

ਕੁਵਾਲਦਾ ਨੂੰ, ਜਿਹੜਾ ਇੱਕ ਸਰਾਂ ਚਲਾਉਂਦਾ ਸੀ ਅਤੇ ਜਿਸਨੂੰ ਮੈਂ 'ਆਵਾਰਾ ਲੋਕ' ਵਿੱਚ ਚਿਤਰਿਆ ਸੀ, ਮੈਂ ਪਹਿਲੀ ਵਾਰ ਕੋਲੋਨਤਯੇਵ ਦੀ ਅਦਾਲਤ ਵਿੱਚ ਵੇਖਿਆ ਸੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਫ਼ਟੇ-ਹਾਲ ਆਦਮੀ ਜੱਜ ਦੇ ਸਵਾਲਾਂ ਦਾ ਜਵਾਬ ਕਿੰਨੇ ਆਤਮ-ਸਨਮਾਨ ਨਾਲ ਦੇ ਰਿਹਾ ਸੀ ਅਤੇ ਪੁਲਿਸ ਦੇ ਸਿਪਾਹੀ, ਸਰਕਾਰੀ ਵਕੀਲ ਅਤੇ ਮੁਦੱਈ ਦੁਆਰਾ ਪੇਸ਼ ਕੀਤੇ ਸਬੂਤਾਂ ਦਾ ਖੰਡਨ ਕਿੰਨੇ ਤਿਰਸਕਾਰ ਨਾਲ ਕਰ ਰਿਹਾ ਸੀ। ਓਦੇਸਾ ਦੇ ਉਸ ਆਵਾਰਾਗਰਦ ਦੇ ਦਵੇਖ-ਮੁਕਤ ਵਿਅੰਗ ਤੋਂ ਵੀ ਮੈਨੂੰ ਅਜਿਹੀ ਹੀ ਹੈਰਾਨੀ ਹੋਈ ਸੀ, ਜਿਸਨੇ ਮੈਨੂੰ ਉਹ ਘਟਨਾ ਸੁਣਾਈ ਸੀ ਜਿਸਦਾ ਜ਼ਿਕਰ ਮੈਂ 'ਚੇਲਕਾਸ਼' ਵਿੱਚ ਕੀਤਾ ਸੀ। ਸਾਡੀ ਮੁਲਾਕਾਤ ਨਿਕੋਲਾਯੇਵ ਨਗਰ ਦੇ ਇੱਕ ਹਸਪਤਾਲ ਵਿੱਚ ਹੋਈ ਸੀ। ਚਮਕੀਲੇ ਸੋਹਣੇ ਦੰਦਾਂ ਦੀ ਝਲਕ ਦੇਣ ਵਾਲੀ ਉਸਦੀ ਮੁਸਕੁਰਾਹਟ ਮੈਨੂੰ ਅਜੇ ਵੀ ਯਾਦ ਹੈ। ਉਸੇ ਮੁਸਕਰਾਹਟ ਨਾਲ ਉਸਨੇ ਆਪਣੀ ਕਹਾਣੀ ਸਮਾਪਤ ਕੀਤੀ ਕਿ ਕਿਵੇਂ ਇੱਕ ਨੌਜਵਾਨ ਨੇ ਜਿਸਨੂੰ ਉਸਨੇ ਕਿਸੇ ਕੰਮ ਲਈ ਰੱਖਿਆ ਸੀ, ਉਸਨੂੰ ਧੋਖਾ ਦਿੱਤਾ ਸੀ । "ਤਾਂ ਮੈਂ ਉਸਨੂੰ ਪੈਸਿਆਂ ਦੇ ਨਾਲ ਹੀ ਚਲੇ ਜਾਣ ਦਿੱਤਾ, ਜਾਹ, ਉੱਲੂ ਜਾਹ, ਮੌਜ ਮਨਾ।”
ਉਹ ਮੈਨੂੰ ਡਿਊਮਾ ਦੇ "ਨੇਕਦਿਲ" ਸੂਰਮਿਆਂ ਦੀ ਯਾਦ ਦਿਲਾਉਂਦਾ ਸੀ । ਹਸਪਤਾਲ ਵਿੱਚੋਂ ਨਿਕਲਣ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਬਾਹਰ ਇੱਕ ਕਿਲੇ ਕੋਲ ਬੈਠੇ ਸਾਂ ਤਾਂ ਮੈਨੂੰ ਤਰਬੂਜ਼ ਦੀ ਇੱਕ ਫਾੜੀ ਦਿੰਦੇ ਹੋਏ ਉਸਨੇ ਪੁੱਛਿਆ:
