

ਰੋਕਦੀਆਂ ਸਨ, ਆਪਣੇ ਸਰੀਰਕ ਤਾਕਤ ਦੇ ਇੱਕ ਅੰਸ਼ ਦੇ ਨੁਕਸਾਨ ਕਾਰਨ ਸਮੂਹ ਵਿੱਚ ਅਫਸੋਸ ਦੀ ਭਾਵਨਾ ਜਾਗ ਜਾਂਦੀ, ਅਤੇ ਅਜਿਹੇ ਹੋਰ ਨੁਕਸਾਨਾਂ ਦਾ ਡਰ ਪੈਦਾ ਹੋ ਜਾਂਦਾ। ਖੁਦ ਨੂੰ ਅਜਿਹੇ ਪ੍ਰਕੋਪਾਂ ਤੋਂ ਬਚਾਉਣ ਦੀ, ਸਮੂਹ ਦੀ ਪੂਰੀ ਤਾਕਤ ਨਾਲ ਮੌਤ ਦੇ ਸ਼ੈਤਾਨ ਦਾ ਟਾਕਰਾ ਕਰਨ ਦੀ, ਅਤੇ ਇਹਨਾਂ ਸਾਰਿਆਂ ਖਤਰਿਆਂ ਦਾ ਡਟ ਕੇ ਮੁਕਾਬਲਾ ਕਰਨ ਦੀ ਕੁਦਰਤੀ ਇੱਛਾ ਅਤੇ ਗੁੱਸੇ ਦੀ ਭਾਵਨਾ ਪੂਰੇ ਸਮੂਹ 'ਤੇ ਹਾਵੀ ਹੋ ਜਾਂਦੀ। ਆਪਣੀ ਸਰੀਰਕ ਤਾਕਤ ਦੇ ਇੱਕ ਭਾਗ ਦਾ ਨੁਕਸਾਨ ਹੋ ਜਾਣ 'ਤੇ ਸਮੂਹ ਵਿੱਚ ਇੱਕ ਅਜਿਹੀ ਭਾਵਨਾ ਪੈਦਾ ਹੋ ਜਾਂਦੀ ਜਿਹੜੀ ਅੱਗੋਂ ਇੱਕ ਆਮ, ਅਚੇਤ ਪਰ ਬੜੀ ਲਾਜ਼ਮੀ ਅਤੇ ਤੀਬਰ ਇੱਛਾ ਨੂੰ ਜਨਮ ਦਿੰਦੀ-ਨੁਕਸਾਨ ਦੀ ਪੂਰਤੀ ਕਰਨਾ, ਜਾਣ ਵਾਲੇ ਨੂੰ ਮੁੜ-ਜੀਵਤ ਕਰਨਾ ਅਤੇ ਉਸਨੂੰ ਆਪਣੇ ਸਮੂਹ ਵਿੱਚ ਉਵੇਂ ਹੀ ਬਰਕਰਾਰ ਰੱਖਣਾ। ਮਰਨ ਵਾਲੇ ਦੇ ਮਾਣ ਵਿੱਚ ਕੀਤੇ ਦਫਨ ਵੇਲੇ ਦੇ ਭੋਜ ਵਿੱਚ ਟੱਬਰ ਨੇ ਪਹਿਲੀ ਵਾਰ ਵਿਅਕਤੀ ਨੂੰ ਬੁੱਧੀ ਦਾ ਸੰਕਲਪ ਬਣਾ ਕੇ ਪੇਸ਼ ਕੀਤਾ ਹੋਵੇਗਾ, ਖੁਦ ਨੂੰ ਢਾਰਸ ਦਿੰਦਿਆਂ ਅਤੇ ਇੱਕ ਕਿਸਮ ਦੀ ਵੰਗਾਰ ਕਬੂਲਦਿਆਂ ਟੱਬਰ ਨੇ ਆਪਣੀ ਸਾਰੀ ਮੁਹਾਰਤ, ਤਾਕਤ, ਬੁੱਧੀ ਅਤੇ ਉਹ ਸਾਰੇ ਗੁਣ ਜਿਹੜੇ ਵਿਅਕਤੀ ਅਤੇ ਸਮੂਹ ਦੋਹਾਂ ਨੂੰ ਤਕੜਾ ਅਤੇ ਮਜ਼ਬੂਤ ਬਣਾਉਂਦੇ ਸਨ, ਉਸ ਵਿਅਕਤੀ ਨਾਲ ਜੋੜ ਦਿੱਤੇ। ਇਸ ਸਮੇਂ ਟੱਬਰ ਦਾ ਹਰ ਮੈਂਬਰ ਉਸ ਵਿਅਕਤੀ ਦੁਆਰਾ ਕੀਤੇ ਕਿਸੇ ਕਾਰਨਾਮੇ ਨੂੰ, ਜਾਂ ਉਸ ਦੁਆਰਾ ਦਿੱਤੇ ਕਿਸੇ ਚੰਗੇ ਵਿਚਾਰ ਜਾਂ ਕਿਆਸ ਨੂੰ ਯਾਦ ਕਰਦਾ ਹੋਵੇਗਾ। ਉਹ ਸਮੂਹ ਤੋਂ ਬਾਹਰਲੀ ਕਿਸੇ ਤਰ੍ਹਾਂ ਦੀ ਵੀ "ਮੈਂ" ਦੀ ਭਾਵਨਾ ਨੂੰ ਮਹਿਸੂਸ ਨਹੀਂ ਕਰਦਾ ਸੀ, ਅਤੇ ਇਸ ਲਈ ਇਸ "ਮੈਂ" ਵਿਚਲੀ ਸਾਰੀ ਸਮੱਗਰੀ ਅਤੇ ਇਸਦੀ ਸਾਰੀ ਊਰਜਾ ਉਸ ਮਰ ਚੁੱਕੇ ਵਿਅਕਤੀ ਦੇ ਵੱਕਾਰ ਨਾਲ ਜੋੜ ਦਿੰਦਾ। ਇਸ ਢੰਗ ਨਾਲ ਟੱਬਰ ਤੋਂ ਉੱਚੇ ਇੱਕ ਨਾਇਕ ਦੀ ਧਾਰਣਾ ਹੋਂਦ ਵਿੱਚ ਆਉਂਦੀ ਹੈ, ਜਿਹੜਾ ਟੱਬਰ ਦੀ ਸਮੁੱਚੀ ਊਰਜਾ ਦੀ ਚਾਲਕ ਸ਼ਕਤੀ ਅਤੇ ਸਾਕਾਰ ਰੂਪ ਹੁੰਦਾ ਸੀ, ਅਤੇ ਇਹ ਸ਼ਕਤੀ ਹੁਣ ਅਮਲਾਂ ਵਿੱਚ ਅਤੇ ਟੱਬਰ ਦੀ ਰੂਹਾਨੀ ਤਾਕਤ ਦੇ ਪਰਤੇ ਵਿੱਚ ਅਨੁਵਾਦ ਹੋ ਗਈ ਸੀ । ਅਜਿਹੇ ਮੌਕਿਆਂ 'ਤੇ ਸ਼ਾਇਦ ਇੱਕ ਖਾਸ ਪ੍ਰਕਾਰ ਦੀ ਮਾਨਸਿਕ ਅਵਸਥਾ ਪੈਦਾ ਹੋ ਜਾਂਦੀ ਸੀ, ਅਤੇ ਇੱਕ ਅਜਿਹੀ ਰਚਨਾਤਮਕ ਇੱਛਾ ਜਾਗਦੀ ਸੀ ਜਿਹੜੀ ਮੌਤ ਨੂੰ ਜੀਵਨ ਵਿੱਚ ਬਦਲ ਦਿੰਦੀ ਸੀ। ਵਿੱਛੜੇ ਬੰਦੇ ਨੂੰ ਯਾਦ ਕਰਨ ਦੀ ਇੱਕੋ ਜਿਹੀ ਤਾਕਤ ਦੀ ਅਗਵਾਈ ਹੇਠ, ਸਾਰੇ ਮੈਂਬਰਾਂ ਦੀਆਂ ਇੱਛਾਵਾਂ ਉਸ ਵਿਅਕਤੀ 'ਤੇ ਹੀ ਕੇਂਦ੍ਰਿਤ ਹੋ ਜਾਂਦੀਆਂ ਸਨ, ਇਸ ਤਰ੍ਹਾਂ ਸਮੂਹ ਆਪਣੇ ਦੁਆਰਾ ਰਚੇ ਇਸ ਨਾਇਕ ਨੂੰ ਸ਼ਾਇਦ ਆਪਣੇ ਦਰਮਿਆਨ ਹਾਜ਼ਰ-ਨਾਜ਼ਰ ਸਮਝਣ ਲੱਗ ਪੈਂਦਾ। ਮੇਰਾ ਖਿਆਲ ਹੈ ਕਿ ਵਿਕਾਸ ਦੇ ਇਸ ਪੜਾਅ 'ਤੇ ਆ ਕੇ ਹੀ “ਉਸ" ਦਾ ਸੰਕਲਪ ਹੋਂਦ ਵਿੱਚ ਆਇਆ, ਪਰ ਅਜੇ ਤੱਕ "ਮੈਂ" ਦਾ ਸੰਕਲਪ ਨਹੀਂ ਬਣਿਆ ਸੀ, ਕਿਉਂਕਿ ਸਮੂਹ ਨੂੰ ਇਸਦੀ ਅਜੇ ਕੋਈ ਜ਼ਰੂਰਤ ਨਹੀਂ ਸੀ।
ਟੱਬਰਾਂ (Clans) ਨੇ ਮਿਲ ਕੇ ਕਬੀਲਿਆਂ (Tribes) ਦਾ ਰੂਪ ਧਾਰ ਲਿਆ, ਅਤੇ ਇਹਨਾਂ ਦੇ ਨਾਇਕ ਕਬੀਲੇ ਦੇ ਇੱਕ ਹੀ ਨਾਇਕ ਵਿੱਚ ਘੁਲ-ਮਿਲ ਗਏ। ਇਹ ਬਿਲਕੁਲ ਸੰਭਵ ਹੈ ਕਿ ਹਰਕਿਉਲਿਸ ਦੇ ਬਾਰਾਂ ਕਾਰਨਾਮੇ ਬਾਰਾਂ ਟੱਬਰਾਂ ਦੇ ਮੇਲ ਨਾਲ ਹੀ ਬਣੇ ਹੋਣ।