

ਨੋਟ: ਵਿਆਹ ਹੋ ਜਾਣ ਤੇ ਜਦੋਂ-ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਂਦੀ ਹੈ, ਤਾਂ ਲਾੜੇ ਵਾਲੇ ਘਰ ਦੀਆਂ ਜ਼ਨਾਨੀਆਂ ਪਰਾਤ ਆਦਿਕ ਕਿਸੇ ਖੁਲ੍ਹੇ ਚੋੜੇ ਭਾਂਡੇ ਵਿਚ ਬਹੁਤ ਸਾਰੇ ਤਿਲ ਪਾ ਲਿਆਉਂਦੀਆਂ ਹਨ । ਪਹਿਲਾਂ ਲਾੜਾ ਆਪਣਾ ਬੁੱਕ ਭਰ ਕੇ ਵਹੁਟੀ ਦੇ ਥੁੱਕ ਵਿਚ ਪਾਂਦਾ ਹੈ, ਫਿਰ ਵਹੁਟੀ ਬੁੱਕ ਭਰ ਕੇ ਪਤੀ ਦੇ ਬੁੱਕ ਵਿਚ ਪਾਂਦੀ ਹੈ। ਇਸ ਰਸਮ ਨੂੰ "ਤਿਲ ਭੱਲੇ" ਜਾਂ "ਤਿਲ-ਵੇਤਰੇ" ਕਹਿੰਦੇ ਹਨ। ਪਤੀ ਨਾਲ "ਤਿਲ-ਵੇਤਰੇ" ਖੇਡ ਚੁਕਣ ਤੇ ਵਹੁਟੀ ਆਪਣੀਆਂ ਨਨਾਣਾਂ ਤੇ ਦਿਰਾਣੀਆਂ ਜਿਠਾਣੀਆਂ ਨਾਲ 'ਤਿਲ-ਵੇਤਰੇ' ਖੇਡਦੀ ਹੈ । ਇਸ ਰਸਮ ਦਾ ਭਾਵ ਇਹਲਿਆ ਜਾਂਦਾ ਹੈ ਕਿ ਨਵੀਂ ਆਈ ਵਹੁਟੀ ਦਾ ਦਿਲ ਨਵੇਂ ਪਰਵਾਰ ਵਿਚ ਸਭ ਨਾਲ ਰਚ-ਮਿਚ ਜਾਏ । ਲਹਿੰਦੇ ਪੰਜਾਬ ਵਿਚ ਇਸ ਰਸਮ ਦਾ ਹਿੰਦੂ ਘਰਾਂ ਵਿਚ ਆਮ ਰਿਵਾਜ ਸੀ । ਫ਼ਰੀਦ ਜੀ ਇਸ ਰਸਮ ਵਲ ਇਸ਼ਾਰਾ ਕਰ ਕੇ ਸਲੋਕ ਨੰ: ੪ ਵਿਚ ਫੁਰਮਾਉਂਦੇ ਹਨ ਕਿ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਦੇ ਸਾਰੇ ਪਰਵਾਰ (ਖ਼ਲਕਤ) ਨਾਲ ਬਾਲ-ਸੁਭਾਵ ਬਣ ਕੇ ਪਿਆਰ ਕਰਨਾ ਹੈ।
ਇਸੇ ਤਰ੍ਹਾਂ ਇਕ ਹੋਰ ਰਸਮ ਹੈ ਜਿਸ ਨੂੰ 'ਗੰਢ ਚਿਤਾਵਾਂ' ਆਖਦੇ ਹਨ । ਜਦੋਂ ਨਵੀਂ ਵਿਆਹੀ ਕੁੜੀ ਆਪਣੇ ਪੇਕੇ ਘਰੋਂ ਵਿਦਾ ਹੋਣ ਲਗਦੀ ਹੈ, ਤਾਂ ਪਹਿਲਾਂ ਕੁੜੀ ਮੁੰਡੇ ਦੋਹਾਂ ਨੂੰ ਦਾਜ ਵਿਚ ਦਿਤੇ ਪਲੰਘ ਤੇ ਬਿਠਾ ਕੇ ਉਹਨਾਂ ਦੇ ਦੁਪੱਟਿਆਂ ਦੀ ਗੰਢ ਬੰਨ੍ਹ ਦੇਂਦੇ ਹਨ । ਘਰ ਦਾ ਪਰੋਹਤ ਉਸ ਵੇਲੋ ਕੁਝ ਸਲੋਕ ਪੜ੍ਹਦਾ ਹੈ । ਇਸ ਰਸਮ ਦਾ ਭਾਵ ਇਹ ਹੁੰਦਾ ਹੈ ਕਿ ਇਸ ਨਵੀਂ ਵਿਆਹੀ ਜੋੜੀ ਦਾ ਆਪੋ ਵਿਚ ਉਸੇ ਤਰ੍ਹਾਂ ਪੱਕਾ ਪਿਆਰ ਰਹੇ, ਜਿਵੇਂ ਇਹਨਾਂ ਦੇ ਦੁਪੱਟਿਆਂ ਦੀ ਪੱਕੀ ਗੰਢ ਪਾਈ ਗਈ ਹੈ। ਇਸ ਰਸਮ ਵਲ ਬਾਬਾ ਫ਼ਰੀਦ ਜੀ ਸਲੋਕ ਨੰ: ੫ ਵਿਚ ਇਸ਼ਾਰਾ ਕਰਦੇ ਹਨ:
ਜੇ ਜਾਣਾ ਲੜੁ ਛਿਜਟਾ, ਪੀਡੀ ਪਾਈਂ ਗੰਢਿ॥
ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥
ਪਦ ਅਰਥ: ਲਡੂ-ਪੱਲਾ । ਡਿਜਣਾ-ਟੁੱਟ ਜਾਣਾ ਹੈ । ਪੀਡੀ-ਪੱਕੀ। ਤੇ ਜੇਵਡ-ਤੇਰੇ ਜੇਡਾ । ਹੰਢ-ਫਿਰ ਕੇ ।
ਅਰਥ: (ਹੇ ਪਤੀ-ਪ੍ਰਭੂ!) ਜੋ ਮੈਨੂੰ ਸਮਝ ਹੋਵੇ ਕਿ (ਇਸ 'ਪੇਟਲੀ' ਦੇ ਕਾਰਨ ਤੇਰਾ ਫੜਿਆ ਹੋਇਆ) ਪੱਲਾ ਛਿੱਜ ਜਾਂਦਾ ਹੈ (ਭਾਵ, ਤੇਰੇ ਨਾਲੋਂ ਵਿੱਥ ਪੈ ਜਾਂਦੀ ਹੈ) ਤਾਂ ਮੈਂ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਵਾਂ । (ਹੇ ਸਾਈਂ!)