ਫ਼ਰੀਦ ਜੀ ਨੇ ਜਿਸ 'ਰਤੂ' ਦਾ ਜ਼ਿਕਰ ਇਸ ਸਲੋਕ ਵਿਚ ਕੀਤਾ ਹੈ, ਉਸ ਨੂੰ ਆਪਣੇ ਪਹਿਲੇ ਸਲੋਕ ਨੰ: 10 ਵਿਚ ਸਮਝਾ ਤਾਂ ਦਿਤਾ ਹੈ, ਪਰ ਇਸ਼ਾਰੇ-ਮਾਤਰ ਹੀ ਲਫ਼ਜ਼ 'ਦਿਲਿ ਕਤੀ' ਦੀ ਰਾਹੀਂ ਆਪ ਲਿਖਦੇ ਹਨ:
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ, ਗੁਰੁ ਵਾਤਿ ॥
ਬਾਹਰਿ ਦਿਸੈ ਚਾਨਣਾ, ਦਿਲਿ ਅੰਧਿਆਰੀ ਰਾਤਿ ॥੫੦॥
ਗੁਰੂ ਅਮਰਦਾਸ ਜੀ ਨੇ ਇਹ ਖ਼ਿਆਲ ਵਧੀਕ ਖੁਲ੍ਹਾ ਕਰ ਕੇ ਆਪਣੇ ਸਲੋਕ ਵਿਚ ਬਿਆਨ ਕਰ ਦਿਤਾ ਹੈ:
ਮ: ੩- ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੈਨੁ ਨ ਹੋਇ ॥
ਜੋ ਸਹ ਰਤੇ ਆਪਣੇ, ਤਿਤੁ ਤਨਿ ਲੋਭੁ ਰਤੁ ਨ ਹੋਇ॥
ਤੇ ਪਇਐ ਤਨੁ ਖੀਣੁ ਹੋਇ, ਲੋਭੁ ਰਤੁ ਵਿਚਹੁ ਜਾਇ ॥
ਜਿਉ ਬੈਸੰਤਰਿ ਧਾਤੁ ਸੁਧੁ ਹੋਇ, ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
ਨਾਨਕ ਤੇ ਜਨ ਸੋਹਣੇ, ਜਿ ਰਤੇ ਹਰਿ ਰੰਗੁ ਲਾਇ ॥੫੨॥
(੨) ਫ਼ਰੀਦ ਜੀ:
ਫਰੀਦਾ ਪਾੜਿ ਪਟੌਲਾ ਧਜ ਕਰੀ, ਕੰਬਲੜੀ ਪਹਿਰੇਉ॥
ਜਿਨ੍ਹੀ ਵੇਸੀ ਸਹੁ ਮਿਲੇ, ਸੇਈ ਵੇਸ ਕਰੇਉ ॥੧੦੩॥
ਫ਼ਰੀਦ ਜੀ ਦਾ ਇਹ ਭਾਵ ਉਹੀ ਹੋ ਜੋ ਉਹਨਾਂ ਨੇ ਸਲੋਕ ਨੰ: ੧੧੯ ਵਿਚ ਦੱਸਿਆ ਹੈ, ਪਰ ਮਤਾਂ ਕੋਈ ਮਨੁੱਖ ਇਹ ਸਮਝ ਲਏ ਕਿ ਫਰੀਦ ਜੀ ਰੱਬ ਦੇ ਮਿਲਣ ਲਈ ਫ਼ਕੀਰੀ ਪਹਿਰਾਵਾ ਜ਼ਰੂਰੀ ਖ਼ਿਆਲ ਕਰਦੇ ਹਨ, ਗੁਰੂ ਅਮਰਦਾਸ ਜੀ ਨੇ ਇਹ ਭੁਲੇਖਾ ਦੂਰ ਕਰਨ ਲਈ ਇਸ ਦੇ ਨਾਲ ਆਪਣਾ ਸਲੋਕ ਦਰਜ ਕਰ ਦਿਤਾ ਹੈ:
ਮ: ੩- ਕਾਇ ਪਟੋਲਾ ਪਾੜਤੀ, ਕੰਬਲੜੀ ਪਹਿਰੇਇ ॥
ਨਾਨਕ ਘਰ ਹੀ ਬੈਠਿਆ ਸਹੁ ਮਿਲੈ, ਜੇ ਨੀਅਤਿ ਰਾਸ ਕਰੇਇ ॥੧੦੪॥
(੩) ਫ਼ਰੀਦ ਜੀ:
ਫਰੀਦਾ ਕਾਲੀ ਜਿਨੀ ਨ ਰਾਵਿਅ ਧਉਲੀ ਰਾਵੈ ਕੋਇ ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