ਭਗਤ-ਬਾਣੀ ਦਾ ਸੰਬੰਧ ਗੁਰਬਾਣੀ ਨਾਲ
ਕਦੋਂ ਤੋਂ ?
ਭਗਤ-ਬਾਣੀ ਦਾ ਸੰਬੰਧ ਗੁਰਬਾਣੀ ਨਾਲ ਕਦੋਂ ਤੋਂ ਬਣਿਆ ਹੈ, ਇਹ ਗੱਲ ਲੱਭਣ ਲਈ ਹਰੇਕ ਭਗਤ ਦੀ ਬਾਣੀ ਤੇ ਵੱਖੋ ਵੱਖ ਵਿਚਾਰ ਕਰਨੀ ਪਏਗੀ । ਸੋ, ਸਭ ਤੋਂ ਪਹਿਲਾਂ ਅਸੀ ਸਤਿਗੁਰੂ ਜੀ ਦੀ ਆਪਣੀ ਹੀ ਜੰਮਣ-ਭੁਇ ਦੇ ਵਸਨੀਕ ਬਾਬਾ ਫ਼ਰੀਦ ਜੀ ਦੀ ਬਾਣੀ ਵੇਖੀਏ । ਜੇ ਸਾਖੀ ਵੱਲ ਭੀ ਜਾਈਏ ਤਾਂ "ਪੁਰਾਤਨ ਜਨਮ ਸਾਖੀ" ਵਾਲੇ ਨੇ ਸਾਫ਼ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਪਾਕਪਟਨ ਗਏ; ਬਾਬਾ ਫ਼ਰੀਦ ਜੀ ਦੀ ਗੱਦੀ ਉਤੇ ਯਾਰਵੇਂ ਥਾਂ ਬੈਠੇ ਸ਼ੇਖ ਬ੍ਰਹਮ ਨੂੰ ਮਿਲੇ, ਤੇ ਉਸ ਪਾਸੋਂ ਸ਼ੇਖ ਫ਼ਰੀਦ ਜੀ ਦੀ ਬਾਣੀ ਸੁਣੀ । ਨਿਰੀ ਸੁਣੀ ਹੀ ਨਹੀਂ, ਫ਼ਰੀਦ ਜੀ ਦੇ ਕਈ ਬਤਨਾਂ ਬਾਰੇ ਆਪਣੇ ਖ਼ਿਆਲ ਭੀ ਪਰਗਟ ਕੀਤੇ । ਪੁਸਤਕ 'ਗੁਰਬਾਣੀ ਤੇ ਇਤਿਹਾਸ ਬਾਰੇ (ਕੁਝ ਹੋਰ ਧਾਰਮਿਕ ਲੇਖ) ਦੇ ਪਹਿਲੇ ਲੇਖ ਵਿਚ ਅਸੀ ਦੱਸ ਚੁਕੇ ਹਾਂ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਚਾਰੀ ਹੋਈ ਥਾਣੀ ਸਦਾ ਆਪ ਹੀ ਲਿਖ ਕੇ ਆਪਣੇ ਪਾਸ ਸਾਂਭ ਕੇ ਰੱਖਦੇ ਰਹੇ ਸਨ । ਪਾਕਪਟਨ ਵਿਚ ਉਚਾਰੀ ਹੋਈ ਬਾਣੀ ਵਾਸਤੇ ਇਸ ਨਿਯਮ ਦੇ ਉਲੰਘਣ ਦੀ ਕੋਈ ਲੋੜ ਨਹੀਂ ਸੀ ਹੋ ਸਕਦੀ; ਭਾਵ, ਪਾਕਪਟਨ ਵਿਚ ਉਚਾਰੀ ਹੋਈ ਬਾਣੀ ਭੀ ਸਤਿਗੁਰੂ ਜੀ ਨੇ ਆਪ ਹੀ ਲਿਖ ਕੇ ਆਪਣੇ ਪਾਸ ਰੱਖੀ ਹੋਵੇਗੀ । ਪਰ, ਜੋ ਬਾਣੀ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਵਿਚ ਉਚਾਰੀ, ਉਸ ਵਿਚ ਤੇ ਬਾਬਾ ਫਰੀਦ ਜੀ ਦੀ ਕੁਝ ਬਾਣੀ ਵਿਚ ਬੜੀ ਡੂੰਘੀ ਤੇ ਨੇੜੇ ਦੀ ਸਾਂਝ ਹੈ । ਇਹ ਮੰਨਣਾ ਹੀ ਪਵੇਗਾ ਕਿ ਬਾਬਾ ਫਰੀਦ ਜੀ ਦੇ ਜਿਨ੍ਹਾਂ ਬਚਨਾਂ ਦੇ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਉਚਾਰੀ ਸੀ ਤੇ ਲਿਖ ਕੇ ਆਪਣੇ ਪਾਸ ਰੱਖ ਲਈ ਸੀ, ਉਹ ਬਚਨ ਭੀ ਸਤਿਗੁਰੂ ਜੀ ਨੇ ਜ਼ਰੂਰ ਲਿਖ ਕੇ ਰੱਖ ਲਏ ਹੋਣਗੇ, ਕਿਉਂਕਿ ਜੋ ਸੁੰਦਰਤਾ ਦਾ ਝਲਕਾਰਾ ਉਹਨਾਂ ਨੂੰ ਇਕੱਠੇ ਰਲਾ ਕੇ ਪੜ੍ਹਿਆਂ ਵੱਜਦਾ ਹੈ, ਉਹ ਵੱਖੋ ਵੱਖ ਪੜ੍ਹਿਆਂ ਨਹੀਂ ਵੱਜਦਾ । ਇਸ ਗੱਲ ਨੂੰ ਪ੍ਰਤੱਖ ਵੇਖਣ ਅਤੇ ਸਮਝਣ ਲਈ ਦੋਹਾਂ ਮਹਾਂ ਉੱਤਮ ਵਿਅਕਤੀਆਂ ਦੇ ਸਲੋਕ ਤੇ ਸ਼ਬਦ ਰਲਾ