

ਅਰਥ: ਹੇ ਫਰੀਦ! (ਆਖ- (ਹੇ ਦਾਈ!) ਜਿਸ ਦਿਨ ਮੇਰਾ ਨਾੜੂ ਕੱਟਿਆ ਸੀ, ਜੇ ਰਤਾ ਕੁ ਮੇਰਾ ਗੱਲ ਵੱਖ ਦੇਂਦੀਓਂ ਤਾਂ (ਮਨ ਦੇ ਇਹਨਾਂ ਟੋਇਆਂ ਟਿੱਬਿਆਂ ਦੇ ਕਾਰਨ) ਨਾ ਇਤਨੇ ਝੰਬੋਲੇ ਪੈਂਦੇ ਅਤੇ ਨਾ ਹੀ ਮੈਂ ਇਤਨੇ ਦੁਖ ਸਹਾਰਦਾ ।੭੬।
ਨੋਟ : ਕਈ ਸੱਜਣ ਬੜੀ ਕਾਹਲੀ ਵਿਚ ਆਖਣ ਲੱਗ ਪਏ ਹਨ ਕਿ ਫ਼ਰੀਦ ਜੀ ਦੇ ਸਲੋਕ ਪੜ੍ਹਿਆਂ ਇਉਂ ਜਾਪਦਾ ਹੈ ਜਿਵੇਂ ਬਾਬਾ ਜੀ ਦੁਨੀਆ ਤੋਂ ਬੜੇ ਅੱਕੇ ਪਏ ਸਨ ਤੇ ਉਹਨਾਂ ਦਾ ਇਹ ਸਲੋਕ ਢਹਿੰਦੇ ਪਾਸੇ ਵਲ ਲੈ ਜਾਂਦਾ ਹੈ । ਅਜਿਹੇ ਲੋਕ ਇਹ ਉਕਾਈ ਇਸ ਵਾਸਤੇ ਖਾ ਰਹੇ ਹਨ ਕਿ ਉਹ ਇਹਨਾਂ ਸਲੋਕਾਂ ਨੂੰ ਰਲਾ ਕੇ ਪੜ੍ਹਨਾ ਅਜੇ ਨਹੀਂ ਸਿੱਖੇ । ਸਲੋਕ ਨੰਬਰ ੭੪ ਤੋਂ ੭੬ ਤਕ ਰਲਾ ਕੇ ਪੜ੍ਹੋ, ਭਾਵ ਸਾਫ਼ ਹੈ ਕਿ ਇਕ ਦੂਜੇ ਤੋਂ ਨਫ਼ਰਤ ਕਰ ਕੇ ਲੋਕਾਂ ਨੇ ਜਗਤ ਨੂੰ ਨਰਕ ਬਣਾ ਦਿਤਾ ਹੈ । ਫਰੀਦ ਜੀ ਇਸ ਆਕੜ ਤੇ ਨਫ਼ਰਤ ਤੋਂ ਵਰਜ ਰਹੇ ਹਨ ।
ਚਬਣ ਚਲਣ ਰਤੰਨ, ਸੇ ਸੁਣੀਅਰ ਬਹਿ ਗਏ ॥
ਹੇੜੇ ਮੁਤੀ ਧਾਹ, ਸੇ ਜਾਨੀ ਚਲਿ ਗਏ ।॥੭੭॥
ਪਦ ਅਰਥ: ਚਬਣ-ਦੰਦ। ਚਲਣ-ਲੱਤਾਂ। ਰਤਨ-ਅੱਖਾਂ । ਸੁਣੀਅਰ-ਕੰਨ। ਸੇ—ਉਹ (ਜਿਨ੍ਹਾਂ ਦੇ ਮਾਣ ਤੇ ਮਨ ਵਿਚ ਟੋਏ ਟਿੱਬੇ ਬਣਾਏ ਹੋਏ ਸਨ, ਜਿਨ੍ਹਾਂ ਦੇ ਮਾਣ ਤੇ ਦੂਜਿਆਂ ਨੂੰ ਹੀਣੇ ਸਮਝਦੇ ਸਾਂ) । ਬਹਿ ਗਏ-ਬੈਠ ਗਏ, ਬਹਿਕਲ ਹੋ ਗਏ ਹਨ, ਕੰਮ ਕਰਨ ਤੋਂ ਰਹਿ ਗਏ ਹਨ। ਹੋੜੇ-ਸਰੀਰ ਨੇ । ਧਾਹ ਮੁਤੀ-ਢਾਹ ਮਾਰੀ । ਸੇ ਜਾਨੀ-ਉਹ ਮਿੱਤਰ (ਜਿਨ੍ਹਾਂ ਤੇ ਮਾਣ ਸੀ) ।
ਅਰਥ: (ਕਿਸ ਮਾਣ ਤੇ ਦੂਜਿਆਂ ਨੂੰ ਮਾੜਾ ਆਖਣਾ ਹੋਇਆ ? ਕਿਸ ਮਾਣ ਤੇ ਮਨ ਵਿਚ ਇਹ ਟੋਏ ਟਿੱਬੇ ਬਣਾਣੇ ਹੋਏ ?) ਉਹ ਦੰਦ, ਲੱਤਾਂ, ਅੱਖਾਂ ਤੇ ਕੰਨ (ਜਿਨ੍ਹਾਂ ਦੇ ਮਾਣ ਤੇ ਇਹ ਟੋਏ ਟਿੱਬੇ ਬਣੇ ਸਨ) ਕੰਮ ਕਰਨ ਰਹਿ ਗਏ ਹਨ । (ਇਸ) ਸਰੀਰ ਨੇ ਢਾਹ ਮਾਰੀ ਹੈ (ਭਾਵ, ਇਹ ਆਪਣਾ ਹੀ ਸਰੀਰ ਹੁਣ ਦੁਖੀ ਹੋ ਰਿਹਾ ਹੈ ਕਿ ਮੇਰੇ) ਉਹ ਮਿੱਤਰ ਤੁਰ ਗਏ ਹਨ (ਭਾਵ, ਕੰਮ ਦੇਣੋਂ ਰਹਿ ਗਏ ਹਨ ਜਿਨ੍ਹਾਂ ਤੇ ਮੈਨੂੰ ਮਾਣ ਸੀ) ੭੭।
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