ਸਿੱਲੇ ਤਹਿਖਾਨੇ ਅੰਦਰਲੀ ਹਵਾ ਉੱਥੇ ਬਲਦੀ ਭੱਠੀ ਕਾਰਨ ਜ਼ਹਿਰੀਲੀ ਅਤੇ ਸਾਹ-ਘੋਟੂ ਹੋ ਜਾਂਦੀ ਸੀ।
ਉਹਨਾਂ ਨੂੰ ਦੇਖ ਕੇ ਠੇਕੇਦਾਰ ਆਪਣੇ ਕਮਰੇ ਦੀ ਬਾਰੀ ਕੋਲ ਆ ਕੇ ਉੱਚੀ-ਉੱਚੀ ਚੀਕਣਾ ਸ਼ੁਰੂ ਕਰ ਦਿੰਦਾ: "ਤੁਸੀ ਫਿਰ ਆ ਗਏ ਹਰਾਮੀਓ ! ਸਾਰੀ ਥਾਂ ਮੱਲ ਕੇ ਬੈਠੇ ਹੋ ਸੂਰਾਂ ਵਾਂਗੂੰ। ਮੇਰੇ ਘਰ ਇੱਜ਼ਤਦਾਰ ਲੋਕ ਰਹਿੰਦੇ ਨੇ। ਤੁਹਾਨੂੰ ਇੱਥੇ ਲਿਟੇ ਵੇਖ ਕੇ ਖੁਸ਼ ਹੋਣਗੇ ਉਹ ?”
ਮਜ਼ਦੂਰ ਚੁੱਪ-ਚਾਪ ਆਪਣੇ ਤਹਿਖਾਨੇ ਵਿੱਚ ਵਾਪਸ ਚਲੇ ਜਾਂਦੇ । ਉਹ ਸਾਰੇ ਦੁੱਖਾਂ-ਮਾਰੇ ਲੋਕ ਸਨ, ਜੋ ਕਦੇ-ਕਦਾਈਂ ਹੀ ਬੋਲਦੇ ਤੇ ਹੱਸਦੇ ਸਨ, ਗੀਤ ਤਾਂ ਕਦੇ ਉਹਨਾਂ ਨੇ ਗਾਇਆ ਹੀ ਨਹੀ ਹੋਣਾ, ਉਹਨਾਂ ਦੇ ਕੱਪੜੇ ਮਿੱਟੀ-ਘੱਟੇ ਨਾਲ ਲਿੱਬੜੇ ਰਹਿੰਦੇ ਸਨ, ਉਹ ਮੈਨੂੰ ਉਹਨਾਂ ਲੋਥਾਂ ਵਰਗੇ ਜਾਪਦੇ ਜਿਹਨਾਂ ਨੂੰ ਜਬਰੀਂ ਕਬਰਾਂ 'ਚੋਂ ਬਾਹਰ ਕੱਢ ਲਿਆਂਦਾ ਗਿਆ ਹੋਵੇ—ਇੱਕ ਜਨਮ ਹੋਰ ਤਸੀਹੇ ਸਹਿਣ ਲਈ।
ਉੱਥੋਂ ਦੇ "ਇੱਜ਼ਤਦਾਰ ਲੋਕ" ਫੌਜੀ ਅਫ਼ਸਰ ਸਨ, ਜੋ ਸ਼ਰਾਬ ਪੀਂਦੇ ਅਤੇ ਜੂਆ ਖੇਡਿਆ ਕਰਦੇ ਸਨ, ਆਪਣੇ ਨੌਕਰਾਂ ਦੇ ਕੁੱਟ-ਕੁੱਟ ਲਾਸਾਂ ਪਾ ਦਿੰਦੇ ਅਤੇ ਆਪਣੀਆਂ ਪਤਨੀਆਂ ਨੂੰ ਬਹੁਤ ਬੁਰੀ ਤਰਾਂ ਕੁੱਟਦੇ-ਮਾਰਦੇ ਸਨ। ਇਹਨਾਂ ਦੀਆਂ ਪਤਨੀਆਂ ਸ਼ੋਖ ਰੰਗਾਂ ਦੇ ਕੱਪੜੇ ਪਹਿਨਣ ਵਾਲੀਆਂ, ਸਿਗਰਟ ਪੀਣ ਵਾਲੀਆਂ ਅਤੇ ਖੁਦ ਸਿਰੇ ਦੀਆਂ ਸ਼ਰਾਬੀ ਔਰਤਾਂ ਸਨ। ਇਹ ਵੀ ਆਪਣੇ ਨੌਕਰਾਂ ਨੂੰ ਬੇਰਹਿਮੀ ਨਾਲ ਕੁੱਟਦੀਆਂ ਸਨ । ਇਹਨਾਂ ਦੇ ਨੌਕਰ ਵੀ ਬੇਹਿਸਾਬ ਪੀਂਦੇ ਸਨ, ਐਨੀ ਕਿ ਪੀ-ਪੀ ਕੇ ਬੇਹੋਸ਼ ਹੋ ਜਾਂਦੇ।
