

ਖਿਆਲ ਵਿੱਚ ਰੇਮੀਜ਼ੋਵ' ਵੀ ਇਹ ਗੱਲ ਕਹਿ ਸਕਦੇ ਹਨ।
ਇਹਨਾਂ ਪਰਸਪਰ ਸਬੰਧਾਂ ਅਤੇ ਪ੍ਰਭਾਵਾਂ ਦੀ ਚਰਚਾ ਮੈਂ ਇਹ ਦੁਹਰਾਉਣ ਲਈ ਕੀਤੀ ਹੈ ਕਿ ਲੇਖਕ ਲਈ ਵਿਦੇਸ਼ੀ ਅਤੇ ਰੂਸੀ ਸਾਹਿਤ ਦਾ ਵਿਕਾਸ ਜਾਣਨਾ ਬੇਹੱਦ ਲਾਜ਼ਮੀ ਹੈ।
ਵੀਹ ਕੁ ਸਾਲ ਦੀ ਉਮਰ ਵਿੱਚ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਂ ਐਨਾ ਕੁਝ ਦੇਖ, ਸੁਣ ਅਤੇ ਹੰਢਾ ਚੁੱਕਿਆ ਹਾਂ ਕਿ ਇਸ ਬਾਰੇ ਲੋਕਾਂ ਨੂੰ ਦੱਸਿਆ ਜਾ ਸਕਦਾ ਹੈ, ਅਤੇ ਦੱਸਿਆ ਜਾਣਾ ਚਾਹੀਦਾ ਹੈ। ਮੈਨੂੰ ਇੰਝ ਜਾਪਦਾ ਸੀ ਕਿ ਕੁਝ ਚੀਜ਼ਾਂ ਨੂੰ ਮੈਂ ਹੋਰਨਾਂ ਲੋਕਾਂ ਨਾਲੋਂ ਵੱਖਰੇ ਢੰਗ ਨਾਲ ਸਮਝਦਾ ਅਤੇ ਮਹਿਸੂਸ ਕਰਦਾ ਸਾਂ; ਇਸ ਨਾਲ ਮੈਨੂੰ ਅੱਚਵੀ ਜਿਹੀ ਮਹਿਸੂਸ ਹੁੰਦੀ ਸੀ ਤੇ ਮੇਰਾ ਗੱਲਾਂ ਕਰਨ ਨੂੰ ਜੀਅ ਕਰਦਾ ਸੀ । ਤੁਰਗਨੇਵ ਵਰਗੇ ਮਹਾਨ ਕਲਾਕਾਰਾਂ ਦੀਆਂ ਕ੍ਰਿਤਾਂ ਪੜ੍ਹਦੇ ਸਮੇਂ ਵੀ ਕਦੇ ਕਦੇ ਮੈਨੂੰ ਇੰਝ ਜਾਪਦਾ ਸੀ ਕਿ ਸ਼ਾਇਦ ਮੈਂ, ਮਿਸਾਲ ਵਜੋਂ, 'ਸ਼ਿਕਾਰੀ ਦੇ ਸ਼ਬਦ-ਚਿੱਤਰ' ਦੇ ਮੁੱਖ ਪਾਤਰਾਂ ਬਾਰੇ ਤੁਰਗਨੇਵ ਨਾਲੋਂ ਵੱਖਰੇ ਢੰਗ ਨਾਲ ਗੱਲ ਕਰ ਸਕਦਾ ਸੀ। ਉਦੋਂ ਤੱਕ ਮੈਂ ਇੱਕ ਕਿੱਸੇ-ਕਹਾਣੀਆਂ ਸੁਣਾਉਣ ਵਾਲੇ ਵਜੋਂ ਚੰਗੀ ਮਸ਼ਹੂਰੀ ਖੱਟ ਲਈ ਸੀ ਅਤੇ ਜਹਾਜ਼ਾਂ 'ਤੇ ਮਾਲ ਲੱਦਣ ਵਾਲੇ ਮਜ਼ਦੂਰ, ਨਾਨਬਾਈ, ਆਵਾਰਾ ਲੋਕ, ਤਰਖਾਣ, ਰੇਲਵੇ ਮਜ਼ਦੂਰ, ਯਾਤਰੀ ਅਤੇ ਉਹ ਸਾਰੇ ਲੋਕ, ਜਿਹਨਾਂ ਵਿੱਚ ਮੈਂ ਰਹਿੰਦਾ ਸਾਂ, ਮੇਰੀ ਗੱਲ ਧਿਆਨ ਨਾਲ ਸੁਣਿਆ ਕਰਦੇ ਸਨ। ਆਪਣੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਬਾਰੇ ਦੱਸਦੇ ਸਮੇਂ ਮੈਂ ਅਕਸਰ ਆਪਣੇ ਆਪ ਨੂੰ ਕਹਾਣੀ ਦੇ ਪਲਾਟ ਨਾਲ ਛੇੜਛਾੜ ਕਰਦਿਆਂ, ਉਸਨੂੰ ਤੋੜ-ਮਰੋੜ ਕੇ ਪੇਸ਼ ਕਰਦਿਆਂ, ਅਤੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਵਿੱਚੋਂ ਕਈ ਗੱਲਾਂ ਉਸ ਵਿੱਚ ਜੋੜਦਿਆਂ ਫੜ ਲਿਆ ਕਰਦਾ ਸਾਂ । ਇਸਦੀ ਵਜ੍ਹਾ ਇਹ ਸੀ ਕਿ ਜ਼ਿੰਦਗੀ ਅਤੇ ਸਾਹਿਤ ਦੇ ਤੱਥ ਮੇਰੇ ਜ਼ਿਹਨ ਵਿੱਚ ਘੁਲ-ਮਿਲ ਗਏ ਸਨ। ਕਿਤਾਬ ਵੀ ਮਨੁੱਖ ਵਾਂਗ ਜੀਵਨ ਦਾ ਇੱਕ ਵਰਤਾਰਾ ਹੈ; ਇਹ ਵੀ ਇੱਕ ਸਜੀਵ ਅਤੇ ਬੋਲਦਾ ਤੱਥ ਹੈ, ਅਤੇ ਇਹ ਉਹਨਾਂ ਸਾਰੀਆਂ ਚੀਜ਼ਾਂ ਨਾਲ, ਜਿਨ੍ਹਾਂ ਦੀ ਰਚਨਾ ਮਨੁੱਖ ਨੇ ਕੀਤੀ ਹੈ ਜਾਂ ਕਰ ਰਿਹਾ ਹੈ, ਸਭ ਤੋਂ ਘੱਟ "ਚੀਜ਼" ਹੈ।
ਮੇਰੀਆਂ ਗੱਲਾਂ ਸੁਣਨ ਵਾਲੇ ਬੁੱਧੀਜੀਵੀ ਮੈਨੂੰ ਸਲਾਹ ਦਿੰਦੇ "ਤੈਨੂੰ ਲਿਖਣਾ ਚਾਹੀਦਾ ਹੈ! ਕੋਸ਼ਿਸ਼ ਕਰ।"
ਅਕਸਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਮਦਹੋਸ਼ ਹੋ ਗਿਆ ਹਾਂ, ਅਤੇ ਉਹਨਾਂ ਸਾਰੀਆਂ ਗੱਲਾਂ ਨੂੰ, ਜਿਹੜੀਆਂ ਮੇਰੇ ਮਨ 'ਤੇ ਭਾਰ ਬਣੀਆਂ ਹੋਈਆਂ ਸਨ ਜਾਂ ਜਿਹੜੀਆਂ ਮੈਨੂੰ ਦਬਾ ਰਹੀਆਂ ਸਨ, ਜ਼ਾਹਿਰ ਕਰਨ ਦੀ ਅੰਤਰ-ਪ੍ਰੇਰਣਾ ਦੀ ਵਜ੍ਹਾ ਨਾਲ ਮੈਨੂੰ ਬਹੁਤ ਜ਼ਿਆਦਾ ਬੋਲਣ ਦਾ ਦੌਰਾ ਪੈ ਗਿਆ ਹੈ ਅਤੇ ਸ਼ਬਦਾਂ ਦਾ ਇੱਕ ਹੜ੍ਹ ਜਿਹਾ ਆ ਗਿਆ ਹੈ। ਮੈਂ ਆਪਣੇ ਮਨ ਦਾ ਭਾਰ ਹਲਕਾ ਕਰਨਾ ਚਾਹੁੰਦਾ ਸਾਂ । ਅਜਿਹੇ ਪਲ ਵੀ ਆਉਂਦੇ ਜਦੋਂ ਮੇਰੇ ਅੰਦਰੁਨੀ ਤਣਾਅ ਕਾਰਨ ਮੈਨੂੰ ਤਸੀਹੇ ਸਹਿਣੇ ਪੈਂਦੇ, ਅਜਿਹੇ ਪਲ ਜਦੋਂ ਕੋਈ ਚੀਜ਼ ਮੇਰੇ ਗਲੇ ਵਿੱਚ
* ਰੇਮੀਜ਼ੋਵ ਅ.ਮ.- ਰੂਸੀ ਲੇਖਕ ਜਿਹਨਾਂ ਨੇ ਲੇਸਕੋਵ ਦੀ ਪ੍ਰਥਾ 'ਤੇ ਚੱਲਦਿਆਂ ਰੂਸ ਦੇ ਪਿੱਤਰੀ-ਰਾਜ ਤੇ ਚਰਚ ਦੀ ਦੁਨੀਆ ਦਾ ਚਿਤਰਣ ਕੀਤਾ, ਉਹ ਬੜੀ ਸਜੀ-ਸੰਵਾਰੀ ਭਾਸ਼ਾ ਦੀ ਵਰਤੋਂ ਕਰਦੇ ਸਨ।