

ਸੰਸਾਰ ਵਿੱਚ ਅਸਹਿਮਤ ਹੋਣ ਲਈ ਹੀ ਆਇਆ ਹਾਂ।" ਮੈਨੂੰ ਜ਼ਰੂਰ ਹੀ ਕਹਿਣਾ ਚਾਹੀਦਾ ਹੈ ਕਿ ਮੈਂ ਸਚਮੁੱਚ ਹੀ ਵਿਕਾਸ ਦੇ ਸਿਧਾਂਤ ਨਾਲ ਸਹਿਮਤ ਨਹੀਂ ਸਾਂ।
ਪਰ ਕੋਰੋਲੈਂਕੋ ਲੈਅ-ਬੱਧ ਵਾਰਤਕ ਵਿੱਚ ਮੇਰੀ ਰੁਚੀ ਦਾ ਇਲਾਜ ਕਰਨ ਵਿੱਚ ਅਸਫਲ ਰਹੇ ਅਤੇ ਪੰਜ ਸਾਲ ਬਾਅਦ ਮੇਰੀ ਕਹਾਣੀ 'ਦਾਦਾ ਆਰਖੀਪ' ਬਾਰੇ ਜਦੋਂ ਉਹਨਾਂ ਨੇ ਪ੍ਰਸੰਸਾ ਦੇ ਸ਼ਬਦ ਕਹੇ, ਤਾਂ ਨਾਲ ਹੀ ਇਹ ਵੀ ਕਿਹਾ ਕਿ ਮੈਨੂੰ ਇਹ ਕਹਾਣੀ "ਕਵਿਤਾ ਵਾਂਗੂੰ" ਸਜਾਉਣੀ ਨਹੀਂ ਸੀ ਚਾਹੀਦੀ। ਪਹਿਲਾਂ ਤਾਂ ਮੈਨੂੰ ਉਹਨਾਂ 'ਤੇ ਯਕੀਨ ਹੀ ਨਾ ਹੋਇਆ, ਪਰ ਜਦੋਂ ਘਰ ਪਹੁੰਚ ਕੇ ਮੈਂ ਕਹਾਣੀ 'ਤੇ ਦੁਬਾਰਾ ਨਜ਼ਰ ਮਾਰੀ ਤਾਂ ਮੈਨੂੰ ਇਹ ਦੇਖ ਕੇ ਪਛਤਾਵਾ ਹੋਇਆ ਕਿ ਇੱਕ ਪੂਰਾ ਸਫ਼ਾ, ਸਤੇਪੀ ਵਿੱਚ ਮੋਹਲੇਧਾਰ ਮੀਂਹ ਦਾ ਵਰਣਨ ਉਸੇ ਨਹਿਸ਼ "ਲੈਅ-ਬੱਧ" ਵਾਰਤਿਕ ਵਿੱਚ ਕੀਤਾ ਗਿਆ ਸੀ, ਜਿਹੜਾ ਕਈ ਦਿਨਾਂ ਤੱਕ ਮੇਰੇ ਨਾਲ ਲਿਪਟਿਆ ਰਿਹਾ ਅਤੇ ਅਣਜਾਣੇ ਹੀ ਗਲਤ ਜਗ੍ਹਾ 'ਤੇ ਮੇਰੀਆਂ ਕਹਾਣੀਆਂ ਵਿੱਚ ਰਾਹ ਬਣਾ ਕੇ ਪਹੁੰਚ ਜਾਇਆ ਕਰਦਾ ਸੀ... ਆਮ ਤੌਰ 'ਤੇ ਮੈਂ "ਟੋਹਰੀ" ਅੰਦਾਜ਼ ਵਿੱਚ ਲਿਖਣ ਦੀ ਕੋਸ਼ਿਸ਼ ਕਰਦਾ ਸਾਂ। ਇੱਕ ਉਦਾਹਰਣ ਇਹ ਹੈ: “ਇੱਕ ਸ਼ਰਾਬੀ ਆਦਮੀ ਚਿਹਰੇ 'ਤੇ ਮੁਸਕਾਨ ਲਈ ਲੈਂਪ ਦੇ ਖੰਭੇ ਨਾਲ ਲਿਪਟਿਆ ਹੋਇਆ ਆਪਣੇ ਕੰਬਦੇ ਪਰਛਾਵੇਂ ਨੂੰ ਗਹੁ ਨਾਲ ਤੱਕ ਰਿਹਾ ਸੀ ।" ਪਰ ਜਿਵੇਂ ਕਿ ਮੈਂ ਇਸਤੋਂ ਪਹਿਲਾਂ ਖੁਦ ਹੀ ਲਿਖਿਆ ਸੀ ਕਿ ਉਸ ਰਾਤ ਹਵਾ ਨਹੀਂ ਚੱਲ ਰਹੀ ਸੀ ਅਤੇ ਚਾਨਣੀ ਖਿੜੀ ਹੋਈ ਸੀ। ਅਜਿਹੀਆਂ ਰਾਤਾਂ ਵਿੱਚ ਸੜਕ 'ਤੇ ਲੈਂਪ ਨਹੀਂ ਜਲਾਏ ਜਾਂਦੇ ਅਤੇ ਕਿਉਂਕਿ ਹਵਾ ਬੰਦ ਸੀ ਇਸ ਲਈ ਪਰਛਾਵਾਂ ਵੀ ਕੰਬ ਨਹੀਂ ਸੀ ਸਕਦਾ। ਅਜਿਹੀਆਂ ਵਿਸੰਗਤੀਆਂ ਅਤੇ ਗਲਤੀਆਂ ਮੇਰੀਆਂ ਕਹਾਣੀਆਂ ਵਿੱਚ ਪਾਈਆਂ ਜਾਂਦੀਆਂ ਸਨ, ਜਿਸ ਲਈ ਮੈਂ ਆਪਣੇ ਆਪ ਨੂੰ ਬਹੁਤ ਬੁਰਾ-ਭਲਾ ਕਿਹਾ ਕਰਦਾ ਸਾਂ।
"ਸਮੁੰਦਰ ਮੁਸਕਰਾ ਰਿਹਾ ਸੀ" ਮੈਂ ਲਿਖਿਆ ਅਤੇ ਲੰਮੇ ਅਰਸੇ ਤੱਕ ਇਹੀ ਸੋਚਦਾ ਰਿਹਾ ਕਿ ਇਸ ਤਰ੍ਹਾਂ ਕਹਿਣਾ ਚੰਗੀ ਗੱਲ ਹੈ। ਖੂਬਸੂਰਤੀ ਦੀ ਭਾਲ ਵਿੱਚ ਮੈਂ ਅਕਸਰ ਹੀ ਵਰਣਨ ਦੀ ਅਚੂਕਤਾ ਤੋਂ ਭਟਕ ਜਾਂਦਾ ਸਾਂ, ਚੀਜ਼ਾਂ ਨੂੰ ਗਲਤ ਜਗ੍ਹਾ ਅਤੇ ਲੋਕਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਦਿੰਦਾ ਸਾਂ।
“ਤੁਹਾਡਾ ਤੰਦੂਰ ਉਵੇਂ ਨਹੀਂ ਖੜਾ ਜਿਵੇਂ ਹੋਣਾ ਚਾਹੀਦਾ ਹੈ", ਲਿਓ ਤਾਲਸਤਾਏ ਨੇ ਮੇਰੀ ਕਹਾਣੀ "ਛੱਬੀ ਮਰਦ ਤੇ ਇੱਕ ਕੁੜੀ' ਦੇ ਸਬੰਧ ਵਿੱਚ ਮੈਨੂੰ ਕਿਹਾ ਸੀ। ਗੱਲ ਇਹ ਨਿਕਲੀ ਕਿ ਤੰਦੂਰ ਦੀ ਲਾਟ ਨਾਲ ਨਾਨਬਾਈਆਂ ਦਾ ਚਿਹਰਾ ਉਵੇਂ ਨਹੀਂ ਚਮਕ ਸਕਦਾ ਸੀ ਜਿਵੇਂ ਮੈਂ ਉਸਦਾ ਵਰਣਨ ਕੀਤਾ ਸੀ। 'ਫੋਮਾ ਗੋਰਦੇਯੇਵ ਦੀ ਮੇਦਿੰਨਸਕਾਯਾ ਬਾਰੇ ਚਰਚਾ ਕਰਦਿਆਂ ਚੈਖਵ ਨੇ ਕਿਹਾ, "ਜਾਪਦਾ ਹੈ ਕਿ ਉਸਦੇ ਤਿੰਨ ਕੰਨ ਹਨ—ਇੱਕ ਉਸਦੀ ਠੋਡੀ 'ਤੇ ਵੀ ਹੈ—ਦੇਖੋ!" ਅਤੇ ਗੱਲ ਸਹੀ ਸੀ, ਕਿਉਂਕਿ ਉਸਨੇ ਜਿਸ ਢੰਗ ਨਾਲ ਰੌਸ਼ਨੀ ਵੱਲ ਮੂੰਹ ਕੀਤਾ ਹੋਇਆ ਸੀ ਉਹ ਗਲਤ ਸੀ।
ਇਸ ਪ੍ਰਕਾਰ ਦੀਆਂ ਗਲਤੀਆਂ ਭਾਵੇਂ ਕਿੰਨੀਆਂ ਵੀ ਤੁੱਛ ਕਿਉਂ ਨਾ ਜਾਪਣ, ਬਹੁਤ ਮਹੱਤਵ ਰੱਖਦੀਆਂ ਹਨ, ਕਿਉਂਕਿ ਇਸ ਨਾਲ ਕਲਾ-ਧਰਮ ਦੀ ਉਲੰਘਣਾ ਹੁੰਦੀ ਹੈ। ਆਮ