ਹਰ ਐਤਵਾਰ ਠੇਕੇਦਾਰ ਇੱਕ ਹੱਥ ਵਿੱਚ ਲੰਮੀ ਪਤਲੀ ਜਿਹੀ ਵਹੀ ਅਤੇ ਦੂਜੇ ਵਿੱਚ ਪੈਨਸਲ ਦਾ ਟੋਟਾ ਫੜ ਕੇ ਡਿਉਢੀ ਦੀਆਂ ਪੌੜੀਆਂ ਉੱਤੇ ਬੈਠ ਜਾਂਦਾ । ਖੁਦਾਈ-ਮਜ਼ਦੂਰ ਵਾਰੀ ਵਾਰੀ ਪੈਰ ਘਸੀਟਦੇ ਉਸ ਕੋਲ ਇਸ ਤਰਾਂ ਆਉਂਦੇ ਜਿਵੇਂ ਉਹ ਭਿਖਾਰੀ ਹੋਣ। ਉਹ ਆਪਣਾ ਸਿਰ ਖੁਰਕਦੇ, ਝੁਕ ਕੇ ਸਲਾਮਾਂ ਕਰਦੇ, ਦੱਬੀ ਜਿਹੀ ਅਵਾਜ਼ ਵਿੱਚ ਬੋਲਦੇ, ਜਦਕਿ ਠੇਕੇਦਾਰ ਚੀਕ-ਚੀਕ ਕੇ ਸਾਰਿਆਂ ਨੂੰ ਸੁਣਾਉਂਦਾ ਹੋਇਆ ਕਹਿੰਦਾ:
"ਚੁੱਪ ਕਰ! ਇੱਕ ਰੂਬਲ ਬਹੁਤ ਐ! ਹਾਂ, ਕੀ ਕਿਹਾ? ਹੋਰ ਚਾਹੀਦੈ ? ਤੈਨੂੰ ਪਹਿਲਾਂ ਹੀ ਤੇਰੀ ਔਕਾਤ ਨਾਲੋਂ ਜ਼ਿਆਦਾ ਮਿਲ ਰਿਹਾ ਹੈ। ਦਫ਼ਾ ਹੋ ਜਾ ਏਥੋਂ। ਤੁਰਦਾ ਬਣ।”
ਮੈਨੂੰ ਪਤਾ ਸੀ ਕਿ ਇਹਨਾਂ ਬੇਲਦਾਰਾਂ ਵਿੱਚੋਂ ਕੁਝ ਠੇਕੇਦਾਰ ਦੇ ਪਿੰਡ ਦੇ ਵੀ ਸਨ, ਕੁਝ ਤਾਂ ਉਸਦੇ ਰਿਸ਼ਤੇਦਾਰ ਵੀ ਸਨ, ਪਰ ਉਹ ਉਹਨਾਂ ਸਾਰਿਆਂ ਨਾਲ ਹੀ ਖਰਵਾ ਅਤੇ ਰੁੱਖਾ ਵਰਤਾਓ ਕਰਦਾ ਸੀ। ਬੇਲਦਾਰ ਵੀ ਇੱਕ ਦੂਜੇ ਨਾਲ ਉਵੇਂ ਹੀ ਖਰਵਾ ਅਤੇ ਰੁੱਖਾ ਵਰਤਾਉ ਕਰਦੇ ਸਨ, ਖਾਸ ਕਰਕੇ ਅਫ਼ਸਰਾਂ ਦੇ ਨੌਕਰਾਂ ਨਾਲ। ਹਰ ਦੂਜੇ ਐਤਵਾਰ ਵਿਹੜੇ ਵਿੱਚ ਖੁੱਲਮ-ਖੁੱਲੀਆਂ ਖੂਨੀ ਝੜਪਾਂ ਸ਼ੁਰੂ ਹੋ ਜਾਂਦੀਆਂ ਸਨ ਤੇ ਹਵਾ ਉਹਨਾਂ ਦੀਆਂ ਗੰਦੀਆਂ ਗਾਲਾਂ ਨਾਲ ਭਰ ਜਾਂਦੀ ਸੀ । ਉਹ ਇਸ ਤਰਾਂ ਲੜਦੇ ਜਿਵੇਂ ਕੋਈ ਅਕਾਉ ਫ਼ਰਜ਼ ਨਿਭਾ ਰਹੇ ਹੋਣ, ਹੰਭੇ-ਹਾਰੇ ਅਤੇ ਝਰੀਟੋ-ਝਰੀਟ ਹੋਏ ਉਹ ਲੜਾਈ ਵਿੱਚੋਂ ਖਿਸਕ ਜਾਂਦੇ ਤੇ ਚੁੱਪ-ਚਾਪ ਬੈਠ ਕੇ ਆਪਣੀਆਂ ਸੱਟਾਂ ਅਤੇ ਝਰੀਟਾਂ ਦਾ ਮੁਆਇਨਾ ਕਰਦੇ, ਆਪਣੀਆਂ ਗੰਦੀਆਂ