ਸੱਚਾ ਅਤੇ ਜ਼ਰੂਰੀ ਨਹੀਂ ਸੀ । ਜੋ ਵੀ ਸੱਚਾ ਅਤੇ ਜ਼ਰੂਰੀ ਸੀ ਉਹ ਸਿਰਫ਼ ਕਿਤਾਬਾਂ ਵਿੱਚੋਂ ਮਿਲਦਾ ਸੀ, ਜਿੱਥੇ ਸਭ ਕੁਝ ਜ਼ਿਆਦਾ ਤਰਕਸੰਗਤ, ਖੂਬਸੂਰਤ ਅਤੇ ਮਨੁੱਖੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਤਾਬਾਂ ਵਿੱਚ ਮਨੁੱਖੀ ਉਜੱਡਪੁਣੇ, ਉਤਪੁਣੇ ਅਤੇ ਪੀੜਾ ਦਾ ਵੀ ਜ਼ਿਕਰ ਸੀ, ਉਹਨਾਂ ਵਿੱਚ ਕਮੀਨੇ ਅਤੇ ਬੁਰੇ ਲੋਕ ਵੀ ਮਿਲਦੇ ਸਨ । ਪਰ ਉਹਨਾਂ ਦੇ ਨਾਲ ਉਹ ਲੋਕ ਵੀ ਸਨ ਜਿਹਨਾਂ ਬਾਰੇ ਮੈਂ ਕਦੇ ਕੁਝ ਸੁਣਿਆ ਵੀ ਨਹੀਂ ਸੀ ਅਤੇ ਨਾ ਹੀ ਕਦੇ ਵੇਖੇ ਸਨ, ਇਨਸਾਨ ਜਿਹੜੇ ਸੱਚੇ ਅਤੇ ਸ਼ੁੱਧ ਸਨ, ਰੂਹ ਦੇ ਬਲਵਾਨ ਸਨ ਅਤੇ ਸੱਚਾਈ ਦੀ ਜਿੱਤ ਜਾਂ ਕਿਸੇ ਕਾਰਨਾਮੇ ਦੀ ਖੂਬਸੂਰਤੀ ਲਈ ਆਪਣੀਆਂ ਜਾਨਾਂ ਤੱਕ ਵਾਰਨ ਲਈ ਤਿਆਰ ਸਨ।
ਸੰਸਾਰ ਦੀ ਨਵੀਨਤਾ ਅਤੇ ਰੂਹਾਨੀ ਦੌਲਤ ਦੇ ਨਸ਼ੇ ਵਿੱਚ, ਜਿਹੜੀ ਕਿ ਕਿਤਾਬਾਂ ਰਾਹੀਂ ਉਜਾਗਰ ਹੋਈ, ਮੈਂ ਪਹਿਲਾਂ-ਪਹਿਲ ਕਿਤਾਬਾਂ ਨੂੰ ਵਧੀਆ, ਵਧੇਰੇ ਦਿਲਚਸਪ ਅਤੇ ਲੋਕਾਂ ਨਾਲੋਂ ਵੱਧ ਕੇ ਆਪਣੀਆਂ ਭਾਈਵਾਲ ਸਮਝਣ ਲੱਗ ਪਿਆ, ਅਤੇ ਮੈਨੂੰ ਲੱਗਦਾ ਹੈ ਕਿ ਜੀਵਨ ਦੀਆਂ ਸੱਚਾਈਆਂ ਨੂੰ ਕਿਤਾਬਾਂ ਦੇ ਪ੍ਰਿਜ਼ਮ ਥਾਣੀ ਵੇਖਣ ਕਾਰਨ ਮੈਂ ਥੋੜਾ ਚੁੰਧਿਆ ਵੀ ਗਿਆ ਸਾਂ । ਕੁਝ ਵੀ ਹੋਵੇ, ਜ਼ਿੰਦਗੀ ਨੇ— ਜਿਹੜੀ ਸਭ ਤੋਂ ਸਿਆਣੀ ਅਤੇ ਸਖ਼ਤ ਅਧਿਆਪਕ ਹੁੰਦੀ ਹੈ— ਛੇਤੀ ਹੀ ਮੇਰੇ ਉਸ ਆਨੰਦਮਈ ਅੰਨ੍ਹੇਪਣ ਦਾ ਇਲਾਜ ਕਰ ਦਿੱਤਾ।
