

ਦਾ ਕਹਿਣਾ ਸੀ ਕਿ ਉਹ ਉਹਨਾਂ ਸਾਰੇ ਲੋਕਾਂ ਪ੍ਰਤੀ ਇਸ ਲਈ ਦੋਸਤੀ ਦੀ ਭਾਵਨਾ ਰੱਖਦਾ ਹੈ ਕਿਉਂਕਿ ਉਸ ਨੂੰ "ਪੜ੍ਹੇ-ਲਿਖੇ ਲੋਕ" ਪਸੰਦ ਹਨ।
"ਪੜ੍ਹੇ-ਲਿਖੇ ਆਦਮੀ ਨੂੰ ਮੈਂ ਕਿਸੇ ਸੋਹਣੀ ਔਰਤ ਨਾਲੋਂ ਜ਼ਿਆਦਾ ਪਸੰਦ ਕਰਦਾ ਹਾਂ,” ਉਸਨੇ ਮੈਨੂੰ ਕਿਹਾ। ਉਹ ਅਜੀਬ ਆਦਮੀ ਸੀ, ਕਾਲੇ ਵਾਲ, ਸੋਹਣੇ ਨੈਣ-ਨਕਸ਼ ਅਤੇ ਮਿੱਠੀ ਜਿਹੀ ਮੁਸਕਾਨ। ਆਮ ਤੌਰ 'ਤੇ ਗੰਭੀਰ ਰਹਿੰਦਾ ਅਤੇ ਘੱਟ ਹੀ ਬੋਲਦਾ ਸੀ, ਪਰ ਕਦੇ-ਕਦੇ ਅਚਾਨਕ ਬੇਤਹਾਸ਼ਾ, ਲਗਭਗ ਪਾਗਲਾਂ ਵਰਗੇ ਹਾਸੇ-ਮਖ਼ੌਲ ਅਤੇ ਮਸਤੀ ਦੇ ਰੰਗ ਵਿੱਚ ਆ ਜਾਂਦਾ। ਉਹ ਗਾਉਂਦਾ, ਨੱਚਦਾ, ਘਮੰਡ ਨਾਲ ਆਪਣੀਆਂ ਸਫ਼ਲਤਾਵਾਂ ਬਿਆਨ ਕਰਦਾ ਅਤੇ ਹਰ ਕਿਸੇ ਨੂੰ ਇੰਜ ਜੱਫੀਆਂ ਪਾਉਂਦਾ ਜਿਵੇਂ ਕਿਸੇ ਲਾਮ 'ਤੇ ਜਾ ਰਿਹਾ ਹੋਵੇ ਅਤੇ ਕਦੇ ਮੁੜ ਕੇ ਹੀ ਨਹੀਂ ਆਵੇਗਾ। ਕਿਸੇ ਅਹਾਤੇ ਦੇ ਤਹਿਖਾਨੇ ਵਿੱਚ ਰਹਿਣ ਵਾਲੇ ਅੱਠ ਭਿਖਾਰੀ ਉਸੇ ਦੇ ਸਿਰ 'ਤੇ ਗੁਜ਼ਾਰਾ ਕਰਦੇ ਸਨ । ਇਹਨਾਂ ਬੁੱਢੇ-ਬੁੱਢੀਆਂ ਵਿੱਚ ਇੱਕ ਸਾਲ ਦੇ ਬੱਚੇ ਦੀ ਮਾਂ ਇੱਕ ਪਾਗਲ ਔਰਤ ਵੀ ਸੀ। ਉਸਦੇ ਚੋਰ ਬਣਨ ਦੀ ਕਹਾਣੀ ਇਸ ਤਰ੍ਹਾਂ ਹੈ: ਜਦੋਂ ਉਹ ਗਵਰਨਰ ਦਾ ਅਰਦਲੀ ਸੀ ਤਾਂ ਇੱਕ ਦਿਨ ਆਪਣੀ ਪ੍ਰੇਮਿਕਾ ਨਾਲ ਰਾਤ ਗੁਜ਼ਾਰਨ ਤੋਂ ਬਾਅਦ ਜਦੋਂ ਉਹ ਸਵੇਰੇ ਨਸ਼ੇ ਦੀ ਹਾਲਤ ਵਿੱਚ ਘਰ ਜਾ ਰਿਹਾ ਸੀ ਤਾਂ ਰਾਹ ਵਿੱਚ ਉਸਨੇ ਦੁੱਧ ਵੇਚਣ ਵਾਲੀ ਇੱਕ ਔਰਤ ਤੋਂ ਜ਼ਬਰਦਸਤੀ ਦੁੱਧ ਦਾ ਜੱਗ ਖੋਹ ਕੇ ਪੀ ਲਿਆ । ਫੜੇ ਜਾਣ 'ਤੇ ਉਸਨੇ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ। ਜੱਜ ਕੋਲੋਨਤਾਯੇਵ ਨੇ, ਜਿਹੜਾ ਕਿ ਉੱਦਾਰ ਹੋਣ ਦੇ ਬਾਵਜੂਦ ਵੀ ਆਪਣਾ ਫਰਜ਼ ਪੂਰੀ ਸਖ਼ਤੀ ਨਾਲ ਨਿਭਾਉਂਦਾ ਸੀ, ਉਸਨੂੰ ਜੇਲ ਭੇਜ ਦਿੱਤਾ। ਜੇਲ੍ਹ ਤੋਂ ਰਿਹਾਅ ਹੋਣ 'ਤੇ ਵਾਸਕਾ ਨੇ ਕੋਲੋਨਤਾਯੇਵ ਦੇ ਅਧਿਐਨ ਕਮਰੇ ਵਿੱਚ ਘੁਸ ਕੇ ਉਸਦੇ ਸਾਰੇ ਕਾਗ਼ਜ਼ ਫਾੜ ਸੁੱਟੇ, ਅਲਾਰਮ ਘੜੀ ਅਤੇ ਇੱਕ ਜੋੜਾ ਦੂਰਬੀਨਾਂ ਦਾ ਚੋਰੀ ਕਰ ਲਿਆ ਅਤੇ ਇਸ ਤਰ੍ਹਾਂ ਉਸ ਨੂੰ ਫਿਰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਮੇਰੀ ਉਸ ਨਾਲ ਜਾਣ-ਪਹਿਚਾਣ ਉਦੋਂ ਹੋਈ ਜਦੋਂ ਉਹ ਇੱਕ ਅਸਫਲ ਚੋਰੀ ਤੋਂ ਬਾਅਦ ਪਹਿਰੇਦਾਰਾਂ ਤੋਂ ਬਚਣ ਲਈ ਭੱਜ ਰਿਹਾ ਸੀ। ਮੈਂ ਉਸਦਾ ਪਿੱਛਾ ਕਰਨ ਵਾਲਿਆਂ ਵਿੱਚੋਂ ਇੱਕ ਨੂੰ ਅੜਿੰਗੀ ਮਾਰ ਕੇ ਉਸਦੀ ਦੀ ਭੱਜ ਨਿੱਕਲ ਜਾਣ ਵਿੱਚ ਮੱਦਦ ਕੀਤੀ ਅਤੇ ਖੁਦ ਉਸਦੇ ਨਾਲ ਹੋ ਲਿਆ।
ਇਹਨਾਂ ਸਮਾਜ ਚੋਂ ਕੱਢੇ ਲੋਕਾਂ ਵਿੱਚ ਅਜੀਬ-ਅਜੀਬ ਲੋਕ ਸਨ ਅਤੇ ਉਹਨਾਂ ਵਿੱਚ ਬਹੁਤ ਕੁਝ ਅਜਿਹਾ ਸੀ ਜਿਸ ਨੂੰ ਮੈਂ ਸਮਝ ਨਹੀਂ ਸਕਦਾ ਸੀ । ਜਿਹੜੀ ਗੱਲ ਮੈਨੂੰ ਉਹਨਾਂ ਦੇ ਪੱਖ ਵਿੱਚ ਖੜਾ ਕਰਦੀ ਸੀ ਉਹ ਇਹ ਸੀ ਕਿ ਉਹਨਾਂ ਨੂੰ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਸੀ। ਆਪਣੇ ਨਾਲੋਂ ਖੁਸ਼ਹਾਲ ਲੋਕਾਂ ਦੇ ਸੁਖੀ ਜੀਵਨ ਤੋਂ ਉਹਨਾਂ ਨੂੰ ਕੋਈ ਈਰਖਾ ਨਹੀਂ ਸੀ, ਉਹ ਉਹਨਾਂ ਦਾ ਮਜ਼ਾਕ ਉਡਾਉਂਦੇ, ਵਿਅੰਗ ਕਸਦੇ ਪਰ ਇਸ ਵਿੱਚ 'ਅੰਗੂਰ ਖੱਟੇ ਹਨ' ਵਾਲੀ ਕੋਈ ਗੱਲ ਨਹੀਂ ਸੀ ਹੁੰਦੀ। ਉਹਨਾਂ ਵਿੱਚ ਆਪਣੇ ਜੀਵਨ ਪ੍ਰਤੀ ਇੱਕ ਮਾਣ ਦੀ ਭਾਵਨਾ ਸੀ, ਜਿਵੇਂ ਕਿ ਉਹ ਇਹ ਸਮਝ ਰਹੇ ਹੋਣ ਕਿ ਭਾਵੇਂ ਉਹਨਾਂ ਦੀ ਜ਼ਿੰਦਗੀ ਘੋਰ ਗ਼ਰੀਬੀ ਨਾਲ ਭਰੀ ਹੋਈ ਸੀ ਪਰ ਫਿਰ ਵੀ ਉਹ ਉਹਨਾਂ ਨਾਲੋਂ ਚੰਗੇ ਸਨ ਜੋ ਚੰਗਾ ਜੀਵਨ ਜਿਉਂਦੇ ਸਨ।