

ਲਫ਼ਜ਼ 'ਵਣਿ' ਨੂੰ ਭੀ ਕਿਸੇ 'ਸੰਬੰਧਕ' ਦੀ ਲੋੜ ਨਹੀਂ, ਇਸ ਦਾ ਅਰਥ ਹੈ 'ਵਣ ਵਿਚ' । ਸੋ ਲਫ਼ਜ਼ 'ਕੇ' ਦਾ ਕੋਈ ਸੰਬੰਧ ਲਫ਼ਜ਼ 'ਵਣਿ' ਦੇ ਨਾਲ ਨਹੀਂ ਹੈ ।ਸਹੀ ਪਦ-ਛੇਦ ਹੈ 'ਵਣਿ ਕੈਸਰ, ਭਾਵ ਜਗਤ-ਰੂਪ ਵਣ ਵਿਚ ਬਾਦਸ਼ਾਹ ।
ਕਈ ਸੱਜਣ 'ਘੜੇ' ਤੇ 'ਕੁਹਾੜੇ' ਦਾ ਆਪੇ ਵਿਚ ਸੰਬੰਧ ਸਮਝਣ ਵਿਚ ਔਕੜ ਮਹਿਸੂਸ ਕਰ ਰਹੇ ਹਨ । ਪਰ ਇਹ ਸਾਧਾਰਨ ਜਿਹੀ ਗੱਲ ਹੈ, ਜਿਸ ਮਜ਼ਦੂਰ ਨੇ ਸਾਰਾ ਦਿਨ ਕਿਸੇ ਜੰਗਲ ਵਿਚ ਜਾ ਕੇ ਕੰਮ ਕਰਨਾ ਹੈ, ਉਸ ਨੇ ਰੋਟੀ-ਪਾਣੀ ਦਾ ਪਰਬੰਧ ਭੀ ਘਰੋਂ ਹੀ ਕਰ ਕੇ ਤੁਰਨਾ ਹੈ । ਸਿੱਖ ਇਤਿਹਾਸ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਦੇ ਵੇਲੇ ਭਾਈ ਸਾਧੂ ਤੇ ਭਾਈ ਰੂਪੇ ਦੀ ਸਾਖੀ ਪ੍ਰਸਿਧ ਹੈ। ਇਹ ਭੀ ਜੰਗਲ ਵਿਚੋਂ ਲੱਕੜਾਂ ਕੱਟਣ ਦਾ ਕੰਮ ਕਰਦੇ ਸਨ । ਘਰੋਂ ਹੀ ਪਾਣੀ ਦਾ ਘੜਾ ਲਿਆ ਕੇ ਕਿਸੇ ਰੁੱਖ ਨਾਲ ਲਟਕਾ ਰੱਖਦੇ ਸਨ । ਇਕ ਦਿਨ ਗਰਮੀਆਂ ਦੇ ਰੁੜੇ ਇਹ ਪਾਣੀ ਬਹੁਤ ਹੀ ਠੰਢਾ ਵੇਖ ਕੇ ਭਾਈ ਸਾਧੂ ਤੇ ਭਾਈ ਰੂਪੇ ਦੇ ਦਿਲ ਵਿਚ ਤਾਂਘ ਪੈਦਾ ਹੋਈ ਕਿ ਆਪ ਪੀਣ ਤੋਂ ਪਹਿਲਾਂ ਇਹ ਠੰਢਾ ਪਾਣੀ ਗੁਰੂ ਹਰਿ ਗੋਬਿੰਦ ਸਾਹਿਬ ਨੂੰ ਭੇਟਾ ਕਰੀਏ। ਉਹਨੀਂ ਦਿਨੀਂ ਗੁਰੂ ਹਰਿ ਗੋਬਿੰਦ ਸਾਹਿਬ ਡਰੌਲੀ ਗਏ ਹੋਏ ਸਨ । ਦਿਲਾਂ ਦਾ ਦਿਲਾਂ ਨਾਲ ਮੇਲ ਹੁੰਦਾ ਹੈ। ਇਹਨਾਂ ਦੀ ਤੀਬਰ ਖਿੱਚ ਮਹਿਸੂਸ ਕਰ ਕੇ ਸਤਿਗੁਰੂ ਜੀ ਦੁਪਹਿਰ ਵੇਲੇ ਘੋੜੇ ਤੇ ਚੜ੍ਹ ਕੇ ਇਹਨਾਂ ਪਾਸ ਅਪੜੇ ਸਨ । ਜਿਸ ਇਲਾਕੇ ਵਿਚ ਬਾਬਾ ਫਰੀਦ ਜੀ ਰਹਿੰਦੇ ਸਨ ਓਧਰ ਗਰਮੀ ਬਹੁਤ ਹੈ, ਜੰਗਲ ਭੀ ਤਦੋਂ ਬੜੇ ਸਨ ਤੇ ਪਾਣੀ ਦਾ ਪਰਬੰਧ ਕਿਤੇ ਨੇੜੇ ਤੇੜੇ ਨਹੀਂ ਸੀ ਹੁੰਦਾ । ਫ਼ਰੀਦ ਜੀ ਨੇ ਉਹਨਾਂ ਜੰਗਲਾਂ ਵਿਚੋਂ ਲੱਕੜਾਂ ਕੱਟਣ ਵਾਲੇ ਲੋਹਾਰਾਂ ਨੂੰ ਕਈ ਵਾਰੀ ਘਰੋਂ ਹੀ ਪਾਣੀ ਦਾ ਘੜਾ ਲੈ ਜਾਂਦਿਆਂ ਵੇਖਿਆ ਹੋਵੇਗਾ।
ਅਰਥ : ਮੋਢੇ ਉੱਤੇ ਕੁਹਾੜਾ ਤੇ ਸਿਰ ਉੱਤੇ ਘੜਾ (ਰੱਖੀ) ਲੋਹਾਰ ਜੰਗਲ ਵਿਚ ਬਾਦਸ਼ਾਹ (ਬਣਿਆ ਹੁੰਦਾ) ਹੈ (ਕਿਉਂਕਿ ਜਿਸ ਰੁੱਖ ਤੇ ਚਾਹੇ, ਕੁਹਾੜਾ ਚਲਾ ਸਕਦਾ ਹੈ, ਇਸੇ ਤਰ੍ਹਾਂ ਮਨੁੱਖ ਜਗਤ-ਰੂਪ ਜੰਗਲ ਵਿਚ ਸਰਦਾਰ ਹੈ); ਹੋ ਫਰੀਦ ! ਮੈਂ ਤਾਂ (ਇਸ ਜਗਤ-ਰੂਪ ਜੰਗਲ ਵਿਚ) ਆਪਣੇ ਮਾਲਕ-ਪ੍ਰਭੂ ਨੂੰ ਨੂੰ ਲੱਭ ਰਿਹਾ ਹਾਂ, ਤੇ ਤੂੰ (ਹੇ ਜੀਵ ! ਨੇਹਾਰ ਵਾਂਗ) ਕੋਲੇ ਲੱਭ ਰਿਹਾ ਹੈਂ (ਭਾਵ, 'ਵਿਸੁ ਗੰਦਲਾਂ' ਰੂਪ ਕੋਲੇ ਲੱਭਦਾ ਹੈ) ।੪੩।
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥
ਅਗੈ ਗਏ ਸਿੰਞਾਪਸਨਿ ਚੈਟਾਂ ਖਾਸੀ ਕਉਣੁ ॥੪੪।।