

ਕਰਨੀ ਸੰਭਵ ਹੋਈ। ਸਮੂਹਿਕ ਰਚਨਾਤਮਕਤਾ ਦੀ ਤਾਕਤ ਦਾ ਪਤਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਐਨੀਆਂ ਸਦੀਆਂ ਵਿੱਚ ਵੀ ਵਿਅਕਤੀਗਤ ਰਚਨਾਤਮਕਤਾ 'ਇਲੀਅਡ' ਜਾਂ 'ਕਾਲੇਵਾਲਾ' ਦੇ ਪੱਧਰ ਦੀ ਇੱਕ ਵੀ ਰਚਨਾ ਨਹੀਂ ਰਚ ਸਕੀ, ਅਤੇ ਇਸ ਤੱਥ ਤੋਂ ਵੀ ਕਿ ਵਿਅਕਤੀਗਤ ਪ੍ਰਤਿਭਾ ਨੇ ਅਜੇ ਤੱਕ ਇੱਕ ਵੀ ਅਜਿਹਾ ਚਿੰਨਾਤਮਕ ਪਾਤਰ ਪੇਸ਼ ਨਹੀਂ ਕੀਤਾ ਜਿਸਦੀਆਂ ਜੜ੍ਹਾਂ ਲੋਕ ਰਚਨਾਤਮਕਤਾ ਚੋਂ ਨਾ ਨਿਕਲਦੀਆਂ ਹੋਣ, ਜਾਂ ਸੰਸਾਰ ਪੱਧਰ ਦੀ ਕੋਈ ਅਜਿਹੀ ਟਾਈਪ ਨਹੀਂ ਰਚੀ ਜਿਹੜੀ ਪਹਿਲਾਂ ਲੋਕ-ਕਿੱਸਿਆਂ ਵਿੱਚ ਜਾਂ ਦੰਦ-ਕਥਾਵਾਂ ਵਿੱਚ ਨਾ ਪਾਈ ਜਾਂਦੀ ਹੋਵੇ।
ਅਜੇ ਤੱਕ ਸਾਡੇ ਕੋਲ ਕੋਈ ਤਸੱਲੀਬਖਸ਼ ਸਬੂਤ ਨਹੀਂ ਹਨ, ਜਿਹਨਾਂ ਤੋਂ ਸਮੂਹ ਦੇ ਰਚਨਾਤਮਕ ਜਤਨਾਂ-ਕਿ ਕਿਵੇਂ ਕਿਸੇ ਨਾਇਕ ਦੀ ਰਚਨਾ ਹੋਈ— ਬਾਰੇ ਕੋਈ ਸਹੀ ਤੇ ਸਟੀਕ ਸਿੱਟਾ ਕੱਢਿਆ ਜਾ ਸਕੇ। ਪਰ ਮੇਰਾ ਖਿਆਲ ਹੈ ਕਿ ਇਸ ਵਿਸ਼ੇ ਬਾਰੇ ਆਪਣਾ ਗਿਆਨ ਸਾਂਝਾ ਕਰਕੇ ਅਤੇ ਇਸ ਵਿੱਚ ਆਪਣੇ ਅਨੁਮਾਨ ਅਤੇ ਕਲਪਨਾਵਾਂ ਜੋੜ ਕੇ ਅਸੀਂ ਇਸ ਪ੍ਰਕਿਰਿਆ ਦਾ ਇੱਕ ਮੋਟਾ ਜਿਹਾ ਖਾਕਾ ਖਿੱਚਣ ਦੇ ਯੋਗ ਤਾਂ ਹੋ ਹੀ ਜਾਵਾਂਗੇ।
ਇੱਕ ਟੱਬਰ (Clan) ਦੀ ਉਦਾਹਰਣ ਲੈਂਦੇ ਹਾਂ, ਜਿਹੜਾ ਆਪਣੀ ਹੋਂਦ ਬਣਾਈ ਰੱਖਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਲੋਕਾਂ ਦਾ ਇੱਕ ਛੋਟਾ ਜਿਹਾ ਸਮੂਹ ਆਪਸ ਵਿੱਚ ਰਲ-ਮਿਲ ਕੇ ਰਹਿੰਦਾ ਹੈ। ਇਹ ਚਾਰੇ ਪਾਸਿਓਂ ਅਬੋਧ ਅਤੇ ਅਕਸਰ ਦੁਸ਼ਮਣਾਨਾ ਤੌਰ ਵਾਲੇ ਕੁਦਰਤੀ ਵਰਤਾਰਿਆਂ ਵਿੱਚ ਘਿਰਿਆ ਹੋਇਆ ਹੈ। ਇਸਦੇ ਹਰ ਮੈਂਬਰ ਦੀ ਨਿੱਜੀ ਜ਼ਿੰਦਗੀ ਸਾਂਝੀ ਪੜਤਾਲ ਲਈ ਖੁੱਲੀ ਸੀ, ਅਤੇ ਉਸਦੀਆਂ ਸਾਰੀਆਂ ਸੰਵੇਦਨਾਵਾਂ, ਵਿਚਾਰ ਅਤੇ ਉਸਦੇ ਸ਼ੌਕ-ਸ਼ੰਕੇ ਸਾਂਝੀ ਜਾਇਦਾਦ ਸਨ। ਗਰੁੱਪ ਦਾ ਹਰ ਮੈਂਬਰ ਆਪਣੇ ਮਨ ਵਿੱਚ ਉੱਠਦੇ ਵਿਚਾਰਾਂ ਦੇ ਭਾਰ ਤੋਂ ਮੁਕਤ ਹੋਣ ਦੀ ਇੱਕ ਸਹਿਜ ਤਾਂਘ ਮਹਿਸੂਸ ਕਰਦਾ ਸੀ, ਇਹ ਤਾਂਘ ਉਸ ਵਿੱਚ ਲਾਚਾਰੀ ਦੀ ਭਾਵਨਾ ਤੋਂ ਪ੍ਰੇਰਿਤ ਹੁੰਦੀ ਸੀ ਜਿਹੜੀ ਉਸ ਵਿੱਚ ਆਪਣੇ ਆਲੇ-ਦੁਆਲੇ ਦੇ ਜੰਗਲ ਦੀਆਂ ਤਾਕਤਾਂ ਅਤੇ ਇਸ ਵਿੱਚ ਘੁੰਮਦੇ ਫਿਰਦੇ ਜੰਗਲੀ ਜਾਨਵਰਾਂ ਦੇ ਡਰ ਤੋਂ ਅਤੇ, ਸਮੁੰਦਰ ਤੇ ਅਸਮਾਨ, ਰਾਤ ਅਤੇ ਸੂਰਜ ਦੇ ਭੈਅ ਤੋਂ ਉਪਜਦੀ ਸੀ। ਉਹ ਆਪਣੇ ਸੁਪਨਿਆਂ ਤੋਂ ਅਤੇ ਦਿਨ-ਰਾਤ ਦੇ ਪਰਛਾਵਿਆਂ ਦੇ ਅਜੀਬ ਜੀਵਨ ਤੋਂ ਵੀ ਉਤੇਜਿਤ ਸੀ। ਇਸ ਢੰਗ ਨਾਲ ਵਿਅਕਤੀਗਤ ਤਜ਼ਰਬਾ ਪੂਰੀ ਤਰ੍ਹਾਂ ਸਮੂਹ ਦੇ ਤਜ਼ਰਬਿਆਂ ਨਾਲ ਰਲਗੱਡ ਹੋ ਗਿਆ, ਅਤੇ ਸਮੂਹ ਦੁਆਰਾ ਇਕੱਠਾ ਕੀਤਾ ਤਜ਼ਰਬਿਆਂ ਦਾ ਸਮੁੱਚਾ ਭੰਡਾਰ ਇਸਦੇ ਹਰ ਇੱਕ ਮੈਂਬਰ ਦੀ ਜਾਇਦਾਦ ਬਣ ਗਿਆ।
ਵਿਅਕਤੀ ਅਸਲ ਵਿੱਚ ਸਮੂਹ ਦੀਆਂ ਸਰੀਰਕ ਤਾਕਤਾਂ ਦੇ ਇੱਕ ਖਾਸ 'ਅੰਸ਼' ਦਾ, ਅਤੇ ਨਾਲ ਹੀ ਸਮੂਹ ਦੀ ਬੌਧਿਕ ਊਰਜਾ ਦੀ ‘ਸਮੁੱਚਤਾ' ਦਾ ਹੀ ਸਾਕਾਰ ਰੂਪ ਸੀ। ਵਿਅਕਤੀ ਨੂੰ ਕੋਈ ਜੰਗਲੀ ਜਾਨਵਰ ਆਪਣਾ ਸ਼ਿਕਾਰ ਬਣਾ ਸਕਦਾ ਸੀ, ਬਿਜਲੀ ਡਿੱਗਣ ਕਾਰਨ ਮਾਰਿਆ ਜਾ ਸਕਦਾ ਸੀ, ਕਿਸੇ ਦਰੱਖਤ ਜਾਂ ਪੱਥਰ ਹੇਠਾਂ ਆ ਕੇ ਕੁਚਲਿਆ ਜਾ ਸਕਦਾ ਸੀ, ਜਾਂ ਕਿਸੇ ਦਰਿਆ ਜਾਂ ਦਲਦਲ ਵਿੱਚ ਡੁੱਬ ਸਕਦਾ ਸੀ । ਇਸ ਸਭ ਕਾਸੇ ਨੂੰ ਸਮੂਹ ਉਹਨਾਂ ਭਿਆਨਕ ਸ਼ਕਤੀਆਂ ਦਾ ਪ੍ਰਗਟਾਵਾ ਸਮਝਦਾ ਸੀ ਜਿਹੜੀਆਂ ਉਸਨੂੰ ਹਰ ਕਦਮ 'ਤੇ