ਇਹਨਾਂ ਦੋਹਾਂ ਸਲੋਕਾਂ ਦੇ ਲਫ਼ਜ਼ਾਂ ਨੂੰ ਗਹੁ ਨਾਲ ਵੇਖੋ। "ਮੇਰੀ ਕਾਠ ਕੀ ਰੋਟੀ”, "ਮੇਰੀ ਰੁਖ ਲਾਵਣੁ", "ਰੁਖੀ ਸੁਖੀ" ਅਤੇ "ਪਰਾਈ ਚੋਪੜੀ" । ਜਿਸ ਰੋਟੀ ਨੂੰ ਨੰ: ੨੮ ਵਿਚ "ਕਾਠ ਕੀ" ਕਿਹਾ ਹੈ, ਉਸੇ ਨੂੰ ਨੰ: ੨੯ ਵਿਚ "ਰੁਖੀ ਸੁਖੀ" ਆਖਦੇ ਹਨ; ਇਸ ਰੋਟੀ ਨੂੰ "ਪਰਾਈ ਚੋਪੜੀ" ਨਾਲੋਂ ਚੰਗਾ ਦੱਸ ਰਹੇ ਹਨ । ਚੋਪੜੀ "ਪਰਾਈ" ਨਾਲੋਂ ਆਪਣੀ ਕਮਾਈ ਹੋਈ ਰੁਖੀ ਸੁਖੀ ਚੰਗੀ ਕਹਿੰਦੇ ਹਨ । ਮਸਾਲੇ ਆਦਿਕ ਵਰਤ ਕੇ 'ਭੁਖ' ਤਿੱਖੀ ਕਰਨ ਨਾਲੋਂ ਕਿਰਤ ਕਾਰ ਕਰਨ ਪਿਛੋਂ ਪੈਦਾ ਹੋਈ ਕੁਦਰਤੀ ਭੁੱਖ ਲੱਗਾ ਤੇ ਇਸ ਭੁਖ ਨਾਲ ਆਪਣੀ ਹੱਕ ਦੀ ਕਮਾਈ ਹੋਈ ਰੋਟੀ "ਕਾਠ ਦੀ ਰੋਟੀ" ਕਾਠ ਵਾਂਗ ਸੁੱਕੀ ਰੋਟੀ, "ਰੁਖੀ ਸੁਖੀ" ਰੋਟੀ ਭੀ ਸੁਆਦਲੀ ਲੱਗਦੀ ਹੈ।