ਉਂਗਲਾਂ ਨਾਲ ਹਿੱਲਦੇ ਦੰਦਾਂ ਦੀ ਜਾਂਚ-ਪਰਖ ਕਰਦੇ। ਸੱਟਾਂ ਨਾਲ ਭੰਨਿਆ ਚਿਹਰਾ ਜਾਂ ਕੋਈ ਕਾਲੀ-ਨੀਲੀ ਅੱਖ ਕਿਸੇ ਅੰਦਰ ਜ਼ਰਾ ਵੀ ਰਹਿਮ ਨਾ ਜਗਾਉਂਦੀ, ਪਰ ਜੇ ਕਿਤੇ ਕੋਈ ਕਮੀਜ਼ ਫਟ ਜਾਂਦੀ ਤਾਂ ਗੱਲ ਹੋਰ ਹੁੰਦੀ ਸੀ, ਤਦ ਸਾਰੇ ਰਲ ਕੇ ਪਛਤਾਉਂਦੇ ਸਨ, ਤੇ ਝੰਬਿਆ ਹੋਇਆ ਕਮੀਜ਼ ਦਾ ਮਾਲਿਕ ਮੂੰਹ ਫੁਲਾ ਕੇ ਆਪਣੇ ਨੁਕਸਾਨ ਤੇ ਝੂਰਦਾ ਰਹਿੰਦਾ ਅਤੇ ਕਦੇ-ਕਦੇ ਰੋ ਵੀ ਪੈਂਦਾ।
ਅਜਿਹੇ ਦ੍ਰਿਸ਼ ਮੇਰੇ ਅੰਦਰ ਅਜਿਹੀ ਬੋਝਲ ਜਿਹੀ ਭਾਵਨਾ ਜਗਾ ਦਿੰਦੇ ਜਿਸਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਹਨਾਂ ਲੋਕਾਂ ਲਈ ਮੈਨੂੰ ਅਫਸੋਸ ਹੁੰਦਾ ਸੀ ਪਰ ਕੁਝ ਠੰਡਾ ਜਿਹਾ ਅਤੇ ਨਿਰਲੇਪ ਅਫਸੋਸ। ਮੇਰੇ ਮਨ ਵਿੱਚ ਇਹ ਇੱਛਾ ਕਦੇ ਵੀ ਪੈਦਾ ਨਾ ਹੁੰਦੀ ਕਿ ਕਿਸੇ ਨੂੰ ਢਾਰਸ ਦਿਆਂ ਜਾਂ ਉਸ ਦੀ ਸਹਾਇਤਾ ਕਰਾਂ ਜਿਸ ਨਾਲ ਲੜਾਈ ਵਿੱਚ ਸਭ ਤੋਂ ਬੁਰੀ ਹੋਈ ਹੋਵੇ-ਘੱਟੋ-ਘੱਟ ਏਨਾ ਕੁ ਹੀ ਕਰ ਦਿਆਂ ਕਿ ਉਸ ਦੇ ਜ਼ਖ਼ਮਾਂ ਵਿੱਚੋਂ ਰਿਸਦਾ ਘਿਣਾਉਣਾ, ਗਾੜ੍ਹਾ ਲਹੂ, ਜਿਸ ਵਿੱਚ ਚਿੱਕੜ ਅਤੇ ਮਿੱਟੀ ਰਲੀ ਹੁੰਦੀ ਸੀ, ਧੋਣ ਲਈ ਕੁਝ ਪਾਣੀ ਹੀ ਲਿਆ ਦੇਵਾਂ। ਦਰਅਸਲ ਮੈਂ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਸਾਂ ਕਰਦਾ, ਕੁਝ-ਕੁਝ ਡਰਦਾ ਸਾਂ ਅਤੇ "ਕਿਸਾਨ" ਸ਼ਬਦ ਬਿਲਕੁਲ ਉਸੇ ਤਰ੍ਹਾਂ ਉਚਾਰਦਾ ਸਾਂ ਜਿਵੇਂ ਮੇਰੇ ਮਾਲਿਕ ਜਾਂ ਅਫ਼ਸਰ, ਰੈਜਮੈਂਟ ਦਾ ਪਾਦਰੀ ਅਤੇ ਗੁਆਂਢੀ ਰਸੋਈਆ ਬੋਲਦੇ ਸਨ; ਇਹ ਸਾਰੇ ਲੋਕ ਕਿਸਾਨਾਂ ਬਾਰੇ ਅਪਮਾਨਜਨਕ ਢੰਗ ਨਾਲ ਗੱਲਾਂ ਕਰਦੇ ਸਨ।
