ਆਪਣੀ ਜ਼ਬਾਨ ਵਿਚ ਉਹਨਾਂ ਨੂੰ ਸਮਝਾਉਂਦਾ ਹੈ (ਕਿ ਜ਼ਿੰਦਗੀ ਦਾ ਸਹੀ ਰਸਤਾ ਕਿਹੜਾ ਹੈ) ।
ਗੁਰੂ ਗੋਬਿੰਦ ਸਿੰਘ ਜੀ 'ਬਚਿੱਤ੍ਰ ਨਾਟਕ' ਵਿਚ ਲਿਖਦੇ ਹਨ ਕਿ ਅਕਾਲ ਪੁਰਖ ਨੇ ਮੈਨੂੰ ਹੁਕਮ ਦਿਤਾ ਕਿ ਜਗਤ ਵਿਚ ਜਾਓ ਤੇ ਜਾ ਕੇ ਲੋਕਾਂ ਨੂੰ ਮੰਦੇ ਕੰਮ ਕਰਨ ਤੋਂ ਹਟਾਓ। ਆਪ ਲਿਖਦੇ ਹਨ, ਪ੍ਰਭੂ ਨੇ ਹੁਕਮ ਦਿਤਾ:
ਜਾਹਿ ਤਹਾ ਤੇ ਧਰਮੁ ਚਲਾਇ ॥
ਕੁਬੁਧਿ ਕਰਨ ਤੇ ਲੋਕ ਹਟਾਇ।।
ਸੋ, ਮਹਾਂ ਪੁਰਖ ਜਗਤ ਵਿਚ ਆ ਕੇ ਉਹ ਪੂਰਨੇ ਪਾਉਂਦੇ ਹਨ, ਜਿਨ੍ਹਾਂ ਉਤੇ ਤੁਰ ਕੇ ਦੁਨੀਆ ਦੇ ਲੋਕ ਜੀਵਨ ਦੀ ਸਹੀ ਜਾਚ ਸਿੱਖਦੇ ਹਨ । 'ਧਰਮ' ਕੀ ਹੈ ? ਜੀਵਨ ਦੀ ਸਹੀ ਜਾਚ । ਮਹਾ ਪੁਰਖਾਂ ਦਾ ਹਰੇਕ ਕਰਤੱਬ ਇਕ ਐਸਾ ਪੂਰਨ ਹੁੰਦਾ ਹੈ ਜੋ 'ਸਹੀ ਜੀਵਨ' ਲਈ ਚਾਨਣ ਮੁਨਾਰਾ ਹੁੰਦਾ ਹੈ ।
ਬਾਬਾ ਫ਼ਰੀਦ ਜੀ ਇਕ ਮੰਨੇ-ਪ੍ਰਮੰਨੇ ਮਹਾਂ ਪੁਰਖ ਸਨ । ਉਹਨਾਂ ਦਾ ਹਰੇਕ ਕੰਮ ਤੇ ਬਚਨ ਇਨਸਾਨੀ ਜੀਵਨ ਲਈ ਰੌਸ਼ਨੀ ਦੇਣ ਵਾਲਾ ਸੀ । ਮਨੁੱਖ ਨਾ ਨਿਰਾ ਜਿਸਮ ਹੈ ਤੇ ਨਾ ਹੀ ਨਿਰੀ ਰੂਹ ਹੈ; ਦੋਹਾਂ ਦਾ ਮੇਲ ਹੈ । ਜੀਵਨ ਦਾ ਸਹੀ ਰਾਹ ਉਹੀ ਹੋ ਸਕਦਾ ਹੈ ਜੋ ਜਿਸਮ ਤੇ ਰੂਹ ਦੋਹਾਂ ਨੂੰ ਠੀਕ ਟਿਕਾਣੇ ਤੇ ਰੱਖੇ । ਭੁੱਖ ਇਨਸਾਨੀ ਜਿਸਮ ਦਾ ਇਕ ਕੁਦਰਤੀ ਕੰਮ ਹੈ । ਜੇ ਭੁੱਖ ਨਾ ਲੱਗੇ ਤਾਂ ਸਿਆਣੇ ਲੋਕ ਅੰਦਾਜ਼ਾ ਲਾਉਂਦੇ ਹਨ ਕਿ ਇਸ ਜਿਸਮ ਵਿਚ ਕੋਈ ਨੁਕਸ ਹੈ, ਕੋਈ ਰੋਗ ਹੈ । ਇਹ ਕੁਦਰਤੀ ਲੋੜ ਪੂਰੀ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ । ਹਾਂ, ਪੇਟੂ ਨਹੀਂ ਬਣਨਾ, ਨਿਰੇ ਸਰੀਰਕ ਭੋਗਾਂ ਨੂੰ ਜੀਵਨ ਦਾ ਨਿਸ਼ਾਨਾ ਨਹੀਂ ਬਣਾਉਣਾ ਗੁਰੂ ਨਾਨਕ ਦੇਵ ਜੀ ਰੋਟੀ ਖਾਣ ਬਾਰੇ ਇਉਂ ਹਿਦਾਇਤ ਕਰਦੇ ਹਨ :
ਬਾਬਾ ! ਹੋਰੁ ਖਾਣਾ ਖੁਸੀ ਖੁਆਰੁ ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
(ਸਿਰੀ ਰਾਗ ਮਹਲੁ ੧, ਪੰਨਾ ੧੬)
ਭਾਵ-ਉਹ ਖਾਣਾ ਖੁਆਰੀ ਪੈਦਾ ਕਰਦਾ ਹੈ ਜਿਸ ਦੇ ਖਾਧਿਆਂ ਸਰੀਰ ਦੁਖੀ ਹੋਵੇ, ਸਰੀਰ ਵਿਚ ਕੋਈ ਰੋਗ ਪੈਦਾ ਹੋਵੇ, ਜਾਂ ਮਨ ਵਿਚ ਮੰਦੇ ਖ਼ਿਆਲ ਪੈਦਾ ਹੋਣ।