ਬਾਬਾ ਫ਼ਰੀਦ ਜੀ ਗ੍ਰਿਹਸਤੀ ਸਨ, ਸੁਚੱਜੇ ਗ੍ਰਿਹਸਤੀ ਸਨ, ਦਰਵੇਸ਼-ਗ੍ਰਿਹਸਤੀ ਸਨ, ਗ੍ਰਿਹਸਤ ਵਿਚ ਰਹਿੰਦੇ ਹੋਏ ਦਰਵੇਸ਼ ਸਨ, ਰਾਜ ਜੋਗੀ ਸਨ, ਜੋਗੀ-ਰਾਜ ਸਨ । ਉਹਨਾਂ ਦੇ ਬਰਨ ਤੇ ਕੰਮ ਆਮ ਦੁਨੀਆ-ਦਾਰਾਂ ਨੂੰ ਸਹੀ ਰਾਹ ਤੇ ਪਾਣ ਵਾਲੇ ਸਨ । ਜਗਤ ਦੇ ਕਿਸੇ ਵੀ ਧਾਰਮਿਕ ਰਾਹਬਰ ਨੇ ਰੋਟੀ ਛੱਡਣ ਦਾ ਉਪਦੇਸ਼ ਨਹੀਂ ਕੀਤਾ, ਕੁਝ ਚਿਰ ਲਈ ਰੋਜ਼ੇ ਵਰਤ ਰਖਣੇ, ਜਾਂ, ਭੁੱਖ ਰਖ ਕੇ ਰੋਟੀ ਖਾਣੀ, ਅਜਿਹੀ ਹਿਦਾਇਤ ਤਾਂ ਸ਼ਾਇਦ ਹਰੇਕ ਮਜਰਥ ਵਿਚ ਮਿਲਦੀ ਹੈ, ਪਰ ਅੰਨ ਛੱਡ ਕੇ ਲੱਕੜ ਦੀ ਰੋਟੀ ਪੱਲੇ ਬੰਨ੍ਹ ਲੈਣੀ ਇਕ ਗ਼ੈਰ-ਕੁਦਰਤੀ ਗੱਲ ਹੈ, ਜਿਸ ਬਾਰੇ ਕਿਸੇ ਮਹਾਂ ਪੁਰਖ ਨੇ ਕਦੇ ਕੋਈ ਆਗਿਆ ਨਹੀਂ ਕੀਤੀ । ਇਕ ਗੱਲ ਹੈਰਾਨੀ ਪੈਦਾ ਕਰਨ ਵਾਲੀ ਹੈ, ਬਾਬਾ ਫ਼ਰੀਦ ਦੇ ਜੀਵਨ-ਉਪਦੇਸ਼ ਵਿਚ ਸਿਦਕ-ਸ਼ਰਧਾ ਰੱਖਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਹਨ; ਜੇ ਦਰਵੇਸ਼-ਗ੍ਰਿਹਸਤੀ ਬਾਬਾ ਜੀ ਨੇ ਕਦੇ ਆਪਣੇ ਪੱਲੇ ਲੱਕੜ ਦੀ ਰੋਟੀ ਬੱਧੀ ਹੁੰਦੀ ਤੇ ਇਸ ਕੰਮ ਵਿਚ ਕੋਈ ਸਵਾਬ ਹੁੰਦਾ, ਤਾਂ ਬਾਬਾ ਜੀ ਦੇ ਇਹਨਾਂ ਪੂਰਨਿਆਂ ਉਤੇ ਤੁਰਨਾ ਹੋਰਨਾਂ ਦੀ ਭਲਾਈ ਦਾ ਸਬੱਬ ਬਣਦਾ ਪਰ ਕਦੇ ਕੋਈ ਐਸਾ ਮਨੁੱਖ ਸੁਣਿਆ ਵੇਖਿਆ ਨਹੀਂ ਗਿਆ, ਜੋ ਇਹ ਕੁਦਰਤੀ ਭੁੱਖ ਲੱਗਣ ਤੇ ਕਿਸੇ ਕਾਠ ਦੀ ਰੋਟੀ ਨੂੰ ਚੱਕ ਮਾਰ ਕੇ ਆਪਣੇ ਆਪ ਨੂੰ ਤਸੱਲੀ ਦੇ ਲੈਂਦਾ ਹੋਵੇ ।
ਅਸਲ ਗੱਲ ਇਹ ਹੈ ਕਿ ਬਾਬਾ ਜੀ ਦੀ ਬਾਣੀ ਨੂੰ ਗਲਤ ਸਮਝ ਕੇ ਇਹ ਕਹਾਣੀ ਚੱਲ ਪਈ ਹੈ ਕਿ ਸ਼ੇਖ਼ ਫ਼ਰੀਦ ਜੀ ਨੇ ਕੋਈ ਲੱਕੜ ਦੀ ਰੋਟੀ ਪੱਲੇ ਬੱਧੀ ਹੋਈ ਸੀ । ਜਿਨ੍ਹਾਂ ਦੋ ਸਲੋਕਾਂ (ਨੰ: ੨੮, ੨੯) ਵਿਚ ਕਾਠ ਦੀ ਰੋਟੀ ਦਾ ਜ਼ਿਕਰ ਆਉਂਦਾ ਹੈ, ਉਹ ਬਾਬਾ ਜੀ ਦੋ ਸਲੋਕਾਂ ਦੀ ਲੜੀ ਨੰ: ੨ ਵਿਚ ਹਨ । ਇਹ ਲੜੀ ਸਲੋਕ ਨੰ: ੧੬ ਤੋਂ ਚੱਲ ਕੇ ਨੰ: ੩੬ ਤਕ ਅੱਪੜਦੀ ਹੈ । ਇਸ ਵਿਚ ਦਰਵੇਸ਼-ਗ੍ਰਿਹਸਤੀ ਦੇ ਲੱਛਣ ਦਿੱਤੇ ਗਏ ਹਨ, ਜੋ ਇਉਂ ਹਨ-ਸਹਿਨ-ਸ਼ੀਲਤਾ, ਦੁਨਿਆਵੀ ਲਾਲਚ ਤੋਂ ਨਜਾਤ, ਇਕ ਰੱਬ ਦੀ ਆਸ, ਖ਼ਲਕਤ ਦੀ ਸੇਵਾ, ਕਿਸੇ ਦਾ ਦਿਲ ਨਾ ਦੁਖਾਉਣਾ, ਹੱਕ ਦੀ ਕਮਾਈ ਤੇ ਰੱਬ ਦੀ ਯਾਦ । ਉਹ ਦੋਵੇਂ ਸਲੋਕ ਇਉਂ ਹਨ:
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥
ਜਿਨ੍ਹਾ ਖਾਧੀ ਚੋਪੜੀ, ਘਣੇ ਸਹਨਿਗੇ ਦੁਖ ॥੨੮॥
ਰੁਖੀ ਸੁਖੀ ਖਾਇ ਕੈ, ਠੰਢਾ ਪਾਣੀ ਪੀਉ ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