ਕਿਸੇ ਲਈ ਅਫ਼ਸੋਸ ਮਹਿਸੂਸ ਕਰਨਾ ਬੜਾ ਦੁਖਦਾਈ ਕੰਮ ਹੈ; ਬੰਦਾ ਹਮੇਸ਼ਾ ਕਿਸੇ ਨੂੰ ਪਿਆਰ ਕਰਨ ਦੀ ਖੁਸ਼ੀ ਹੀ ਮਾਣਨੀ ਚਾਹੁੰਦਾ ਹੈ, ਪਰ ਅਜਿਹਾ ਕੋਈ ਵੀ ਨਹੀਂ ਸੀ ਜਿਸਨੂੰ ਮੈਂ ਪਿਆਰ ਕਰ ਸਕਦਾ। ਇਸੇ ਲਈ ਮੈਂ ਕਿਤਾਬਾਂ ਨੂੰ ਹੋਰ ਵੀ ਜ਼ਿਆਦਾ ਗਰਮਜੋਸ਼ੀ ਨਾਲ ਪਿਆਰ ਕਰਨ ਲੱਗ ਪਿਆ।
ਮੇਰੇ ਆਲ਼ੇ-ਦੁਆਲ਼ੇ ਅਜਿਹਾ ਬਹੁਤ ਕੁਝ ਸੀ ਜੋ ਭੈੜਾ ਅਤੇ ਜੰਗਲੀ ਸੀ ਅਤੇ ਸਖ਼ਤ ਘ੍ਰਿਣਾ ਨੂੰ ਜਨਮ ਦਿੰਦਾ ਸੀ । ਮੈਂ ਇਸ ਸਭ ਕਾਸੇ ਨੂੰ ਬਹੁਤਾ ਪਸਾਰਨਾ ਨਹੀਂ ਚਾਹੁੰਦਾ, ਤੁਸੀਂ ਆਪ ਜ਼ਿੰਦਗੀ ਦੇ ਇਹੋ-ਜਿਹੇ ਨਰਕ ਬਾਰੇ ਜਾਣਦੇ ਹੋ: ਇਨਸਾਨ ਲਈ ਇਨਸਾਨ ਦੇ ਨਿਰਾਦਰ ਬਾਰੇ, ਕਿਸੇ ਨੂੰ ਤਸੀਹੇ ਦੇ ਕੇ ਖੁਸ਼ੀ ਹਾਸਲ ਕਰਨ ਦੀ ਰੋਗੀ ਲਲਕ ਬਾਰੇ। ਅਜਿਹੇ ਸਰਾਪੇ ਹੋਏ ਹਾਲਾਤ ਸਨ ਉਹ, ਜਦੋਂ ਮੈਂ ਪਹਿਲੀ ਵਾਰ ਵਿਦੇਸ਼ੀ ਲੇਖਕਾਂ ਦੀਆਂ ਚੰਗੀਆਂ ਅਤੇ ਗੰਭੀਰ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ।
ਮੈਂ ਆਪਣੀ ਉਸ ਹੈਰਾਨੀ ਦਾ ਵਰਣਨ ਸ਼ਾਇਦ ਪੂਰੀ ਸਪਸ਼ਟਤਾ ਤੇ ਜਚਣਹਾਰ ਢੰਗ ਨਾਲ ਨਹੀਂ ਕਰ ਸਕਦਾ ਜਦੋਂ ਮੈਂ ਮਹਿਸੂਸ ਕਰਦਾ ਸਾਂ ਕਿ ਲਗਭਗ ਹਰ ਕਿਤਾਬ ਮੇਰੇ ਲਈ ਇੱਕ ਨਵੀਂ ਤੇ ਅਨਜਾਣ ਦੁਨੀਆ ਵੱਲ ਖਿੜਕੀ ਖੋਲ੍ਹ ਦਿੰਦੀ ਸੀ, ਤੇ ਮੈਨੂੰ ਉਹਨਾਂ ਨਵੇਂ ਲੋਕਾਂ ਬਾਰੇ ਦੱਸਦੀ ਸੀ, ਉਹਨਾਂ ਦੀਆਂ ਭਾਵਨਾਵਾਂ, ਵਿਚਾਰ ਅਤੇ ਰਿਸ਼ਤੇ-ਨਾਤਿਆਂ ਬਾਰੇ ਜਿਹਨਾਂ ਬਾਰੇ ਮੈਂ ਨਾ ਤਾਂ ਪਹਿਲਾਂ ਜਾਣਦਾ ਸਾਂ ਅਤੇ ਨਾ ਹੀ ਕਦੇ ਮੈਂ ਦੇਖੇ ਸਨ। ਮੈਨੂੰ ਇੱਥੋਂ ਤੱਕ ਵੀ ਜਾਪਦਾ ਕਿ ਮੇਰੇ ਆਲੇ-ਦੁਆਲੇ ਦਾ ਜੀਵਨ, ਸਾਰੀਆਂ ਖਰਵੀਆਂ, ਗੰਦੀਆਂ ਅਤੇ ਨਿਰਦਈ ਘਟਨਾਵਾਂ ਜੋ ਹਰ ਰੋਜ਼ ਮੇਰੇ ਆਲੇ-ਦੁਆਲੇ ਵਾਪਰਦੀਆਂ ਸਨ-ਇਹ ਸਭ ਕੁਝ