ਐਤਵਾਰ ਵਾਲੇ ਦਿਨ ਜਦੋਂ ਮੇਰੇ ਮਾਲਿਕ ਸੈਰ-ਸਪਾਟੇ ਤੇ ਘੁੰਮਣ-ਫਿਰਨ ਲਈ ਬਾਹਰ ਚਲੇ ਜਾਂਦੇ, ਮੈਂ ਸਾਹ-ਘੁੱਟਵੀਂ ਤੇ ਬਿੱਧੀ ਹਵਾੜ ਵਾਲੀ ਰਸੋਈ ਦੀ ਖਿੜਕੀ ਵਿੱਚੋਂ ਟੱਪ ਕੇ ਛੱਤ 'ਤੇ ਚਲਿਆ ਜਾਂਦਾ, ਜਿੱਥੇ ਮੈਂ ਨਿਸ਼ਚਿੰਤ ਹੋ ਕੇ ਪੜ੍ਹ ਸਕਦਾ ਸੀ। ਉੱਥੋਂ ਮੈਨੂੰ ਥੱਲੇ ਵਿਹੜੇ ਵਿੱਚ ਉਨੀਂਦਰੇ ਅਤੇ ਨੀਮ-ਸ਼ਰਾਬੀ ਮਜ਼ਦੂਰ ਲੜਖੜਾਉਂਦੇ ਫਿਰਦੇ ਦਿਸਦੇ ਜਾਂ ਅਫ਼ਸਰਾਂ ਦੇ ਨੌਕਰਾਂ ਦੀ ਛੇੜ-ਛਾੜ ਤੋਂ ਤੰਗ ਹੋਈਆਂ ਨੌਕਰਾਣੀਆਂ, ਧੋਬਣਾਂ ਅਤੇ ਰਸੋਈਏ ਦੀ ਬੁਸ-ਬੁਸ ਸੁਣਾਈ ਦਿੰਦੀ। ਆਪਣੇ ਅਕਾਸ਼ੀ-ਆਲਣੇ ਤੋਂ ਹੇਠਾਂ ਵਿਹੜੇ ਵੱਲ ਮੈਂ ਤ੍ਰਿਸਕਾਰ ਭਰੀਆਂ ਨਜ਼ਰਾਂ ਨਾਲ ਦੇਖਦਾ ਅਤੇ ਮੇਰੇ ਦੁਆਲੇ ਫੈਲੇ ਨਹਿਸ਼, ਸ਼ਰਾਬੀ ਅਤੇ ਦੁਰਾਚਾਰੀ ਜੀਵਨ ਨੂੰ ਘ੍ਰਿਣਾ ਕਰਦਾ।
ਬੇਲਦਾਰਾਂ ਵਿੱਚ ਇੱਕ ਉਹਨਾਂ ਦਾ ਫੋਰਮੈਨ ਸੀ, ਵੱਡੀ ਉਮਰ ਦਾ ਮਧਰੇ ਕੱਦ ਦਾ ਆਦਮੀ ਜਿਸਦਾ ਨਾਮ ਸਤੇਪਾਨ ਲਿਓਸ਼ਿਨ ਸੀ। ਉਸਦਾ ਸਰੀਰ ਹੱਡਲ, ਸੁਕੜੂ ਅਤੇ ਚੀੜ੍ਹਾ ਜਿਹਾ ਸੀ, ਉਸਦੀਆਂ ਅੱਖਾਂ ਕਿਸੇ ਰੁੱਖੇ ਬਾਘੜ-ਬਿੱਲੇ ਵਰਗੀਆਂ ਲੱਗਦੀਆਂ ਸਨ, ਉਸਦੀ ਛਿਦਰੀ ਅਤੇ ਕਰੜ-ਬਰੜ ਦਾਹੜੀ ਉਸਦੀ ਮਰੀਅਲ ਗਰਦਨ, ਕੰਨਾਂ ਅਤੇ ਭੂਰੇ ਚਿਹਰੇ ਉੱਤੇ ਟਾਕੀਆਂ ਵਾਂਗ ਹਾਸੋਹੀਣੇ ਢੰਗ ਨਾਲ ਉੱਗੀ ਹੋਈ ਸੀ । ਉਹ ਫਟੇ-ਪੁਰਾਣੇ ਵਸਤਰ ਪਹਿਨਦਾ ਅਤੇ ਆਪਣੇ ਸਾਰੇ ਸਾਥੀਆਂ ਨਾਲੋਂ ਗੰਦਾ ਸੀ ਪਰ ਫਿਰ ਵੀ ਉਹ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਮਿਲਣਸਾਰ ਸੀ। ਉਹ ਸਾਰੇ ਉਸਤੋਂ ਡਰਦੇ ਖੜੇ ਹੋ ਜਾਂਦੇ ਸਨ ਤੇ ਮਾਲਿਕ ਵੀ ਉਸ ਨਾਲ ਗੱਲ ਕਰਨ ਵੇਲੇ ਆਪਣੀ ਖਰਵੀ ਅਤੇ ਗੁੱਸੇ ਭਰੀ ਆਵਾਜ਼ ਥੋੜੀ ਦਬਾ ਲੈਂਦਾ ਸੀ। ਮੈਂ ਉਸਦੀ ਪਿੱਠ ਪਿੱਛੇ ਅਕਸਰ ਉਸਦੇ ਸਾਥੀਆਂ ਨੂੰ ਉਸਨੂੰ ਕੋਸਦੇ ਸੁਣਦਾ: