ਦੀ ਆਪਣੀ ਬਾਣੀ ਰਤਾ ਗਹੁ ਨਾਲ ਪੜ੍ਹ ਕੇ ਵੇਖੋ ਖਾਂ। ਇਹ ਜ਼ਿਆਦਾ-ਤਰ ਕਿਸ ਬੋਲੀ ਵਿਚ ਹੈ ? ਪੰਜਾਬੀ ਬੋਲੀ ਵਿਚ ਨਹੀਂ ਹੈ । ਬਹੁਤੀ ਤਕਰੀਬਨ ਹਿੰਦੀ ਹੀ ਹੈ । ਕਿਉਂ ? ਇਸੇ ਵਾਸਤੇ ਕਿ ਉਹ ਆਪਣੇ ਖ਼ਿਆਲਾਂ ਨੂੰ ਸਾਰੇ ਭਾਰਤ ਵਿਚ ਅਪੜਾਉਣਾ ਚਾਹੁੰਦੇ ਸਨ।
ਅਸੀਂ ਹੁਣ ਤਕ ਇਹ ਵਿਚਾਰ ਚੁਕੇ ਹਾਂ ਕਿ ਜੋ ਭਗਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਭਗਤਾਂ ਦੀ ਉਚਾਰੀ ਹੋਈ ਅਮਲੀ ਬਾਣੀ ਉਹੀ ਹੈ । ਭਗਤਾਂ ਦੇ ਆਪਣੇ ਵਤਨ ਵਿਚ ਅਦਲਾ-ਬਦਲੀ ਹੋਣੀ ਸੰਭਵ ਹੋ ਸਕਦੀ ਸੀ ਤੇ ਸ਼ਾਇਦ ਹੋਈ ਹੋਵੇਗੀ । ਹੁਣ ਅਸਾਂ ਇਹ ਵੇਖਣਾ ਹੈ ਕਿ ਸਤਿਗੁਰੂ ਜੀ ਨੇ ਕਿਨ੍ਹਾਂ ਹਾਲਾਤ ਵਿਚ ਇਹ ਬਾਣੀ ਇਕੱਠੀ ਕੀਤੀ ਸੀ । 'ਤਵਾਰੀਮ ਗੁਰੂ ਖਾਲਸਾ' ਤੇ "ਮੈਕਾਲਿਫ਼" ਨੇ ਤਾਂ ਇਹੀ ਲਿਖਿਆ ਹੈ ਕਿ ਇਹ ਕੰਮ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ; ਪਰ, ਗੁਰਬਾਣੀ ਦੀ ਅੰਦਰਲੀ ਗਵਾਹੀ ਇਸ ਖ਼ਿਆਲ ਨਾਲ ਮੇਲ ਨਹੀਂ ਖਾਂਦੀ । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਤਿਹਾਸ ਕੌਮਾਂ ਦੀ ਜਿੰਦ-ਜਾਨ ਹੋਇਆ ਕਰਦਾ ਹੈ, ਤੇ ਇਤਿਹਾਸਕਾਰਾਂ ਦੀ ਮਿਹਨਤ ਸਦਾ ਆਦਰ-ਸਤਿਕਾਰ ਦੀ ਹੱਕਦਾਰ ਹੁੰਦੀ ਹੈ । ਪਰ ਇਹ ਗੱਲ ਵੀ ਅੱਖਾਂ ਤੋਂ ਉਹਲੇ ਨਹੀਂ ਕੀਤੀ ਜਾ ਸਕਦੀ ਕਿ ਸਿੱਖ ਧਰਮ ਦਾ ਅਸਲ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਤਿਹਾਸ ਦੇ ਜਿਹੜੇ ਵਰਕੇ ਇਸ ਦੇ ਨਾਲ ਮੇਲ ਨਹੀਂ ਖਾਂਦੇ, ਉਹਨਾਂ ਨੂੰ ਗੁਰਬਾਣੀ ਦੀ ਗਵਾਹੀ ਦੇ ਟਾਕਰੇ ਤੇ ਬਰਾਬਰ ਦੀ ਥਾਂ ਨਹੀਂ ਦਿੱਤੀ ਜਾ ਸਕੇਗੀ । ਪਰ, ਇਸ ਦਾ ਇਹ ਭਾਵ ਨਹੀਂ ਕਿ ਇਤਿਹਾਸ ਜਾਂ ਇਤਿਹਾਸਕਾਰ ਦੀ ਕੋਈ ਨਿਰਾਦਰੀ ਕੀਤੀ ਗਈ ਹੈ।