ਮੈਂ ਪੜ੍ਹਾਈ ਕਿਵੇਂ ਕੀਤੀ
ਮੈਂ ਉਦੋਂ ਕੋਈ ਚੌਦਾਂ ਕੁ ਸਾਲਾਂ ਦਾ ਸਾਂ, ਜਦ ਮੈਂ ਪਹਿਲੀ ਵਾਰ ਸੋਚ-ਸਮਝ ਕੇ ਪੜ੍ਹਨਾ ਸਿੱਖਿਆ। ਹੁਣ ਮੈਂ ਕਿਸੇ ਕਿਤਾਬ ਦੇ ਸਿਰਫ਼ ਪਲਾਟ ਵੱਲ ਹੀ ਨਹੀ ਸਾਂ ਖਿੱਚਿਆ ਜਾਂਦਾ ਜਿਹੜਾ ਕਿ ਕਿਤਾਬ ਵਿਚਲੀਆਂ ਘਟਨਾਵਾਂ ਦੇ ਚਿਤਰਣ ਦਾ ਘੱਟ ਜਾਂ ਵੱਧ ਦਿਲਚਸਪ ਵਿਕਾਸ ਹੀ ਹੁੰਦਾ ਹੈ। ਸਗੋਂ ਮੈਂ ਹੁਣ ਬਿਰਤਾਂਤ ਦੀ ਖੂਬਸੂਰਤੀ ਨੂੰ ਮਾਨਣ ਲੱਗ ਪਿਆ ਸਾਂ, ਕਹਾਣੀ ਵਿਚਲੇ ਮਰਦ ਅਤੇ ਔਰਤਾਂ ਦੇ ਆਚਰਣ ਬਾਰੇ ਸੋਚ ਵਿਚਾਰ ਕਰਨ ਲੱਗ ਪਿਆ ਸਾਂ, ਲੇਖਕ ਦੇ ਮਨੋਰਥ ਬਾਰੇ ਧੁੰਦਲੀਆਂ ਜਿਹੀਆਂ ਅਟਕਲਾਂ ਲਗਾਉਂਦਾ ਸਾਂ, ਅਤੇ ਕਿਤਾਬ ਵਿੱਚ ਕਹੀਆਂ ਗੱਲਾਂ ਤੇ ਜੀਵਨ ਦੁਆਰਾ ਸੁਝਾਈਆਂ ਗੱਲਾਂ ਵਿਚਲਾ ਫਰਕ ਮਹਿਸੂਸ ਕਰਨ ਲੱਗ ਪਿਆ ਸਾਂ।
ਇਹ ਮੇਰੇ ਲਈ ਸਖ਼ਤ ਘਾਲਣਾ ਦਾ ਦੌਰ ਸੀ। ਮੈਂ ਕੱਟੜ ਖੂਹ-ਦੇ-ਡੱਡੂਆਂ (philis tines) ਕੋਲ ਕੰਮ ਕਰਦਾ ਸਾਂ, ਇਹਨਾਂ ਲੋਕਾਂ ਲਈ ਤੁੰਨ-ਤੁੰਨ ਕੇ ਖਾਣਾ ਹੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਸੀ, ਇਹਨਾਂ ਦਾ ਇੱਕੋ ਇੱਕ ਮਨ-ਪ੍ਰਚਾਵਾ ਗਿਰਜੇ-ਘਰ ਜਾਣਾ ਸੀ, ਜਿੱਥੇ ਉਹ ਪੂਰੀ ਤਰਾਂ ਸਜ-ਧਜ ਕੇ ਅਤੇ ਅਜਿਹੇ ਭੜਕੀਲੇ ਕੱਪੜੇ ਪਹਿਨ ਕੇ ਜਾਂਦੇ ਸਨ ਜਿਵੇਂ ਥਿਏਟਰ ਜਾਂ ਸੈਰ-ਸਪਾਟੇ ਨੂੰ ਚੱਲੇ ਹੋਣ । ਮੇਰਾ ਕੰਮ ਲੱਕ ਭੰਨਵੀਂ ਮਿਹਨਤ ਵਾਲਾ ਸੀ ਜਿਸ ਨਾਲ ਮੇਰਾ ਦਿਮਾਗ ਲਗਭਗ ਸੁੰਨ ਹੋ ਜਾਂਦਾ ਸੀ, ਕੰਮ ਦੇ ਦਿਨ ਅਤੇ ਛੁੱਟੀਆਂ ਇੱਕੋ ਜਿੰਨੀ ਮਿਹਨਤ-ਮੁਸ਼ੱਕਤ ਨਾਲ ਰਲ-ਗੱਡ ਹੋਏ ਪਏ ਸਨ, ਜਿਹੜੀ ਨਿਗੁਣੀ, ਤੁੱਛ ਅਤੇ ਬੇਅਰਥੀ ਸੀ।
ਜਿਸ ਮਕਾਨ ਵਿੱਚ ਮੇਰੇ ਮਾਲਿਕ ਰਹਿੰਦੇ ਸਨ ਉਹ ਸੜਕਾਂ ਦੇ ਠੇਕੇਦਾਰ ਦਾ ਸੀ, ਠੇਕੇਦਾਰ ਦਾ ਕੱਦ ਮਧਰਾ ਅਤੇ ਸਰੀਰ ਗੱਠਿਆ ਹੋਇਆ ਸੀ ਤੇ ਉਸਦਾ ਪਿਛੋਕੜ ਕਲਿਆਜ਼ਮਾ ਨਦੀ ਦੇ ਬੇਟ ਵੱਲ ਦਾ ਸੀ। ਉਸਦੀ ਦਾੜੀ ਨੁਕੀਲੀ ਅਤੇ ਅੱਖਾਂ ਦਾ ਰੰਗ ਸੁਰਮਈ ਸੀ। ਸੁਭਾਅ ਪੱਖੋਂ ਉਹ ਚਿੜਚਿੜਾ, ਅੜਬ, ਰੁੱਖਾ ਅਤੇ ਬੇਰਹਿਮ ਸੀ। ਉਸ ਕੋਲ ਕੋਈ ਤੀਹ ਕੁ ਬੰਦੇ ਕੰਮ ਕਰਦੇ ਸਨ। ਇਹ ਸਾਰੇ ਵਲਾਦੀਮੀਰ ਗੁਬੇਰਨੀਆ ਦੇ ਕਿਸਾਨ ਸਨ, ਜਿਹੜੇ ਸੀਮਿੰਟ ਦੇ ਫ਼ਰਸ਼ ਵਾਲੇ ਅਤੇ ਨਿੱਕੀਆਂ-ਨਿੱਕੀਆਂ ਬਾਰੀਆਂ ਵਾਲੇ ਹਨੇਰੇ ਤਹਿਖਾਨੇ ਵਿੱਚ ਰਹਿੰਦੇ ਸਨ। ਕੰਮ ਤੋਂ ਥੱਕੇ-ਟੁੱਟੇ, ਇਹ ਮਜ਼ਦੂਰ ਆਥਣ ਵੇਲੇ, ਬਲਦ ਦੀ ਪੋਟਾ-ਕਲੇਜੀ ਨਾਲ ਜਾਂ ਸ਼ੋਰੇ ਦੀ ਸੜਾਂਦ ਮਾਰਦੇ ਗਊ ਦੇ ਗੋਸ਼ਤ ਨਾਲ ਬਦਬੂਦਾਰ ਗੋਭੀ ਦਾ ਸੂਪ ਪੀ ਕੇ ਬਾਹਰ ਗੰਦੇ ਵਿਹੜੇ ਵਿੱਚ ਲੱਕ ਸਿੱਧਾ ਕਰਨ ਲਈ ਲੇਟ ਜਾਂਦੇ ਕਿਉਂਕਿ ਉਹਨਾਂ ਦੇ