ਬਾਬਾ ਫ਼ਰੀਦ ਜੀ ਦਾ ਮਜ਼ਹਬ
ਫ਼ਰੀਦ ਜੀ ਦੇ ਜੀਵਨ-ਲਿਖਾਰੀ ਫ਼ਰੀਦ ਜੀ ਨੂੰ "ਸੂਫ਼ੀ" ਆਖਦੇ ਹਨ । ਉਹਨਾਂ ਦੇ ਮਜ਼ਹਬ ਦਾ ਨਾਮ ਕੋਈ ਭੀ ਰੱਖ ਲਉ, ਪਰ ਜਦੋਂ ਅਸੀ ਉਹਨਾਂ ਦੀ ਆਪਣੀ ਬਾਣੀ ਗਹੁ ਨਾਲ ਪੜ੍ਹ ਵਿਚਾਰ ਕੇ ਨਿਰਣਾ ਕਰਦੇ ਹਾਂ, ਤਾਂ ਉਹਨਾਂ ਦੇ ਧਾਰਮਿਕ ਖ਼ਿਆਲ ਹੇਠ ਲਿਖੇ ਅਨੁਸਾਰ ਦਿੱਸਦੇ ਹਨ:
ਮਨੁੱਖ ਮਿਥੇ ਹੋਏ ਦਿਨ ਲੈ ਕੇ ਜਗਤ ਵਿਚ ਰੱਬ ਨੂੰ ਮਿਲਣ ਲਈ ਆਇਆ ਹੈ, 'ਦਰਵੇਸ਼' ਬਣਨ ਲਈ ਆਇਆ ਹੈ। ਪਰ ਮਾਇਆ ਦੇ ਮੋਹ ਦੀ ਪੋਟਲੀ ਇਸ ਨੂੰ ਨਿੰਦਿਆ ਤੇ ਵੈਰ-ਵਿਰੋਧ ਆਦਿਕ ਵਾਲੇ ਕੁਰਾਹੇ ਪਾ ਦੇਂਦੀ ਹੈ ।
'ਦਰਵੇਸ਼' ਬਣਨ ਲਈ ਕਿਸੇ ਜੰਗਲ ਵਿਚ ਜਾਣ ਦੀ ਲੋੜ ਨਹੀਂ ਹੈ, ਘਰ ਦੀ ਕਿਰਤ ਕਾਰ ਕਰਦਿਆਂ ਹਿਰਦੇ ਵਿਚ ਰੱਬ ਨੂੰ ਵੇਖਣਾ ਹੈ। ਐਸੇ 'ਦਰਦੇਸ਼ ਦੇ ਲੱਛਣ ਇਹ ਹਨ-
੧. ਸਹਿਨ-ਸ਼ੀਲਤਾ,
੨. ਦੁਨਿਆਵੀ ਲਾਲਚ ਤੋਂ ਜਾਤ,
੩. ਇਕ ਰੱਬ ਦੀ ਆਸ,
੪. ਖ਼ਲਕਤ ਦੀ ਸੇਵਾ,
੫. ਕਿਸੇ ਦਾ ਦਿਲ ਨਾ ਦੁਖਾਉਣਾ,
੬. ਹੱਕ ਦੀ ਕਮਾਈ, ਤੇ
੭. ਰੱਬ ਦੀ ਯਾਦ ।
ਜੇ ਮਾਇਆ ਦਾ ਲਾਲਚ ਨਹੀਂ ਮੁੱਕਾ ਤਾਂ ਧਾਰਮਿਕ ਭੇਖ ਤੇ ਧਾਰਮਿਕ ਆਹਰ ਦਰਵੇਸ਼ੀ' ਜੀਵਨ ਨੂੰ ਸਗੋਂ ਇਤਨਾ ਘੁਟ ਦੇਂਦੇ ਹਨ ਕਿ ਉਸ ਦਾ ਪੱਲ੍ਹਰਨਾ ਔਖਾ ਹੋ ਜਾਂਦਾ ਹੈ ।