

ਸੰਖੇਪ ਭਾਵ
(੧) (ਸਲੋਕ ਨੰ: ੧ ਤੋਂ ੧੫ ਤਕ)-ਮਨੁੱਖ ਮਿਥੇ ਹੋਏ ਦਿਨ ਲੈ ਕੇ 'ਦਰਵੇਸ਼ੀ' ਲਈ ਆਉਂਦਾ ਹੈ, ਪਰ, ਮਾਇਆ ਦੇ ਮੋਹ ਦੀ ਪੋਟਲੀ ਇਸ ਨੂੰ ਨਿੰਦਾ ਵੈਰ ਆਦਿਕ ਵਾਲੇ ਕੁਰਾਹੇ ਪਾ ਦੇਂਦੀ ਹੈ ।
(੨) (ਸਲੋਕ ਨੰ: ੧੬ ਤੋਂ ੩੬)-ਸਹਿਨ-ਸ਼ੀਲਤਾ, ਦੁਨਿਆਵੀ ਲਾਲਚ ਤੋਂ ਨਜਾਤ, ਇਕ ਰੱਬ ਦੀ ਆਸ, ਖਲਕਤ ਦੀ ਸੇਵਾ, ਹੱਕ ਦੀ ਕਮਾਈ, ਤੇ ਰੱਬ ਦੀ ਯਾਦ-ਇਹ ਹਨ ਲੱਛਣ ਦਰਵੇਸ਼' ਦੇ । ਐਸੇ 'ਦਰਵੇਸ਼' ਨੂੰ ਜੰਗਲ ਵਿਚ ਜਾਣ ਦੀ ਲੋੜ ਨਹੀਂ ਪੈਂਦੀ, ਘਰ ਵਿਚ ਹੀ ਉਹ ਰੱਬ ਨੂੰ ਮਿਲ ਪੈਂਦਾ ਹੈ ।
(੩) (ਸਲੋਕ ਨੰ: ੩੭ ਤੋਂ ੬੫)-ਮਾਇਆ ਦੀ ਖ਼ਾਤਰ ਭਟਕਦਿਆਂ ਸਾਰੀ ਉਮਰ ਖ਼ੁਆਰੀ ਵਿਚ ਲੰਘਦੀ ਹੈ, ਮਾਇਆ ਭੀ ਇਥੇ ਰਹਿ ਜਾਂਦੀ ਹੈ । ਜਿਤਨਾ ਚਿਰ ਮਾਇਆ ਦਾ ਲਾਲਚ ਮੌਜੂਦ ਹੈ, ਧਾਰਮਿਕ ਭੇਖ ਤੇ ਆਹਰ 'ਦਰਵੇਸ਼ੀ' ਜੀਵਨ ਨੂੰ ਸਗੋਂ ਘੁੱਟ ਦੇਂਦੇ ਹਨ; ਉਸ ਦਾ ਪਲ੍ਹਰਨਾ ਔਖਾ ਹੋ ਜਾਂਦਾ ਹੈ ।
(੪) (ਸਲੋਕ ਨੰ: ੬੬ ਤੋਂ ੯੨ ਤਕ-ਇਥੇ ਹੀ ਰਹਿ ਜਾਣ ਵਾਲੀ ਮਾਇਆ ਦੇ ਕਾਰਨ ਅਹੰਕਾਰੀ ਹੋਇਆ ਮਨੁੱਖ ਜਿੰਦਗੀ ਨੂੰ ਇਤਨਾ ਦੋਜ਼ਕ ਬਣਾ ਦੇਂਦਾ ਹੋ ਕਿ ਜੀਉਣ ਦਾ ਚਾ ਹੀ ਮੁੱਕ ਜਾਂਦਾ ਹੈ, ਦਿਨ ਰਾਤ ਦੁੱਖਾਂ ਵਿਚ ਬੀਤਦੇ ਹਨ, ਮਨ-ਮੋਹਣੇ ਪਦਾਰਥਾਂ ਦੇ ਚਸਕੇ ਸਰੀਰ ਦਾ ਸੱਤਿਆਨਾਸ ਕਰ ਦੇਂਦੇ ਹਨ । ਇਹ ਜੀਵਨ ਅਸਲ ਵਿਚ 'ਦਰਵੇਸ਼ੀ' ਕਮਾਉਣ ਲਈ ਮਿਲਿਆ ਹੈ। ਜੋ ਮਨੁੱਖ ਪ੍ਰਭੂ-ਪਿਆਰ ਵਿਚ ਜੁੜਦਾ ਹੈ ਉਸ ਨੂੰ ਵਿਸ਼ੇ-ਭੋਗ ਸਤਾਂਦੇ ਨਹੀਂ; ਉਹ ਸੁਖੀ ਹੋ ਜਾਂਦਾ ਹੈ ।
(੫) (ਸਲੋਕ ਨੰ: ੯੩ ਤੋਂ ੧੩੦ ਤਕ)—ਦੂਜਿਆਂ ਨੂੰ ਮਰਦਿਆਂ ਵੇਖ ਕੇ ਭੀ ਸੁਆਰਥ ਵਿਚ ਫਸਿਆ ਮਨੁੱਖ ਰੱਬ ਨੂੰ ਚੇਤੇ ਨਹੀਂ ਕਰਦਾ । ਅਜਿਹੇ ਮਨੁੱਖ ਨਾਲੋਂ ਪੰਛੀ ਚੰਗੇ; ਅਜਿਹੇ ਮਹਲ-ਮੜੀਆਂ ਨਾਲੋਂ ਛਕੀਰੀ ਚੰਗੀ । ਉਂਜ ਘਰ-ਘਾਟ ਛੱਡਣ ਦੀ ਲੋੜ ਨਹੀਂ ਹੈ, ਘਰ ਵਿਚ ਰਹਿੰਦਿਆਂ ਹੀ 'ਦਰਵੇਸ਼ੀ' ਕਮਾਣੀ ਹੈ। ਉਹ 'ਦਰਵੇਸ਼ੀ' ਇਹ ਹੈ-ਅੰਮ੍ਰਿਤ ਵੇਲੇ ਪ੍ਰਭੂ ਦੀ ਯਾਦ, ਇਕ ਰੱਬ ਦੀ ਆਸ, ਨਿਮ੍ਰਤਾ, ਸਹਿਨ ਸ਼ੀਲਤਾ, ਤੇ ਕਿਸੇ ਦਾ ਦਿਲ ਨਾ ਦੁਖਾਉਣਾ ।