

ਤੌਰ 'ਤੇ, ਇਹ ਬਹੁਤ ਮੁਸ਼ਕਿਲ ਕੰਮ ਹੈ ਕਿ ਬਿਲਕੁਲ ਸਹੀ-ਸਟੀਕ ਸ਼ਬਦ ਲੱਭੇ ਜਾਣ ਅਤੇ ਉਹਨਾਂ ਨੂੰ ਅਜਿਹੇ ਢੰਗ ਨਾਲ ਤਰਤੀਬ ਦਿੱਤੀ ਜਾਵੇ ਕਿ ਘੱਟ ਤੋਂ ਘੱਟ ਸ਼ਬਦਾਂ ਵਿੱਚ ਵੱਧ ਤੋਂ ਵੱਧ ਗੱਲ ਕਹੀ ਜਾ ਸਕੇ, ਕਿ ਸ਼ਬਦਾਂ ਦੀ ਬੱਚਤ ਕੀਤੀ ਜਾਵੇ ਅਤੇ ਵਿਚਾਰਾਂ ਨੂੰ ਵੱਡੇ ਵਿਸਥਾਰ ਵਿੱਚ ਫੈਲ ਜਾਣ ਦਿੱਤਾ ਜਾਵੇ, ਸ਼ਬਦਾਂ ਰਾਹੀਂ ਸਜੀਵ ਬਿੰਬਾਂ ਦੀ ਰਚਨਾ ਕੀਤੀ ਜਾਵੇ, ਅਤੇ ਸੰਖੇਪ ਤੇ ਸੁੰਦਰ ਰੂਪ ਵਿੱਚ ਇੱਕ ਪਾਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਵਿਆਖਿਆ ਕੀਤੀ ਜਾਵੇ, ਜਿਸ ਨਾਲ ਫੌਰਨ ਉਸ ਪਾਤਰ ਦੀ ਬੋਲਚਾਲ ਦਾ ਢੰਗ ਅਤੇ ਧੁਨ ਪਾਠਕ ਦੇ ਮਨ 'ਤੇ ਛਪ ਜਾਵੇ । ਸ਼ਬਦਾਂ ਰਾਹੀਂ, ਲੋਕਾਂ ਅਤੇ ਚੀਜ਼ਾਂ ਨੂੰ "ਰੰਗ ਦੇਣਾ" ਇੱਕ ਵੱਖਰੀ ਗੱਲ ਹੈ ਅਤੇ ਉਹਨਾਂ ਨੂੰ ਸਜੀਵ ਬਣਾ ਕੇ, ਜਿਵੇਂ "ਤਿੰਨ ਆਯਾਮੀ" ਹੋਣ, ਪੇਸ਼ ਕਰਨਾ, ਤਾਂ ਕਿ ਉਹ ਸਰੀਰਕ ਰੂਪ ਵਿੱਚ ਛੂਹਣਯੋਗ ਹੋ ਜਾਣ; ਜਿਵੇਂ ਕਿ ਤਾਲਸਤਾਏ ਦੇ 'ਜੰਗ ਅਤੇ ਅਮਨ ਦੇ ਪਾਤਰ ਹਨ, ਬਿਲਕੁਲ ਦੂਸਰੀ ਗੱਲ ਹੈ...
ਇੱਕ ਵਾਰ ਮੈਂ ਮੱਧ ਰੂਸ ਦੇ ਇੱਕ ਇਲਾਕੇ ਦਾ ਸੰਖੇਪ ਸ਼ਬਦ-ਚਿੱਤਰ ਲਿਖਣਾ ਸੀ, ਤਾਂ ਮੈਂ ਤਿੰਨ ਘੰਟੇ ਤੱਕ ਬੈਠਣ ਤੋਂ ਬਾਅਦ ਸਿਰਫ਼ ਇੰਨਾ ਕੁ ਹੀ ਲਿਖ ਸਕਿਆ:
“ਖੁਸ਼ਕ ਸੜ੍ਹਕਾਂ ਨੇ ਉੱਭੜ-ਖਾਭੜ ਮੈਦਾਨ ਵਿੱਚ ਟੇਢੀਆਂ-ਮੇਢੀਆਂ ਲਕੀਰਾਂ ਵਾਹੀਆਂ ਹੋਈਆਂ ਸਨ, ਇੰਝ ਲੱਗਦਾ ਸੀ ਜਿਵੇਂ ਰੰਗ-ਬਿਰੰਗਾ ਓਕੂਰੋਵ ਨਗਰ ਕੋਈ ਚਮਕੀਲਾ ਖਿਡਾਉਣਾ ਹੈ, ਜਿਹੜਾ ਝੁਰੜੀਆਂ ਭਰੀ ਕਿਸੇ ਲੰਮੀ ਚੌੜੀ ਹਥੇਲੀ 'ਤੇ ਰੱਖਿਆ ਹੋਵੇ।"