"ਮੇਰੇ ਨਾਲ ਰਲ ਕੇ ਕੋਈ ਨਫ਼ੇ ਦਾ ਕੰਮ ਕਰਨਾ ਚਾਹੇਂਗਾ ? ਮੈਨੂੰ ਲੱਗਦੈ ਤੂੰ ਉਸ ਕੰਮ ਲਈ ਠੀਕ ਰਹੇਂਗਾ।"
ਉਸਦਾ ਸੁਝਾਅ ਮੈਨੂੰ ਜਚ ਗਿਆ, ਪਰ ਉਦੋਂ ਤੱਕ ਮੈਂ ਇਹ ਗੱਲ ਸਮਝ ਚੁੱਕਿਆ ਸਾਂ ਕਿ ਤਸਕਰੀ ਅਤੇ ਚੋਰੀ ਤੋਂ ਇਲਾਵਾ ਦੁਨੀਆ ਵਿੱਚ ਕਰਨ ਲਈ ਕੁਝ ਹੋਰ ਚੰਗੇ ਕੰਮ ਵੀ ਹਨ।
ਜੋ ਕੁਝ ਵੀ ਮੈਂ ਕਿਹਾ ਹੈ ਇਹ ਮੇਰੇ ਆਵਾਰਾ ਲੋਕਾਂ ਪ੍ਰਤੀ ਝੁਕਾਅ ਦੀ ਵਿਆਖਿਆ ਹੈ—ਮੈਂ ਤੁੱਛ ਖੂਹ-ਦੇ-ਡੱਡੂਆਂ ਨੂੰ ਨਹੀਂ ਬਲਕਿ "ਅਸਾਧਾਰਨ" ਲੋਕਾਂ ਨੂੰ ਚਿਤਰਨਾ ਚਾਹੁੰਦਾ ਸਾਂ। ਮੇਰੇ 'ਤੇ ਵਿਦੇਸ਼ੀ ਸਾਹਿਤ ਦਾ, ਖਾਸ ਕਰਕੇ ਫਰਾਂਸੀਸੀ ਸਾਹਿਤ ਦਾ ਅਸਰ ਵੀ ਸੀ, ਜਿਹੜਾ ਮੈਨੂੰ ਰੂਸੀ ਸਾਹਿਤ ਨਾਲੋਂ ਵਧੇਰੇ ਸਜੀਵ ਅਤੇ ਸ਼ਾਨਦਾਰ ਲੱਗਦਾ ਸੀ। ਪਰ ਮੁੱਖ ਕਾਰਨ ਮੇਰੀ ਇਹ ਇੱਛਾ ਸੀ ਕਿ ਆਪਣੀ ਕਲਪਨਾ ਸ਼ਕਤੀ ਨਾਲ "ਦਮਨਕਾਰੀ ਨੀਰਸ ਜੀਵਨ" ਨੂੰ ਜਿਸਦਾ ਜ਼ਿਕਰ ਮੇਰੀ 15 ਸਾਲਾ ਪੱਤਰਵਿਹਾਰ-ਕਰਤਾ ਨੇ ਕੀਤਾ ਹੈ, ਨਿਖ਼ਾਰਾਂ।
ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਇਸ ਇੱਛਾ ਨੂੰ "ਰੋਮਾਂਸਵਾਦ" ਕਿਹਾ ਜਾਂਦਾ ਹੈ। ਕੁਝ ਆਲੋਚਕਾਂ ਦੀ ਰਾਏ ਮੁਤਾਬਿਕ ਮੇਰਾ ਰੋਮਾਂਸਵਾਦ ਮੇਰੀ ਫਿਲਾਸਫੀ ਵਿੱਚ ਵਿਚਾਰਵਾਦ ਦਾ ਪ੍ਰਤੀਬਿੰਬ ਹੈ। ਮੈਂ ਇਸ ਮੁਲਾਂਕਣ ਨੂੰ ਗਲਤ ਮੰਨਦਾ ਹਾਂ।
ਦਾਰਸ਼ਨਿਕ ਵਿਚਾਰਵਾਦ ਇਹ ਸਿਖਾਉਂਦਾ ਹੈ ਕਿ ਮਨੁੱਖ, ਪਸ਼ੂ ਅਤੇ ਮਨੁੱਖ ਦੁਆਰਾ ਬਣਾਈਆਂ ਸਾਰੀਆਂ ਚੀਜ਼ਾਂ "ਵਿਚਾਰਾਂ" ਦੇ ਅਧੀਨ ਹਨ। ਮਨੁੱਖ ਦੁਆਰਾ ਬਣਾਈਆਂ ਸਾਰੀਆਂ ਵਸਤੂਆਂ ਲਈ ਇਹ ਅਤਿਅੰਤ ਉੱਤਮ ਨਮੂਨਿਆਂ ਦਾ ਕੰਮ ਦਿੰਦੇ ਹਨ ਜਿਸਦੀਆਂ (ਮਨੁੱਖ ਦੀਆਂ- ਅਨੁ.) ਸਰਗਰਮੀਆਂ ਪੂਰੀ ਤਰ੍ਹਾਂ ਇਹਨਾਂ ਨਮੂਨਿਆਂ 'ਤੇ ਨਿਰਭਰ ਕਰਦੀਆਂ