

ਅਰਥ: ਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸੋਂ ਸੋਂ ਕੇ) ਪਾਸੇ ਧੁਖ ਉਠਦੇ ਹਨ (ਇਸ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ), ਸੋ, ਜੋ ਲੋਕ ਦੂਜਿਆਂ ਦੀ . ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖੋ) ।२१।
ਫਰੀਦਾ ਜੇ ਮੈਂ ਹੋਦਾ ਵਾਰਿਆ ਮਿਤਾ ਆਇੜਿਆਂ ॥
ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥
ਪਦ ਅਰਥ: ਵਾਰਿਆ ਹੋਦਾ-ਲੁਕਾਇਆ ਹੁੰਦਾ। ਮਿਤਾ ਆਇੜਿਆਂ- ਆਏ ਮਿੱਤਰਾਂ ਤੋਂ । ਹੇੜਾ-ਸਰੀਰ, ਮਾਸ । ਮਜੀਠ ਜਿਉ-ਮਜੀਠ ਵਾਂਗ। ਜਲੈ-ਸੜਦਾ ਹੈ ।
ਅਰਥ: ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ ਤਾਂ ਮੇਰਾ ਸਰੀਰ (ਇਉਂ) ਸੜਦਾ ਹੋ ਜਿਵੇ ਬਲਦੇ ਕੋਲਿਆਂ ਉਤੇ ਮਜੀਠ (ਭਾਵ, ਘਰ ਆਏ ਕਿਸੇ ਅਭਿਆਗਤ ਦੀ ਸੇਵਾ ਕਰਨ ਤੋਂ ਜੇ ਕਦੇ ਮਨ ਖਿਸਕੇ ਤਾਂ ਜਿੰਦ ਨੂੰ ਬੜਾ ਦੁਖ ਪਰਤੀਤ ਹੁੰਦਾ ਹੈ) ।੨੨।
ਨੋਟ: ਉਪਰਲੇ ਦੋਹਾਂ ਸਲੋਕਾਂ ਵਿਚ ਮਨੁੱਖ ਨੂੰ ਜੀਊਣ ਦੀ ਜਾਚ ਸਿਖਾਂਦੇ . ਹੋਏ ਫ਼ਰੀਦ ਜੀ ਨੇ ਕਿਹਾ ਹੈ ਕਿ ਨਾ ਤਾਂ ਦੂਜਿਆਂ ਦੇ ਬੂਹੇ ਤੇ ਰੁਲਦਾ ਫਿਰ ਅਤੇ ਨਾ ਹੀ ਘਰ ਆਏ ਕਿਸੇ ਪਰਦੇਸੀ ਦੀ ਸੇਵਾ ਤੋਂ ਚਿੱਤ ਚੁਰਾ ।
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥
ਪਦ ਅਰਥ: ਬਿਜਉਰੀਆਂ-ਬਜੌਰ ਦੇ ਇਲਾਕੇ ਦੀ, (ਇਹ ਇਲਾਕਾ ਪਠਾਣੀ ਦੇਸ ਵਿਚ ਮਾਲਾਕੰਦ ਸਾਰ ਤੋਂ ਪਰੋ ਹੈ)। ਦਾਖਛੋਟਾ ਅੰਗੂਰ । ਕਿਕਰਿ-ਕਿਕਰੀਆਂ । ਹੰਢੇ-ਫਿਰਦਾ ਹੈ । ਪੈਧਾ ਲੋੜੈ-ਪਹਿਨਣਾ ਚਾਹੁੰਦਾ ਹੈ ।
ਅਰਥ: ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੇ ਜੱਟ ਕਿਕਰੀਆਂ ਬੀਜਦਾ ਹੈ, ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ; (ਸਾਰੀ ਉਮਰ) ਉੱਨ ਕਰਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ ।੨੩।