੰ ਉਦੋਂ ਪੜ੍ਹਿਆ ਜਦੋਂ ਮੈਂ ਕਈ ਚੀਜ਼ਾਂ ਨੂੰ ਨਫ਼ਰਤ ਕਰਨਾ ਸਿੱਖ ਲਿਆ ਸੀ ਅਤੇ ਉਸਦੀ ਅਣ-ਉਤੇਜਿਤ ਗੱਲਬਾਤ ਅਤੇ ਸੁੱਕੀ ਮੁਸਕਰਾਹਟ ਨੇ ਮੇਰੀ ਨਫ਼ਰਤ ਨੂੰ ਹੋਰ ਜ਼ਿਆਦਾ ਪੱਕਾ ਕਰ ਦਿੱਤਾ ਸੀ ।
ਇਸ ਸਭ ਕਾਸੇ ਦਾ ਅਰਥ ਇਹ ਨਿਕਲਦਾ ਹੈ ਕਿ ਮੈਂ ਫ਼ਰਾਂਸੀਸੀ ਲੇਖਕਾਂ ਤੋਂ ਲਿਖਣਾ ਸਿੱਖਿਆ ਹੈ। ਇਹ ਚਾਣਚੱਕ ਵਾਪਰਿਆ ਸੀ, ਪਰ ਇਸਦਾ ਨਤੀਜਾ ਫਾਇਦੇਮੰਦ ਸਿੱਧ ਹੋਇਆ ਅਤੇ ਇਸ ਲਈ ਮੈਂ ਨੌਜਵਾਨ ਲੇਖਕਾਂ ਨੂੰ ਫ਼ਰਾਂਸੀਸੀ ਸਿੱਖਣ ਦੀ ਸਲਾਹ ਦਿਆਂਗਾ ਤਾਂ ਕਿ ਉਹ ਇਹਨਾਂ ਮਹਾਨ ਉਸਤਾਦਾਂ ਨੂੰ ਮੂਲ ਰੂਪ ਵਿੱਚ ਪੜ੍ਹ ਸਕਣ ਅਤੇ ਉਹਨਾਂ ਤੋਂ ਲਿਖਣ ਦੀ ਕਲਾ ਸਿੱਖਣ।
ਰੂਸੀ ਸਾਹਿਤ ਦੀਆਂ ਮਹਾਨ ਹਸਤੀਆਂ - ਗੋਗਲ, ਤਾਲਸਤਾਏ, ਤੁਰਗਨੇਵ, ਗੇਂਚਾਰੋਵ, ਦੋਸਤਯੇਵਸਕੀ ਅਤੇ ਲੇਸਕੋਵ ਨੂੰ ਮੈਂ ਕਾਫ਼ੀ ਦੇਰ ਮਗਰੋਂ ਪੜ੍ਹਿਆ। ਯਕੀਨਨ ਲੇਸਕੋਵ ਦੇ ਹੈਰਾਨੀਜਨਕ ਗਿਆਨ ਅਤੇ ਭਾਸ਼ਾ ਦੀ ਅਮੀਰੀ ਕਾਰਨ ਮੇਰੇ ਉੱਤੇ ਉਸਦਾ ਕਾਫ਼ੀ ਜ਼ਿਆਦਾ ਅਸਰ ਪਿਆ। ਉਹ ਰੂਸੀ ਜੀਵਨ ਦੀ ਗਹਿਰੀ ਜਾਣਕਾਰੀ ਰੱਖਣ ਵਾਲੇ ਇੱਕ ਸ਼ਾਨਦਾਰ ਲੇਖਕ ਸਨ, ਜਿਹਨਾਂ ਨੂੰ ਸਾਡੇ ਸਾਹਿਤ ਵਿੱਚ ਉਹ ਮਾਨਤਾ ਨਹੀਂ ਮਿਲੀ ਜਿਸਦੇ ਉਹ ਹੱਕਦਾਰ ਸਨ। ਚੈਖ਼ਵ ਨੇ ਕਿਹਾ ਹੈ ਕਿ ਉਹ ਲੇਸਕੋਵ ਦੇ ਬਹੁਤ ਰਿਣੀ ਹਨ। ਮੇਰੇ