ਮੈਂ ਸੋਚਿਆ ਕਿ ਮੈਂ ਬਹੁਤ ਵਧੀਆ ਸ਼ਬਦ-ਚਿੱਤਰ ਲਿਖ ਲਿਆ ਹੈ ਪਰ ਜਦੋਂ ਕਹਾਣੀ ਛਪੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਸਜੀ ਹੋਈ ਅਦਰਕੀ ਡਬਲ-ਰੋਟੀ ਜਾਂ ਚਾਕਲੇਟ ਦੇ ਡੱਬੇ 'ਤੇ ਛਪੇ ਕਿਸੇ ਚਿੱਤਰ ਵਰਗਾ ਹੈ।
ਆਮ ਤੌਰ 'ਤੇ, ਸ਼ਬਦਾਂ ਦੀ ਵਰਤੋਂ ਬਹੁਤ ਹੀ ਸਟੀਕ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ। ਇੱਕ ਦੂਸਰੇ ਖੇਤਰ ਤੋਂ ਇੱਕ ਉਦਾਹਰਣ ਲੈਂਦੇ ਹਾਂ । ਜਿਵੇਂ ਕਿ ਕਿਹਾ ਜਾਂਦਾ ਹੈ ਕਿ "ਧਰਮ ਅਫ਼ੀਮ ਹੈ", ਪਰ ਅਫ਼ੀਮ ਦੀ ਵਰਤੋਂ ਡਾਕਟਰ ਦਰਦ ਦੂਰ ਕਰਨ ਲਈ ਕਰਦੇ ਹਨ ਜੋ ਕਿ ਇੱਕ ਵਧੀਆ ਗੱਲ ਹੈ। ਇਹ ਤੱਥ ਕਿ ਅਫ਼ੀਮ ਤੰਬਾਕੂ ਵਾਂਗੂ ਪੀਤੀ ਜਾਂਦੀ ਹੈ ਅਤੇ ਇਸ ਨਾਲ ਲੋਕ ਮਰਦੇ ਵੀ ਹਨ, ਕਿ ਅਫ਼ੀਮ ਸ਼ਰਾਬ ਤੋਂ ਵੀ ਵੱਧ ਹਾਨੀਕਾਰਕ ਹੈ, ਆਮ ਲੋਕ ਨਹੀਂ ਜਾਣਦੇ।
ਮੇਰੀਆਂ ਅਸਫਲਤਾਵਾਂ ਹਮੇਸ਼ਾ ਮੈਨੂੰ ਕਿਸੇ ਕਵੀ ਦੇ ਇਹ ਦੁੱਖ ਭਰੇ ਸ਼ਬਦ ਯਾਦ ਕਰਵਾ ਦਿੰਦੀਆਂ ਹਨ: "ਸ਼ਬਦਾਂ ਦੇ ਤਸੀਹੇ ਤੋਂ ਵੱਡਾ ਦੁਨੀਆਂ ਵਿੱਚ ਹੋਰ ਕੋਈ ਤਸੀਹਾ ਨਹੀਂ ਹੈ।" ਪਰ ਇਸ ਵਿਸ਼ੇ ਬਾਰੇ ਅ. ਗ. ਗੌਰਨਫੋਲਡ ਨੇ 'ਗੋਸਿਜ਼ਦਾਤ' ਦੁਆਰਾ 1927 ਵਿੱਚ ਛਾਪੀ ਆਵਦੀ ਕਿਤਾਬ “ਸ਼ਬਦਾਂ ਦੇ ਤਸੀਹੇ" ਵਿੱਚ ਕਿਤੇ ਵਧੇਰੇ ਉੱਤਮ ਢੰਗ ਨਾਲ ਚਰਚਾ ਕੀਤੀ ਹੈ। ਇਹ ਬਹੁਤ ਵਧੀਆ ਕਿਤਾਬ ਹੈ ਜਿਸ ਵੱਲ ਮੈਂ ਆਪਣੇ ਨੌਜਵਾਨ ਲੇਖਕ ਸਾਥੀਆਂ ਦਾ ਧਿਆਨ ਖਿੱਚਣਾ ਚਾਹਾਂਗਾ।
ਮੇਰੇ ਖਿਆਲ ਵਿੱਚ ਇਹ ਕਵੀ ਨਾਦਸਨ ਸਨ. ਜਿਹਨਾਂ ਨੇ ਕਿਹਾ ਸੀ ਕਿ “ਸਾਡੀ